‘ਕੋਰੋਨਾ ਡਿਊਟੀ ਕਰ ਰਹੇ ਅਧਿਆਪਕਾਂ ਦਾ 50 ਲੱਖ ਰੁਪਏ ਦਾ ਬੀਮਾ ਕਰੇ ਸਰਕਾਰ’

Saturday, May 09, 2020 - 08:20 PM (IST)

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)— ਕੋਵਿਡ-19 ਤਹਿਤ ਜ਼ਿਲਾ ਪ੍ਰਸ਼ਾਸਨ ਦੇ ਫ੍ਰੰਟ ਲਾਈਨ ਯੋਧਾ ਦੇ ਤੌਰ ’ਤੇ ਕੰਮ ਕਰ ਰਹੀਆਂ ਟੀਮਾਂ ਨਾਲ ਇਮਾਨਦਾਰੀ ਨਾਲ ਡਿਊਟੀ ਨਿਭਾਅ ਰਹੇ ਅਧਿਆਪਕਾਂ ਨੇ ਸਰਕਾਰ ਤੋਂ ਹੋਰ ਫ੍ਰੰਟ ਲਾਈਨ ਯੋਧਾਵਾਂ ਦੀ ਤਰਜ ’ਤੇ 50 ਲੱਖ ਰੁਪਏ ਦਾ ਬੀਮਾ ਅਤੇ ਛੁੱਟੀਆਂ ਦੌਰਾਨ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਅਰਨਡ ਲੀਵ ਤਹਿਤ ਭੁਗਤਾਨ ਕਰਨ ਦੀ ਮੰਗ ਕੀਤੀ। ਪੈਟਰੋਲਿੰਗ ਟੀਮਾਂ, ਨਾਕਿਆਂ, ਮੈਡੀਕਲ ਟੀਮਾਂ ਅਤੇ ਰਾਸ਼ਨ ਵੰਡ ਟੀਮਾਂ ’ਚ ਆਪਣੀ ਡਿਊਟੀ ਨਿਭਾਅ ਰਹੇ ਅਧਿਆਪਕਾਂ ਨੇ ਅੱਜ ਨਵਾਂਸ਼ਹਿਰ ਦੇ ਚੰਡੀਗਡ਼੍ਹ ਰੋਡ ’ਤੇ ਸਥਿਤ ਮਿਲਟ੍ਰੀ ਮੈਦਾਨ ’ਚ ਇਕੱਠ ਕਰਕੇ ਆਪਣੀਆਂ ਮੰਗਾਂ ਅਤੇ ਸਮੱਸਿਆਵਾਂ ’ਤੇ ਵਿਚਾਰ ਕੀਤਾ।

ਜੇ.ਟੀ.ਯੂ. ਦੇ ਸੂਬਾ ਜਨਰਲ ਸਕੱਤਰ ਕੁਲਦੀਪ ਦੌਡ਼ਕਾ ਨੇ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਕੋਵਿਡ-19 ਤਹਿਤ ਡਿਊਟੀ ਕਰ ਰਹੇ ਹਰ ਵਿਭਾਗ ਦੇ ਮੁਲਾਜ਼ਮ ਦਾ 50 ਲੱਖ ਰੁਪਏ ਦਾ ਬੀਮਾ ਕਰਕੇ ਕਵਰ ਕੀਤਾ ਜਾਵੇ, ਸਿੱਖਿਆ ਵਿਭਾਗ ਵੱਲੋਂ 11 ਅਪ੍ਰੈਲ ਤੋਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ, ਜਦਕਿ ਕਈ ਅਧਿਆਪਕ ਇਸਦੇ ਬਾਵਜੂਦ ਐਮਰਜੈਂਸੀ ਡਿਊਟੀਆਂ ਨਿਭਾਅ ਰਹੇ ਹਨ, ਅਜਿਹੇ ਅਧਿਆਪਕਾਂ ਨੂੰ ਅਰਨਡ ਲੀਵ ਦਾ ਪੱਤਰ ਜਾਰੀ ਕੀਤਾ ਜਾਵੇ, ਛੁੱਟੀਆਂ ’ਚ ਬੰਦ ਕੀਤਾ ਗਿਆ ਮੋਬਾਈਲ ਭੱਤਾ ਬਹਾਲ ਕੀਤਾ ਜਾਵੇ, ਕਿਉਂਕਿ ਅਧਿਆਪਕਾਂ ਨੂੰ ਆਨਲਾਈਨ ਸਿੱਖਿਆ ਦੇਣ ਲਈ ਜਿੱਥੇ ਆਪਣਾ ਡਾਟਾ ਯੂਜ਼ ਕਰਨਾ ਪੈ ਰਿਹਾ ਹੈ ਤਾਂ ਉੱਥੇ ਹੀ ਐਮਰਜੈਂਸੀ ਡਿਊਟੀ ਨਿਭਾਅ ਰਹੇ ਅਧਿਆਪਕ ਵੀ ਪਹਿਲਾਂ ਤੋਂ ਕਈ ਵੱਧ ਮੋਬਾਈਲ ਦੀ ਵਰਤੋਂ ਕਰ ਰਹੇ ਹਨ ਅਤੇ ਕੋਵਿਡ-19 ਵਿੱਚ ਕੰਮ ਕਰ ਰਹੇ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਜਾਣ। ਇਸ ਮੌਕੇ ਵਿਕ੍ਰਮਜੀਤ ਸਿੰਘ, ਮਨਜਿੰਦਰ ਜੀਤ ਸਿੰਘ, ਜਤਿੰਦਰ ਸਿੰਘ, ਨਵੀਨ ਕੁਮਾਰ, ਜਸਵੰਤ ਸਿੰਘ, ਰਮਨ ਕੁਮਾਰ, ਬਖ਼ਸ਼ੀਸ਼ ਸਿੰਘ ਸੈਂਭੀ, ਗੁਰਨਾਮ ਸਿੰਘ, ਇਕਬਾਲ ਸਿੰਘ, ਸਰਬਜੀਤ ਸਿੰਘ, ਪਵਨ ਕੁਮਾਰ ਆਦਿ ਮੌਜੂਦ ਸਨ।

 


shivani attri

Content Editor

Related News