24 ਘੰਟਿਆਂ ਦੇ ਅੰਦਰ ਗ੍ਰੀਨ ਜ਼ੋਨ ''ਚੋਂ ਬਾਹਰ ਹੋਇਆ ਨਵਾਂਸ਼ਹਿਰ, ''ਕੋਰੋਨਾ'' ਦਾ ਮਿਲਿਆ ਨਵਾਂ ਕੇਸ

05/26/2020 6:17:51 PM

ਨਵਾਂਸ਼ਹਿਰ (ਤ੍ਰਿਪਾਠੀ)— ਨਵਾਂਸ਼ਹਿਰ 24 ਘੰਟਿਆਂ ਦੇ ਅੰਦਰ ਹੀ ਗ੍ਰੀਨ ਜ਼ੋਨ 'ਚੋਂ ਅੱਜ ਉਸ ਸਮੇਂ ਬਾਹਰ ਹੋ ਗਿਆ ਜਦੋਂ ਇਥੋਂ ਅੱਜ ਨਵਾਂ ਕੋਰੋਨਾ ਦਾ ਮਾਮਲਾ ਸਾਹਮਣੇ ਆਇਆ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ 38 ਸਾਲ ਦੀ ਔਰਤ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਯੂ. ਪੀ. ਤੋਂ ਆਇਆ ਇਹ ਪਰਿਵਾਰ ਨਵਾਂਸ਼ਹਿਰ ਵਿਖੇ ਕਿਰਾਏ ਦੇ ਮਕਾਨ 'ਤੇ ਰਹਿ ਰਿਹਾ ਸੀ।

ਅੱਜ ਦੇ ਮਿਲੇ ਇਸ ਕੇਸ ਨੂੰ ਮਿਲਾ ਕੇ ਨਵਾਂਸ਼ਹਿਰ 'ਚ ਕੁੱਲ ਪਾਜ਼ੇਟਿਵ ਕੇਸਾਂ ਦਾ ਅੰਕੜਾ 110 ਤੱਕ ਪਹੁੰਚ ਗਿਆ ਹੈ, ਜਿਨ੍ਹਾਂ 'ਚੋਂ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਅਤੇ 108 ਵਿਅਕਤੀ ਕੋਰੋਨਾ ਖਿਲਾਫ ਜੰਗ ਜਿੱਤ ਕੇ ਠੀਕ ਹੋਣ ਉਪਰੰਤ ਘਰਾਂ ਨੂੰ ਪਰਤ ਚੁੱਕੇ ਹਨ ਜਦਕਿ ਇਕ ਅੱਜ ਦਾ ਮਿਲਿਆ ਨਵਾਂ ਕੇਸ ਹੀ ਹੁਣ ਐਕਟਿਵ ਹੈ। ਉਥੇ ਹੀ ਸਿਹਤ ਵਿਭਾਗ ਵੱਲੋਂ ਉਕਤ ਪਾਜ਼ੇਟਿਵ ਮਹਿਲਾ ਨੂੰ ਆਈਸੋਲੇਸ਼ਨ ਵਾਰਡ 'ਚ ਦਾਖਲ ਕਰਵਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਔਰਤ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ।

ਪਾਜ਼ੇਟਿਵ ਪਾਈ ਗਈ ਮਹਿਲਾ ਮਰੀਜ ਫੈਜ਼ਾਬਾਦ (ਯੂ. ਪੀ.) ਦੀ ਰਹਿਣ ਵਾਲੀ ਹੈ ਅਤੇ 2 ਦਿਨ ਪਹਿਲਾਂ ਹੀ ਉਸ ਦਾ 4 ਮੈਂਬਰਾਂ ਦਾ ਪਰਿਵਾਰ ਫੈਜ਼ਾਬਾਦ ਤੋਂ ਨਵਾਂਸ਼ਹਿਰ ਦੇ ਮੁਹੱਲਾ ਗੁਰੂ ਹਰਗੋਬਿੰਦ ਨਗਰ ਸਥਿਥ ਗੁੱਜਰ ਕਾਲੋਨੀ ਜਿੱਥੇ ਉਹ ਕਿਰਾਏ 'ਤੇ ਰਹਿੰਦੇ ਸਨ, ਆਇਆ ਸੀ। ਸਿਵਲ ਸਰਜਨ ਡਾ. ਰਾਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਉਪਰੋਕਤ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਸੈਂਪਲ 23 ਮਈ ਨੂੰ ਹੀ ਲਏ ਗਏ ਸਨ। ਜਿਸ ਦੀ ਅੱਜ ਆਈ ਰਿਪੋਰਟ 'ਚ 38 ਸਾਲ ਦੀ ਔਰਤ ਪਾਜ਼ੇਟਿਵ ਪਾਈ ਗਈ ਹੈ, ਜਦਕਿ ਬਾਕੀ 3 ਮੈਂਬਰ ਨੈਗਟਿਵ ਪਾਏ ਗਏ ਹਨ। ਸਿਵਲ ਸਰਜਨ ਨੇ ਦੱਸਿਆ ਕਿ ਪਾਜ਼ੇਟਿਵ ਪਾਏ ਗਏ ਮਰੀਜ਼ ਨੂੰ ਢਾਹਾਂ ਕਲੇਰਾਂ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਖੇ ਇਲਾਜ ਲਈ ਦਾਖਲ ਕੀਤਾ ਗਿਆ ਹੈ।

ਇਥੇ ਜ਼ਿਕਰਯੋਗ ਹੈ ਕਿ 1 ਦਿਨ ਪਹਿਲਾਂ ਹੀ ਇਲਾਜ ਅਧੀਨ 2 ਆਖਰੀ ਮਰੀਜ਼ਾਂ ਦੇ ਠੀਕ ਹੋਣ ਉਪਰੰਤ ਉਨ੍ਹਾਂ ਨੂੰ ਘਰ ਲਈ ਰਵਾਨਾ ਕੀਤਾ ਗਿਆ ਸੀ, ਜਿਸ ਉਪਰੰਤ ਜ਼ਿਲ੍ਹੇ 'ਚ ਆਏ ਕੁੱਲ 109 ਮਾਮਲਿਆਂ 'ਚੋਂ 108 ਦੇ ਠੀਕ ਹੋਣ ਅਤੇ 1 ਦੀ ਮੌਤ ਹੋਣ ਉਪਰੰਤ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਣ ਦੇ ਚਲਦੇ ਜ਼ਿਲ੍ਹਾ ਕੋਰੋਨਾ ਮੁਕਤ ਹੋ ਗਿਆ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜ਼ਿਲ੍ਹਾ 23 ਅਪ੍ਰੈਲ ਨੂੰ ਮੁਕਤ ਹੋ ਗਿਆ ਸੀ ਪਰ ਹੋਰ ਸੂਬਿਆਂ ਖਾਸ ਤੌਰ 'ਤੇ ਨਾਂਦੇੜ ਸਾਹਿਬ ਤੋਂ ਪਰਤੇ ਲੋਕਾਂ 'ਚ ਕੋਰੋਨਾ ਪਾਜ਼ੇਟਿਵ ਮਰੀਜ਼ ਪਾਏ ਜਾਣ ਦੇ ਚਲਦੇ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਮਰੀਜਾਂ ਦੀ ਗਿਣਤੀ ਮੁੜ ਵੱਧ ਗਈ ਸੀ।


shivani attri

Content Editor

Related News