ਪੈਟਰੋਲ-ਡੀਜ਼ਲ ਵਾਂਗ ਜੇਕਰ ਰੋਟੀ ਵੀ ਕਾਰਪੋਰੇਟ ਦੇ ਕੰਟਰੋਲ ’ਚ ਆਈ ਤਾਂ ਜਿਊਣਾ ਮੁਸ਼ਕਿਲ ਹੋਵੇਗਾ : ਜਾਖੜ
Friday, Feb 12, 2021 - 04:08 PM (IST)
ਜਲੰਧਰ/ਅਬੋਹਰ (ਧਵਨ) : ਪੰਜਾਬ ਕਾਂਗਰਸ ਨੇ ਕੇਂਦਰ ਸਰਕਾਰ ਵਲੋਂ ਤੇਲ, ਰਸੋਈ ਗੈਸ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ’ਚ ਕੀਤੇ ਜਾ ਰਹੇ ਬੇ ਹਿਸਾਬ ਵਾਧੇ ਖ਼ਿਲਾਫ਼ ਬਿਗੁਲ ਵਜਾ ਦਿੱਤਾ ਹੈ ਅਤੇ ਇਸ ਦੀ ਸ਼ੁਰੂਆਤ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਹਲਕੇ ਅਬੋਹਰ ’ਚ ਕੀਤੇ ਗਏ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਨਾਲ ਕੀਤੀ। ਉਨ੍ਹਾਂ ਨੇ ਮੋਦੀ ਸਰਕਾਰ ਦੀਆਂ ਨੀਤੀਆਂ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਇਸ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਕਾਰਣ ਸਮਾਜ ਦਾ ਹਰ ਵਰਗ ਦੁਖੀ ਹੈ। ਵਾਅਦਾ ਖ਼ਿਲਾਫ਼ ਪਾਰਟੀ ਨੂੰ ਸਬਕ ਸਿਖਾਉਣ ਦਾ ਮੌਕਾ ਆ ਗਿਆ ਹੈ। ਜਾਖੜ ਨੇ ਕਿਹਾ ਕਿ 2014 ’ਚ ਜਦ ਕਾਂਗਰਸ ਨੇ ਕੇਂਦਰ ’ਚੋਂ ਸੱਤਾ ਛੱਡੀ ਸੀ ਤਾਂ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀ ਕੀਮਤ 104 ਡਾਲਰ ਪ੍ਰਤੀ ਬੈਰਲ ਸੀ । ਹੁਣ ਇਹ ਲਗਭਗ 60 ਡਾਲਰ ਪ੍ਰਤੀ ਬੈਰਲ ਹੈ ਫਿਰ ਵੀ ਕੀਮਤਾਂ ’ਚ ਇਜ਼ਾਫਾ ਕੀਤਾ ਜਾ ਰਿਹਾ ਹੈ, ਜਿਸ ਕਾਰਣ ਪੰਜਾਬ ਦੇ ਖਪਤਕਾਰਾਂ ’ਤੇ ਹਰ ਮਹੀਨੇ 750 ਕਰੋੜ ਦਾ ਆਰਥਿਕ ਬੋਝ ਪੈ ਰਿਹਾ ਹੈ। ਕੇਂਦਰੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਇਸ ਸਥਿਤੀ ਲਈ ਕੰਪਨੀਆਂ ਨੂੰ ਜ਼ਿੰਮੇਵਾਰ ਦੱਸ ਰਹੇ ਹਨ, ਜਦਕਿ ਇਲ ਗੋਲਮਾਲ ’ਚ ਸਿੰਧੇ ਤੌਰ ’ਤੇ ਕੇਂਦਰ ’ਚ ਕਾਬਜ਼ ਭਾਜਪਾ ਸਰਕਾਰ ਬਰਾਬਰ ਦੀ ਹਿੱਸੇਦਾਰ ਹੈ। ਜੇਕਰ ਇਨ੍ਹਾਂ ਕਾਰਪੋਰੇਟ ਕੰਪਨੀਆਂ ਦੇ ਕੰਟਰੋਲ ’ਚ ਖੇਤੀ ਸੈਕਟਰ ਵੀ ਆ ਗਿਆ ਤਾਂ ਖਪਤਾਕਾਰਾਂ ’ਚ ਹਾਹਾਕਾਰ ਮੱਚ ਜਾਵੇਗੀ।
ਇਹ ਵੀ ਪੜ੍ਹੋ : ਕਾਂਗਰਸ ਡਰਾ, ਧਮਕਾ ਕੇ ਕਰ ਰਹੀ ਲੋਕਤੰਤਰ ਦੀ ਹੱਤਿਆ : ਅਸ਼ਵਨੀ ਸ਼ਰਮਾ
ਜਾਖੜ ਨੇ ਕਿਹਾ ਕਿ ਰਸੋਈ ਗੈਸ ਦੀ ਕੀਮਤ ’ਚ ਵੀ ਮੋਦੀ ਸਰਕਾਰ ਨੇ ਬੇਹਿਸਾਬ ਇਜ਼ਾਫਾ ਕੀਤਾ ਹੈ ਜਦਕਿ ਸਿਲੰਡਰ ’ਤੇ ਮਿਲਣ ਵਾਲੀ ਸਬਸਿਡੀ ’ਚ 2014 ਦੇ ਮੁਕਾਬਲੇ 90 ਫੀਸਦੀ ਤਕ ਦੀ ਕਟੌਤੀ ਕਰ ਦਿੱਤੀ ਗਈ ਹੈ। ਯੂ. ਪੀ. ਏ. ਸਰਕਾਰ ਦੀ ਸਥਿਤੀ ਮੁਤਾਬਕ ਗੈਸ ਸਿਲੰਡਰ ਦੀ ਕੀਮਤ 350 ਰੁਪਏ ਪ੍ਰਤੀ ਸਿਲੰਡਰ ਹੋਣੀ ਚਾਹੀਦੀ ਸੀ ਜਦਕਿ ਇਹ ਵਧਾ ਕੇ 750 ਰੁਪਏ ਕਰ ਦਿੱਤੀ ਗਈ ਹੈ। ਕਿਸਾਨ ਅੰਦੋਲਨ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਕਾਲਾਬਾਜ਼ਾਰੀ ਨੂੰ ਹੁਲਾਰਾ ਦੇਣ ਅਤੇ ਖੇਤੀ ਸੈਕਟਰ ਨੂੰ ਤਬਾਹ ਕਰਨ ਲਈ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਬਣਾਏ ਹਨ, ਜਿਨ੍ਹਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦਾ ਕਿਸਾਨ ਦਿੱਲੀ ਦੇ ਬਾਰਡਰਾਂ ’ਤੇ ਸੰਘਰਸ਼ ਕਰ ਰਿਹਾ ਹੈ। ਅੰਨਦਾਤਾ ਨੂੰ ਦਿੱਲੀ ’ਚ ਦਾਖਲ ਹੋਣ ਤੋਂ ਰੋਕਣ ਲਈ ਲੋਹੇ ਦੀਆਂ ਕਿੱਲਾਂ ਸੜਕਾਂ ’ਤੇ ਵਿਛਾਈਆਂ ਗਈਆਂ ਹਨ। ਇਹ ਕਿੱਲਾਂ ਸੜਕਾਂ ’ਤੇ ਨਹੀਂ ਬਲਕਿ ਲੋਕਤੰਤਰ ਦੀ ਛਾਤੀ ’ਤੇ ਵਿਛਾ ਕੇ ਉਸਨੂੰ ਛਲਨੀ ਕੀਤਾ ਗਿਆ ਹੈ। ਅਜਿਹੇ ਕਾਲੇ ਕਾਨੂੰਨਾਂ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਕਾਂਗਰਸ ਵਲੋਂ ਮਹਿੰਗਾਈ ਖਿਲਾਫ ਦਿੱਤੇ ਗਏ ਧਰਨੇ ’ਚ ਸਾਬਕਾ ਸੰਸਦ ਮੈਂਬਰ ਮੋਹਨ ਸਿੰਘ ਫਲਿਆਵਾਲਾ, ਸੰਦੀਪ ਜਾਖੜ, ਵਿਮਲ ਠਠਈ, ਸੁਧੀਰ ਨਾਗਪਾਲ, ਮੋਹਨ ਲਾਲਾ, ਦੇਵ ਸਿੰਘ ਖਹਿਰਾ, ਸੁਸ਼ੀਲ ਜੈਨ ਅਤੇ ਅਮਿਤਾ ਸੇਤਿਆ ਸ਼ਾਮਲ ਹੋਏ।
ਇਹ ਵੀ ਪੜ੍ਹੋ : ਦੀਪ ਸਿੱਧੂ ਤੋਂ ਬਾਅਦ ਹੁਣ ਲੱਖਾ ਸਿਧਾਣਾ ਤੇ ਜੁਗਰਾਜ ਦੀ ਭਾਲ, ਮਿਲੇ ਅਹਿਮ ਸੁਰਾਗ