ਜਲੰਧਰ ਨਿਗਮ ਕਰਮੀ ਦਾ ਅਨੋਖਾ ਵਿਆਹ, ਇਕ ਰੁਪਏ ਦਾ ਸ਼ਗਨ ਪਾ ਕੇ ਲੈ ਆਇਆ ਲਾੜੀ (ਤਸਵੀਰਾਂ)
Sunday, May 31, 2020 - 06:35 PM (IST)
ਜਲੰਧਰ (ਖੁਰਾਣਾ)— ਦੁਨੀਆ ਭਰ 'ਚ ਆਪਣੀ ਦਹਿਸ਼ਤ ਮਚਾਉਣ ਵਾਲੇ ਕੋਰੋਨਾ ਵਾਇਰਸ ਨੇ ਕਰੋੜਾਂ-ਅਰਬਾਂ ਲੋਕਾਂ ਦੇ ਜੀਵਨ ਜਿਊਣ ਦੇ ਢੰਗ ਨੂੰ ਬਦਲ ਕੇ ਰੱਖ ਦਿੱਤਾ ਹੈ। ਕੋਰੋਨਾ ਕਾਰਨ ਭਾਰਤ ਅਤੇ ਹੋਰ ਦੇਸ਼ਾਂ 'ਚ ਵੱਡੇ ਆਯੋਜਨਾਂ 'ਤੇ ਲਗਭਗ ਪਾਬੰਦੀ ਲੱਗ ਗਈ ਹੈ।
ਕਾਰਨ ਹੁਣ ਵਿਆਹਾਂ ਵਰਗੇ ਸਮਾਗਮ ਵੀ ਧੂਮਧਾਮ ਦੀ ਥਾਂ ਬੇਹੱਦ ਸਾਦੇ ਢੰਗ ਨਾਲ ਹੋਣ ਲੱਗੇ ਹਨ। ਇਸੇ ਤਰ੍ਹਾਂ ਨਗਰ ਨਿਗਮ ਦੇ ਮੇਅਰ ਦਫਤਰ 'ਚ ਤਾਇਨਾਤ ਕਰਮੀ ਹਨੀ ਥਾਪਰ ਦਾ ਵਿਆਹ ਬੀਤੇ ਦਿਨ ਬਿਲਕੁਲ ਸਾਦੇ ਢੰਗ ਦੇ ਨਾਲ ਹੋਇਆ। ਉਕਤ ਨੌਜਵਾਨ ਵਿਆਹ ਦੌਰਾਨ ਸਿਰਫ ਇਕ ਰੁਪਏ ਦਾ ਸ਼ਗਨ ਪਾ ਕੇ ਆਪਣੀ ਲਾੜੀ ਨੂੰ ਵਿਆਹ ਕੇ ਘਰ ਲੈ ਆਇਆ। ਇਸ ਵਿਆਹ ਦੀ ਚਾਰੋਂ ਪਾਸੇ ਖੂਬ ਚਰਚਾ ਹੋ ਰਹੀ ਹੈ।
ਇਸ ਦੌਰਾਨ ਕੋਈ ਮਠਿਆਈ ਜਾਂ ਕਿਸੇ ਵੀ ਚੀਜ਼ ਦਾ ਆਦਾਨ-ਪ੍ਰਦਾਨ ਨਹੀਂ ਕੀਤਾ ਗਿਆ। ਦੋਹਾਂ ਪਰਿਵਾਰਾਂ ਦੇ ਕੁਝ ਹੀ ਮੈਂਬਰਾਂ ਨੇ ਵਿਆਹ 'ਚ ਹਿੱਸਾ ਲਿਆ ਅਤੇ ਵਿਆਹੁਤਾ ਜੋੜੇ ਨੂੰ ਆਸ਼ੀਰਵਾਦ ਦਿੱਤਾ। ਇਥੇ ਦੱਸ ਦੇਈਏ ਕਿ ਜਲੰਧਰ 'ਚ ਇਹ ਕੋਈ ਅਜਿਹਾ ਪਹਿਲਾ ਮਾਮਲਾ ਨਹੀਂ ਹੈ ਕਿ ਜਦੋਂ ਬੇਹੱਦ ਸਾਦੇ ਢੰਗ ਨਾਲ ਵਿਆਹ ਸੰਪੰਨ ਹੋਇਆ ਹੋਵੇ। ਇਸ ਤੋਂ ਪਹਿਲਾਂ ਵੀ ਕਰਫਿਊ/ਤਾਲਾਬੰਦੀ ਦੌਰਾਨ ਸਾਦੇ ਵਿਆਹ ਦੇਖਣ ਨੂੰ ਮਿਲੇ ਹਨ।