ਕੋਰੋਨਾ ਵਾਇਰਸ : ਪਾਸਪੋਰਟ ਦਫਤਰ ''ਚ ਨਹੀਂ ਹੈ ਕੋਈ ਸੈਨੇਟਾਈਜ਼ਰ ਦਾ ਪ੍ਰਬੰਧ
Tuesday, Mar 17, 2020 - 03:31 PM (IST)
ਜਲੰਧਰ (ਕਮਲੇਸ਼)— ਜਿੱਥੇ ਕੋਰੋਨਾ ਵਾਇਰਸ ਕਾਰਨ ਮਾਲ, ਜਿਮ ਅਤੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ, ਉਥੇ ਹੀ ਪਾਸਪੋਰਟ ਦਫਤਰ 'ਚ ਇਕੱਠੀ ਹੋ ਰਹੀ ਭੀੜ ਤੋਂ ਵੀ ਕੋਰੋਨਾ ਵਾਇਰਸ ਹੋਣ ਦਾ ਖਤਰਾ ਹੈ। ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਰੂਬਲ ਸੰਧੂ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਉਹ ਪਾਸਪੋਰਟ ਦਫਤਰ 'ਚ ਪਹੁੰਚੇ ਤਾਂ ਦੇਖਿਆ ਕਿ ਦਫਤਰ ਖਚਾ-ਖਚ ਭਰਿਆ ਹੋਇਆ ਸੀ ਅਤੇ ਹੈਰਾਨੀ ਦੀ ਗੱਲ ਇਹ ਸੀ ਕਿ ਉਥੇ ਸੈਨੇਟਾਈਜ਼ਰ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਖੁਦ ਦੀ ਜ਼ਿੰਮੇਵਾਰੀ ਸਮਝਦੇ ਹੋਏ ਉਥੇ ਮੌਜੂਦ ਸਾਰਿਆਂ ਨੂੰ ਸੈਨੇਟਾਈਜ਼ਰ ਦਿੱਤੇ। ਸੰਧੂ ਨੇ ਕਿਹਾ ਕਿ ਜਦੋਂ ਤਕ ਵਾਇਰਸ ਦਾ ਡਰ ਖਤਮ ਨਹੀਂ ਹੋ ਜਾਂਦਾ ਉਦੋਂ ਤਕ ਪਾਸਪੋਰਟ ਦਫਤਰ ਨੂੰ ਵੀ ਬੰਦ ਕਰ ਦੇਣਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਦੁਨੀਆ ਭਰ ਦੇ ਦੇਸ਼ਾਂ 'ਚ ਕੋਰੋਨਾਵਾਇਰਸ ਦਾ ਪ੍ਰਕੋਪ ਪੈਰ ਪਸਾਰ ਚੁੱਕਾ ਹੈ। ਇਸ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 7,170 ਦੇ ਪਾਰ ਹੋ ਚੁੱਕਾ ਹੈ। ਦੁਨੀਆ ਦੇ 160 ਤੋਂ ਵਧੇਰੇ ਦੇਸ਼ ਇਸ ਜਾਨਲੇਵਾ ਵਾਇਰਸ ਨਾਲ ਇਨਫੈਕਟਿਡ ਹਨ। ਵਿਸ਼ਵ 'ਚ ਕੁਲ 1,82,716 ਲੋਕ ਕੋਰੋਨਾ ਦੀ ਚਪੇਟ 'ਚ ਹਨ। ਭਾਰਤ 'ਚ ਕੋਰੋਨਾ ਦੇ 129 ਮਾਮਲੇ ਸਾਹਮਣੇ ਆਏ ਹਨ ਜਦਕਿ 3 ਲੋਕਾਂ ਦੇ ਮਰਨ ਦੀ ਖਬਰ ਹੈ। ਉੱਧਰ ਗੁਆਂਢੀ ਦੇਸ਼ ਪਾਕਿਸਤਾਨ 'ਚ 183 ਲੋਕ ਇਨਫੈਕਟਿਡ ਹਨ।
ਇਨ੍ਹਾਂ ਗੱਲਾਂ ਦਾ ਰੱਖੋ ਵਿਸ਼ੇਸ਼ ਤੌਰ 'ਤੇ ਧਿਆਨ
1. ਹੱਥਾਂ ਨੂੰ ਵਾਰ-ਵਾਰ ਸਾਬਣ ਅਤੇ ਪਾਣੀ ਨਾਲ ਧੋਵੋ। ਹੋ ਸਕੇ ਤਾਂ ਹੱਥਾਂ ਨੂੰ ਸਾਫ ਕਰਨ ਲਈ ਸੈਨੇਟਾਈਜ਼ਰ ਦਾ ਇਸਤੇਮਾਲ ਕਰੋ।
2. ਕਿਸੇ ਨਾਲ ਹੱਥ ਮਿਲਾਉਣ ਤੋਂ ਪਰਹੇਜ਼ ਕਰੋ।
3. ਖੰਘਦੇ ਜਾਂ ਛਿੱਕਦੇ ਹੋਏ ਡਿਸਪੋਜ਼ੇਬਲ ਟਿਸ਼ੂ ਦਾ ਇਸਤੇਮਾਲ ਕਰੋ।
4. ਇਸਤੇਮਾਲ ਕੀਤੇ ਗਏ ਟਿਸ਼ੂ ਨੂੰ ਸੁੱਟ ਦਿਓ ਅਤੇ ਇਸ ਤੋਂ ਬਾਅਦ ਹੱਥ ਜ਼ਰੂਰ ਧੋਵੋ।
5. ਟਿਸ਼ੂ ਨਹੀਂ ਹੈ ਤਾਂ ਛਿਕਦੇ ਜਾਂ ਖੰਘਦੇ ਹੋਏ ਬਾਂਹ ਦਾ ਇਸਤੇਮਾਲ ਕਰੋ। ਪਰ ਖੁੱਲ੍ਹੀ ਹਵਾ 'ਚ ਖੰਘਣ ਜਾਂ ਛਿੱਕਣ ਤੋਂ ਪਰਹੇਜ਼ ਕਰੋ।
6. ਬਿਨਾਂ ਹੱਥ ਧੋਏ ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਨਾ ਲਗਾਓ।
7. ਬੀਮਾਰ ਲੋਕਾਂ ਦੇ ਸੰਪਰਕ 'ਚ ਆਉਣ ਤੋਂ ਬਚੋ।
8. ਜਾਨਵਰਾਂ ਦੇ ਸੰਪਰਕ 'ਚ ਆਉਣ ਤੋਂ ਬਚੋ।
9. ਪਾਲਤੂ ਜਾਨਵਰਾਂ ਦੀ ਸਾਫ-ਸਫਾਈ ਦਾ ਪੂਰਾ ਧਿਆਨ ਰੱਖੋ।
10. ਮੀਟ, ਅੰਡੇ ਆਦਿ ਖਾਣ ਤੋਂ ਪਹਹੇਜ਼ ਕਰੋ। ਹੋ ਸਕੇ ਤਾਂ ਚੰਗੀ ਤਰ੍ਹਾਂ ਪਕਾ ਕੇ ਖਾਓ।
ਜੇਕਰ ਤੁਹਾਨੂੰ ਖੰਘ, ਬੁਖਾਰ ਅਤੇ ਛਿੱਕਾਂ ਆਦਿ ਦੀ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।