ਰੂਪਨਗਰ ''ਚ ''ਕੋਰੋਨਾ'' ਦਾ ਵੱਡਾ ਧਮਾਕਾ, ਇਕ ਹੀ ਦਿਨ ''ਚ 46 ਨਵੇਂ ਕੇਸ ਆਏ ਸਾਹਮਣੇ
Monday, May 11, 2020 - 09:59 AM (IST)
ਰੂਪਨਗਰ (ਵਿਜੇ ਸ਼ਰਮਾ)— ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਗਾ ਹੈ। ਤਾਜ਼ਾ ਮਾਮਲੇ 'ਚ ਰੂਪਨਗਰ ਜ਼ਿਲੇ 'ਚ ਕੋਰੋਨਾ ਵਾਇਰਸ ਦਾ ਵੱਡਾ ਧਮਾਕਾ ਹੋਇਆ ਹੈ। ਰੂਪਨਗਰ 'ਚ ਇਕ ਹੀ ਦਿਨ 'ਚ ਕੁੱਲ 46 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਮਗਰੋਂ ਜ਼ਿਲੇ 'ਚ ਕੁੱਲ ਕੇਸਾਂ ਦੀ ਗਿਣਤੀ 67 ਹੋ ਗਈ ਹੈ। ਇਨ੍ਹਾਂ ਕੇਸਾਂ 'ਚੋਂ 64 ਕੋਰੋਨਾ ਪਾਜ਼ੇਟਿਵ ਮਰੀਜ਼ ਹਨ, ਦੋ ਰਿਕਵਰ ਹੋ ਚੁੱਕੇ ਜਦਕਿ ਇਕ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ।
ਬੀਤੀ ਸ਼ਾਮ ਆਈਆਂ ਰਿਪੋਰਟਾਂ 'ਚ ਸਿਵਲ ਹਸਪਤਾਲ ਦਾ ਐੱਸ. ਐੱਮ. ਓ. (56 ਸਾਲਾ) ਵੀ ਕੋਰੋਨਾ ਦੀ ਲਪੇਟ 'ਚ ਆ ਗਿਆ ਹੈ ਜਦੋਂਕਿ ਪਿੰਡ ਚੱਕ ਢੇਰਾ (ਨੇੜੇ ਲੌਦੀਮਾਜਰਾ) ਦੀ 22 ਸਾਲਾ ਹੈਲਥ ਵਰਕਰ ਸਮੇਤ ਹੋਰ 12 ਜਣੇ ਸਿਹਤ ਵਿਭਾਗ ਦੇ ਸਟਾਫ ਮੈਂਬਰ ਹਨ ਅਤੇ ਇਕ ਸ੍ਰੀ ਚਮਕੌਰ ਸਾਹਿਬ ਨੇੜਲੇ ਪਿੰਡ ਪਿੱਪਲ ਮਾਜਰਾ ਦੇ ਇਕਾਂਤਵਾਸ ਕੇਂਦਰ 'ਚ ਦਾਖਲ ਮਾਛੀਵਾੜਾ ਨੇੜਲੇ ਪਿੰਡ ਸੁਲਤਾਨਪੁਰ ਦੇ ਡਰਾਈਵਰ ਸਮੇਤ ਕੁੱਲ 46 ਜਣਿਆਂ ਦੀਆਂ ਰਿਪੋਰਟਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ।
ਰੂਪਨਗਰ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲੇ 'ਚ ਕੋਰੋਨਾ ਐਕਟਿਵ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 67 ਹੋ ਗਈ ਹੈ। ਉਨ੍ਹਾਂ ਰੂਪਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਲੋਕ ਬਿਨ੍ਹਾਂ ਕਿਸੇ ਵੀ ਜ਼ਰੂਰੀ ਕੰਮ ਦੇ ਘਰੋਂ ਬਾਹਰ ਨਾ ਨਿਕਲਣ ਅਤੇ ਸੋਸ਼ਲ ਡਿਸਟੈਸਿੰਗ ਨੂੰ ਹਰ ਪੱਧਰ 'ਤੇ ਮੇਨਟੇਨ ਕੀਤਾ ਜਾਵੇ। ਜ਼ਿਲੇ 'ਚ ਨਵੇਂ 46 ਕੇਸ ਆਉਣ ਨਾਲ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਕਈ ਦਿਨਾਂ ਤੋਂ ਬਾਅਦ ਸ਼ਹਿਰ 'ਚ ਦੁਕਾਨਾਂ ਖੁੱਲ੍ਹਣ ਦਾ ਸਮਾਂ ਨਿਸ਼ਚਿਤ ਹੋਣ ਨਾਲ ਦੁਕਾਨਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਸਨ।