ਕੋਰੋਨਾ ਆਫ਼ਤ 'ਚ ਨਵਾਂਸ਼ਹਿਰ ਤੋਂ ਵਿਧਾਇਕ ਅੰਗਦ ਦਾ ਵੱਡਾ ਫੈਸਲਾ
Saturday, May 30, 2020 - 06:16 PM (IST)
ਨਵਾਂਸ਼ਹਿਰ (ਜੋਬਨਪ੍ਰੀਤ ਭੰਗਲ)— ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਨੇ ਕੋਰੋਨਾ ਆਫਤ ਨਾਲ ਜੂਝ ਰਹੇ ਪੰਜਾਬ ਦੇ ਲੋਕਾਂ ਅਤੇ ਸਰਕਾਰ ਨਾਲ ਇਕਜੁਟਤਾ ਦਿਖਾਉਂਦੇ ਆਪਣੀ ਰਹਿੰਦੀ ਮਿਆਦ ਦੀ ਪੂਰੀ ਤਨਖਾਹ ਨਾ ਲੈਣ ਦਾ ਐਲਾਨ ਕੀਤਾ ਹੈ। ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਸੰਬੋਧਤ ਭਾਵੁਕ ਸੁਰ ਵਾਲੇ ਪੱਤਰ 'ਚ ਨਵਾਂਸ਼ਹਿਰ ਦੇ ਨੌਜਵਾਨ ਵਿਧਾਇਕ ਨੇ ਲਿਖਿਆ ਹੈ ਕਿ ਜਦੋਂ ਪੂਰਾ ਵਿਸ਼ਵ ਕੋਵਿਡ-19 ਦੀ ਭਿਆਨਕ ਬੀਮਾਰੀ ਦੀ ਲਪੇਟ 'ਚ ਹੈ ਅਤੇ ਹਰੇਕ ਸਰਕਾਰ ਆਪਣੇ ਨਾਗਰਿਕਾਂ ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਸਿਰ-ਤੋੜ ਯਤਨ ਕਰ ਰਹੀ ਹੈ ਤਾਂ ਉਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਨੂੰ ਇਸ ਬੀਮਾਰੀ ਤੋਂ ਬਚਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਨਿਮਾਣੀ ਮਦਦ ਵਜੋਂ ਮੈਂ ਆਪਣਾ ਤਿਲ-ਫੁੱਲ ਵੀ ਪਾਉਣਾ ਚਾਹੁੰਦਾ ਹਾਂ।
ਉਨ੍ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਵੱਲੋਂ ਇਸ ਮਹਾਮਾਰੀ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੇ ਸੁਰੱਖਿਅਤ ਆਪਣੇ ਰਾਜਾਂ ਨੂੰ ਵਾਪਸੀ ਅਤੇ ਪੰਜਾਬ ਤੋਂ ਬਾਹਰ ਰਹਿ ਗਏ। ਉਨ੍ਹਾਂ ਲੋਕਾਂ ਦੀ ਪੰਜਾਬ ਵਾਪਸੀ ਬਾਰੇ ਬਣਾਈਆਂ ਗਈਆਂ ਵਿਧਾਨ ਸਭਾ ਦੀਆਂ ਤਾਲਮੇਲ ਕਮੇਟੀਆਂ ਦੀ ਰਣਨੀਤੀ ਨੂੰ ਪੂਰੀ ਕਾਰਗਰ ਕਰਾਰ ਦਿੰਦੇ ਕਿਹਾ ਕਿ ਇਸ ਨਾਲ ਲੱਖਾਂ ਉਨ੍ਹਾਂ ਪ੍ਰਵਾਸੀਆਂ ਅਤੇ ਹਜ਼ਾਰਾਂ ਪੰਜਾਬ ਦੇ ਦੂਜੇ ਰਾਜਾਂ 'ਚ ਰਹਿਣ ਵਾਲੇ ਪੰਜਾਬੀਆਂ ਨੂੰ ਵਾਪਸੀ ਦਾ ਲਾਭ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਉਹ ਥੋੜ੍ਹੀ ਹੈ।