ਕੋਰੋਨਾ ਦੀ ਦਹਿਸ਼ਤ: ਫਗਵਾੜਾ ਬੱਸ ਸਟੈਂਡ ''ਤੇ ਪਸਰਿਆ ਸੰਨਾਟਾ, ਤਸਵੀਰਾਂ ''ਚ ਦੇਖੋ ਹਾਲਾਤ
Saturday, Mar 21, 2020 - 07:16 PM (IST)
ਫਗਵਾੜਾ (ਹਰਜੋਤ) — ਪੰਜਾਬ ਸਰਕਾਰ ਵੱਲੋਂ ਬੱਸਾਂ, ਆਟੋਜ਼ ਅਤੇ ਹੋਰ ਜਨਤਕ ਟਰਾਂਸਪੋਰਟ ਬੰਦ ਕਰਨ ਦੇ ਹੁਕਮ ਦਿੱਤੇ ਗਏ ਸਨ। ਇਨ੍ਹਾਂ ਹੁਕਮਾਂ ਤੋਂ ਬਾਅਦ ਅੱਜ ਰਾਤ ਤੋਂ ਬੱਸਾਂ ਕਰ ਦਿੱਤੀਆਂ ਗਈਆਂ ਹਨ। ਬੱਸਾਂ ਨੂੰ ਬੰਦ ਕਰਨ ਦਾ ਅਸਰ ਜਨਤਕ ਤੌਰ 'ਤੇ ਸਾਫ ਦਿਖਾਈ ਦੇ ਰਿਹਾ ਹੈ। ਫਗਵਾੜਾ ਦੇ ਬੱਸ ਸਟੈਂਡ ਪੂਰੀ ਤਰ੍ਹਾਂ ਸੰਨਾਟਾ ਛਾਇਆ ਹੋਇਆ ਹੈ। ਆਮ ਦੀ ਤੁਲਨਾ 'ਚ ਜਨਤਕ ਥਾਵਾਂ 'ਤੇ ਬਹੁਤ ਹੀ ਘੱਟ ਆਵਾਜਾਈ ਦੇਖਣ ਨੂੰ ਮਿਲ ਰਹੀ ਹੈ। ਜ਼ਿਆਦਾਤਰ ਲੋਕ ਆਪਣੇ ਵਾਹਨਾਂ ਰਾਹੀਂ ਟਰੈਵਲ ਕਰ ਰਹੇ ਹਨ। ਉਥੇ ਹੀ ਦੱਸ ਦੇਈਏ ਕਿ ਸਿਹਤ ਵਿਭਾਗ ਵੱਲੋਂ ਲਗਾਤਾਰ ਪਿੰਡਾਂ ਅਤੇ ਸ਼ਹਿਰਾਂ 'ਚ ਜਿਹੜੇ ਲੋਕ ਵਿਦੇਸ਼ਾਂ ਤੋਂ ਆਏ ਹਨ, ਉਨ੍ਹਾਂ ਦੀ ਭਾਲ ਕਰਕੇ ਉਨ੍ਹਾਂ ਨੂੰ ਘਰਾਂ 'ਚ ਹੀ ਆਈਸੋਲੇਟ ਕੀਤਾ ਜਾ ਰਿਹਾ ਹੈ।
ਪੰਜਾਬ 'ਚ ਕੁੱਲ 7 ਕੇਸ ਪਾਜ਼ੀਟਿਵ
ਦੱਸਣਯੋਗ ਹੈ ਕਿ ਦੁਨੀਆ ਭਰ 'ਚ ਫੈਲੇ ਕੋਰੋਨਾ ਵਾਇਰਸ ਨੇ ਹੁਣ ਪੰਜਾਬ 'ਚ ਵੀ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਪੰਜਾਬ 'ਚੋਂ ਲਗਾਤਾਰ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਉਣ ਲੱਗ ਗਏ ਹਨ। ਕੋਰੋਨਾ ਵਾਇਰਸ ਦੇ ਕਾਰਨ ਬੀਤੇ ਦਿਨੀਂ ਪੰਜਾਬ ਦੇ ਨਵਾਂਸ਼ਹਿਰ 'ਚ ਇਕ ਬਜ਼ੁਰਗ ਵਿਅਕਤੀ ਦੀ ਪਹਿਲੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਜਿੱਥੇ ਸਾਰੇ ਪੰਜਾਬ ਦੇ ਡਰੇ ਅਤੇ ਸਹਿਮੇ ਹੋਏ ਹਨ, ਉਥੇ ਹੀ ਸਰਕਾਰ ਵੱਲੋਂ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ।
ਉਥੇ ਹੀ ਪੰਜਾਬ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ ਕੁੱਲ 7 ਕੇਸ ਪਾਜ਼ੀਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਚੰਡੀਗੜ੍ਹ 'ਚ ਵੀ 5 ਕੇਸ ਕੋਰੋਨਾ ਦੇ ਪਾਏ ਗਏ ਹਨ।
ਪੰਜਾਬ 'ਚੋਂ ਅੰਮ੍ਰਿਤਸਰ ਵਿਖੇ ਕੋਰੋਨਾ ਦਾ ਇਕ ਮਰੀਜ਼ ਪਾਜ਼ੀਟਿਵ ਪਾਇਆ ਗਿਆ ਹੈ, ਜੋਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਇਸ ਦੇ ਇਲਾਵਾ ਗੜ੍ਹਸ਼ੰਕਰ 'ਚ ਅੱਜ ਇਕ ਕੇਸ ਪਾਜ਼ੀਟਿਵ ਪਾਇਆ ਗਿਆ ਹੈ, ਜਿਸ ਦੀ ਪਛਾਣ ਹਰਭਜਨ ਸਿੰਘ ਦੇ ਰੂਪ 'ਚ ਹੋਈ ਹੈ। ਹਰਭਜਨ ਸਿੰਘ ਕੋਰੋਨਾ ਵਾਇਰਸ ਦੇ ਨਾਲ ਮਰੇ ਬਲਦੇਵ ਸਿੰਘ ਦੇ ਸੰਪਰਕ 'ਚ ਸੀ। ਇਸ ਤੋਂ ਇਵਾਵਾ ਨਵਾਂਸ਼ਹਿਰ 'ਚ ਬਲਦੇਵ ਸਿੰਘ ਦੀ ਕੋਰੋਨਾ ਵਾਇਰਸ ਨਾਲ ਪੰਜਾਬ 'ਚ ਪਹਿਲੀ ਮੌਤ ਹੋਈ ਸੀ। ਇਸ ਦੇ ਇਲਾਵਾ ਮੋਹਾਲੀ 'ਚ 4 ਕੇਸ ਪਾਜ਼ੀਟਿਵ ਪਾਏ ਗਏ ਹਨ। ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਬਲਦੇਵ ਸਿੰਘ ਬਾਰੇ ਬੀਤੇ ਦਿਨ ਇਹ ਗੱਲ ਸਾਹਮਣੇ ਆਈ ਸੀ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ 'ਚ ਤਿੰਨ ਰਿਹਾ ਸੀ। ਇਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਉਸ ਦੇ ਨਜ਼ਦੀਕੀਆਂ 'ਤੇ ਵੀ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਨੂੰ ਬੀਤੇ ਦਿਨ ਤੋਂ ਸੀਲ ਕਰ ਦਿੱਤਾ ਗਿਆ ਹੈ।
'ਕੋਵਿਡ-19' ਨਾਲ ਨਜਿੱਠਣ ਲਈ ਕੈਪਟਨ ਨੇ ਮੋਦੀ ਅੱਗੇ ਰੱਖੀਆਂ ਇਹ ਮੰਗਾਂ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 'ਕੋਵਿਡ-19' ਦੇ ਵਧ ਰਹੇ ਖਤਰੇ 'ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਇਸ ਸੰਕਟ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿੱਤੀ ਪੈਕੇਜ ਦੇਣ ਅਤੇ ਸੂਬੇ ਦੇ ਪ੍ਰਾਈਵੇਟ ਹਸਪਤਾਲਾਂ ਅਤੇ ਲੈਬਾਰਟਰੀਆਂ 'ਚ ਟੈਸਟ ਕਰਨ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਹੈ। ਵੀਡੀਓ ਕਾਨਫਰੰਸਿੰਗ ਰਾਹੀਂ ਕੋਵਿਡ-19 ਨਾਲ ਮੁਲਕ ਭਰ 'ਚ ਮੌਜੂਦਾ ਹਾਲਾਤ ਦਾ ਜਾਇਜ਼ਾ ਲੈਣ ਲਈ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੁੱਖ ਮੰਤਰੀਆਂ ਦੀ ਮੀਟਿੰਗ 'ਚ ਹਿੱਸਾ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਰੋਨਾ ਵਾਇਰਸ ਲਈ ਟੈਸਟ ਵਧਾਉਣ ਦੀ ਫੌਰੀ ਲੋੜ ਹੈ, ਜਿਸ ਲਈ ਕੇਂਦਰ ਸਰਕਾਰ ਨੂੰ ਨਾਮੀਂ ਮੈਡੀਕਲ ਕਾਲਜਾਂ ਅਤੇ ਸੁਪਰ ਸਪੈਸ਼ਲਿਟੀ ਹਸਪਤਾਲਾਂ ਨੂੰ ਫੌਰੀ ਇਜਾਜ਼ਤ ਦੇਣੀ ਚਾਹੀਦੀ ਹੈ।