ਨਿਗਮ ਹੋਇਆ ਸਖਤ 5 ਦੁਕਾਨਾਂ, ਇਕ ਸ਼ੋਅਰੂਮ ਤੇ ਇਕ ਟਾਵਰ ਕੀਤਾ ਸੀਲ
Tuesday, Jun 26, 2018 - 12:34 AM (IST)
ਪਟਿਆਲਾ, (ਬਲਜਿੰਦਰ)- ਨਗਰ ਨਿਗਮ ਨੇ ਸ਼ਹਿਰ ਵਿਚ ਪ੍ਰਾਪਰਟੀ ਟੈਕਸ ਅਤੇ ਹਾਊਸ ਟੈਕਸ ਡਿਫਾਲਟਰਾਂ ਖਿਲਾਫ ਸਖਤੀ ਸ਼ੁਰੂ ਕਰ ਦਿੱਤੀ ਹੈ। ਨਿਗਮ ਦੀ ਪ੍ਰਾਪਰਟੀ ਟੈਕਸ ਬ੍ਰਾਂਚ ਨੇ ਅੱਜ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਅਤੇ ਜੁਆਇੰਟ ਕਮਿਸ਼ਨਰ ਅੰਕੁਰ ਮਹਿੰਦਰੂ ਦੇ ਨਿਰਦੇਸ਼ਾਂ ’ਤੇ ਨੋਟਿਸ ਜਾਰੀ ਕਰਨ ਤੋਂ ਬਾਅਦ ਕੋਈ ਉਚਿਤ ਜਵਾਬ ਨਾ ਦੇਣ ਵਾਲੇ 5 ਦੁਕਾਨਾਂ, ਇਕ ਸ਼ੋਅਰੂਮ ਤੇ ਇਕ ਟਾਵਰ ਨੂੰ ਸੀਲ ਕਰ ਦਿੱਤਾ ਹੈ।
ਪ੍ਰਾਪਰਟੀ ਟੈਕਸ ਬ੍ਰਾਂਚ ਦੇ ਸੁਪਰਡੈਂਟ ਰਮਿੰਦਰਪਾਲ ਸਿੰਘ ਦੀ ਅਗਵਾਈ ਹੇਠ ਗਈ ਟੀਮ ਨੇ ਰਾਜਪੁਰਾ ਰੋਡ, ਫੋਕਲ ਪੁਆਇੰਟ ਅਤੇ ਡੀ. ਸੀ. ਡਬਲਿਊ. ਰੋਡ ’ਤੇ ਇਨ੍ਹਾਂ ਨੇ ਪ੍ਰਾਪਰਟੀਆਂ ਨੂੰ ਸੀਲ ਕੀਤਾ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸੁਪਰਡੈਂਟ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਪ੍ਰਾਪਰਟੀਆਂ ਦੇ ਮਾਲਕਾਂ ਨੂੰ ਪਹਿਲਾਂ ਨੋਟਿਸ ਜਾਰੀ ਕੀਤੇ ਗਏ ਸਨ ਪਰ ਜਦੋਂ ਉਨ੍ਹਾਂ ਵੱਲੋਂ ਕੋਈ ਜਵਾਬ ਨਾ ਦਿੱਤਾ ਗਿਆ ਅਤੇ ਨਾ ਹੀ ਟੈਕਸ ਭਰਵਾਇਆ ਗਿਆ ਤਾਂ ਨਿਗਮ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਕਾਰਵਾਈ ਕਰਦਿਆਂ ਅੱਜ ਉਕਤ ਪ੍ਰਾਪਰਟੀ ਨੂੰ ਸੀਲ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪਹਿਲਾਂ ਇਨ੍ਹਾਂ ਪ੍ਰਾਪਰਟੀਆਂ ਨੂੰ ਪੰਜਾਬ ਮਿਉਂਸੀਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 137 ਅਤੇ 138 ਦੇ ਤਹਿਤ ਨੋਟਿਸ ਜਾਰੀ ਕੀਤੇ ਗਏ ਸਨ।
ਅੱਜ ਪੰਜਾਬ ਮਿਉਂਸੀਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 138 ਤਹਿਤ ਸੀਲਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਿਗਮ ਕਮਿਸ਼ਨਰ ਵੱਲੋਂ ਸਾਫ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਡਿਫਾਲਟਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਨਿਗਮ ਦੇ ਕਰੋਡ਼ਾਂ ਰੁਪਏ ਡਿਫਾਲਟਰਾਂ ਵੱਲ ਬਕਾਇਆ
ਨਗਰ ਨਿਗਮ ਦੇ ਕਰੋਡ਼ਾਂ ਰੁਪਏ ਡਿਫਾਲਟਰਾਂ ਵੱਲ ਬਕਾਇਆ ਹਨ। ਨਾ ਕੇਵਲ ਪ੍ਰਾਪਰਟੀ ਟੈਕਸ ਸਗੋਂ ਹਾਊਸ ਟੈਕਸ ਦੇ ਵੀ ਅਜੇ ਤੱਕ ਬਕਾਇਆ ਖਡ਼੍ਹੇ ਹਨ। ਸਾਲ 2013 ਵਿਚ ਹਾਊਸ ਟੈਕਸ ਹਟਾ ਕੇ ਪ੍ਰਾਪਰਟੀ ਟੈਕਸ ਲਾਇਆ ਗਿਆ ਸੀ। ਉਸ ਸਮੇਂ ਦੇ ਵੀ ਲਗਭਗ 3 ਕਰੋਡ਼ ਅਜੇ ਤੱਕ ਡਿਫਾਲਟਰਾਂ ਵੱਲ ਖਡ਼੍ਹੇ ਹਨ। ਇਸੇ ਤਰ੍ਹਾਂ ਪ੍ਰਾਪਰਟੀ ਟੈਕਸ ’ਤੇ ਵੀ ਵੱਡੀ ਗਿਣਤੀ ਵਿਚ ਬਕਾਏ ਡਿਫਾਲਟਰਾਂ ਵੱਲ ਖਡ਼੍ਹੇ ਹਨ।
500 ਡਿਫਾਲਟਰਾਂ ਨੂੰ ਨੋਟਿਸ ਜਾਰੀ
ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਬ੍ਰਾਂਚ ਵੱਲੋਂ ਪ੍ਰਾਪਰਟੀ ਟੈਕਸ ਜਮ੍ਹਾ ਨਾ ਕਰਵਾਉਣ ਵਾਲੇ 500 ਦੇ ਲਗਭਗ ਡਿਫਾਲਟਰਾਂ ਨੂੰ 137 ਅਤੇ 138 ਦੀ ਧਾਰਾ ਤਹਿਤ ਨੋਟਿਸ ਜਾਰੀ ਕੀਤੇ ਗਏ ਹਨ। ਇਨ੍ਹਾਂ ਨੂੰ ਨਿਰਧਾਰਤ ਸਮਾਂ ਦਿੱਤਾ ਗਿਆ ਹੈ ਤਾਂ ਕਿ ਉਹ ਇਸ ਸਮੇਂ ਦੌਰਾਨ ਆਪਣਾ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ। ਪ੍ਰਾਪਰਟੀ ਟੈਕਸ ਜਮ੍ਹਾ ਨਾ ਕਰਵਾਉਣ ਦੀ ਸੂਰਤ ਵਿਚ ਇਨ੍ਹਾਂ ਦੀ ਸੀਲਿੰਗ ਕੀਤੀ ਜਾਵੇਗੀ। ਨਗਰ ਨਿਗਮ ਵੱਲੋਂ ਲਗਾਤਾਰ ਡਿਫਾਲਟਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਲਈ ਬਾਕਾਇਦਾ ਸ਼੍ਰੇਣੀਆਂ ਬਣਾਈਆਂ ਗਈਆਂ ਹਨ। ਪਹਿਲੀ ਸ਼੍ਰੇਣੀ ਵਿਚ ਵੱਡੇ ਡਿਫਾਲਟਰਾਂ ਨੂੰ ਨੋਟਿਸ ਜਾਰੀ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਸੀਲਿੰਗਾਂ ਕੀਤੀਆਂ ਜਾ ਰਹੀਆਂ ਹਨ। ਉਸ ਤੋਂ ਬਾਅਦ ਮੱਧਮ ਦਰਜੇ ਦੀ ਡਿਫਾਲਟਰਾਂ ਦੀ ਵਾਰੀ ਹੈ। ਘੱਟ ਰਾਸ਼ੀ ਦੇ ਡਿਫਾਲਟਰਾਂ ਨੂੰ ਤੀਜੇ ਨੰਬਰ ’ਤੇ ਰੱਖਿਆ ਗਿਆ ਹੈ। ਸਾਰੀਆਂ ਕੈਟਾਗਰੀਆਂ ਵਿਚ ਲਗਾਤਾਰ ਨੋਟਿਸ ਜਾਰੀ ਅਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਪਰ ਵੱਡੇ ਡਿਫਾਲਟਰਾਂ ਖਿਲਾਫ ਕਾਰਵਾਈ ਨੂੰ ਪਹਿਲ ਦਿੱਤੀ ਜਾ ਰਹੀ ਹੈ।
