ਕੋਰੋਨਾ ਪਾਜ਼ੇਟਿਵ ਡਾਕਟਰ ਦੇ ਸੰਪਰਕ ''ਚ ਆਏ 12 ਲੋਕਾਂ ਦੀ ਹੋਈ ਸੈਂਪਲਿੰਗ
Tuesday, May 12, 2020 - 01:40 PM (IST)
ਕਪੂਰਥਲਾ (ਮਹਾਜਨ)— ਸ਼ਹਿਰ ਦੇ ਅੰਦਰੂਨੀ ਖੇਤਰ 'ਚ ਕੋਰੋਨਾ ਵਾਇਰਸ ਦੇ ਵਧਦੇ ਮਰੀਜ਼ਾਂ ਕਾਰਨ ਲੋਕਾਂ 'ਚ ਖੌਫ ਵਧਦਾ ਜਾ ਰਿਹਾ ਹੈ। ਜਿੱਥੇ ਕੁਝ ਦਿਨਾਂ ਪਹਿਲਾਂ ਨਰੋਤਮ ਵਿਹਾਰ 'ਚ 53 ਸਾਲਾ ਵਿਅਕਤੀ ਦਾ ਪਾਜ਼ੇਟਿਵ ਆਉਣ ਨਾਲ ਲੋਕ ਡਰ ਦੇ ਸਾਏ 'ਚ ਜੀ ਰਹੇ ਸਨ, ਉੱਥੇ ਹੀ ਬੀਤੀ ਦਿਨੀ ਡੀ. ਸੀ. ਦੀ ਰਿਹਾਇਸ਼ ਨੇੜੇ ਅਮਨ ਨਗਰ 'ਚ ਰਹਿਣ ਵਾਲੇ ਡਾਕਟਰ ਦਾ ਪਾਜ਼ੇਟਿਵ ਪਾਏ ਜਾਣ ਨਾਲ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਤੋਂ ਇਲਾਵਾ ਪੀ. ਟੀ. ਯੂ. 'ਚ ਆਈਸੋਲੇਟ ਪੀ. ਏ. ਪੀ .ਦੇ ਡੀ. ਐੱਸ. ਪੀ. ਸਮੇਤ ਇਕ ਹੋਰ ਪੁਲਸ ਕਰਮਚਾਰੀ ਵੀ ਪਾਜ਼ੇਟਿਵ ਪਾਇਆ ਗਿਆ।
ਉਧਰ, ਅਮਨ ਨਗਰ 'ਚ ਡਾਕਟਰ ਦੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਡਾਕਟਰ ਦੇ ਸੰਪਕਰ 'ਚ ਆਉਣ ਵਾਲੇ ਲੋਕਾਂ ਤੇ ਉਨ੍ਹਾਂ ਦੇ ਘਰ 'ਚ ਕੰਮ ਕਰਨ ਵਾਲਿਆਂ ਸਮੇਤ ਉਨ੍ਹਾਂ ਦੇ ਘਰਾਂ ਦੇ ਆਸ-ਪਾਸ ਰਹਿਣ ਵਾਲੇ ਕਰੀਬ 12 ਲੋਕਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਨੂੰ ਟੈਸਟਿੰਗ ਲਈ ਅੱਗੇ ਭੇਜ ਦਿੱਤਾ ਗਿਆ ਹੈ। ਜਿਨ੍ਹਾਂ ਨੂੰ ਆਪਣੇ-ਆਪਣੇ ਘਰਾਂ 'ਚ ਕੁਆਰੰਟਾਈਨ ਕੀਤਾ ਗਿਆ ਹੈ। ਇਸ ਦੇ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਵੀ ਰੋਜ਼ਾਨਾ ਉਕਤ ਨਗਰ ਦੇ ਹਰ ਘਰ 'ਚ ਜਾ ਕੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਅਤੇ ਉਨ੍ਹਾਂ ਦੀ ਸਕਰੀਨਿੰਗ ਵੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਹੈਰਾਨੀਜਨਕ: ਸਰਕਾਰੀ ਲੈਬਜ਼ 'ਚ 'ਕੋਰੋਨਾ' ਪਾਜ਼ੇਟਿਵ ਹੋ ਰਹੀਆਂ ਨੈਗੇਟਿਵ ਮਰੀਜ਼ਾਂ ਦੀਆਂ ਰਿਪੋਰਟਾਂ
8 ਘੰਟੇ ਦੀ ਢਿੱਲ 'ਤੇ ਜ਼ਿਲਾ ਪ੍ਰਸ਼ਾਸਨ ਦੋਬਾਰਾ ਕਰੇ ਵਿਚਾਰ : ਸ਼ਹਿਰ ਵਾਸੀ
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜ਼ਿਲਾ ਕਪੂਰਥਲਾ ਜੋ ਪਹਿਲਾਂ ਕੋਰੋਨਾ ਤੋਂ ਮੁਕਤ ਹੋ ਗਿਆ ਸੀ, ਉਹ ਦੋਬਾਰਾ ਕੋਰੋਨਾ ਦੀ ਲਪੇਟ 'ਚ ਆ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸਹੂਲਤ ਲਈ ਕਰੀਬ 8 ਘੰਟੇ ਦੇ ਲਈ ਦਿੱਤੀ ਗਈ ਢਿਲ ਦੀ ਹੈ, ਜਿਸ ਦੌਰਾਨ ਲੋਕ ਨਾ ਤਾਂ ਸੋਸ਼ਲ ਡਿਸਟੈਂਸ ਦਾ ਪਾਲਣ ਕਰਦੇ ਹਨ ਤੇ ਲਾਪਰਵਾਹੀ ਦਿਖਾ ਕੇ ਝੁੰਡ ਬਣਾ ਕੇ ਖੜ੍ਹੇ ਰਹਿੰਦੇ ਹਨ, ਜੋ ਕਿ ਕਦੇ ਵੀ ਸ਼ਹਿਰ ਵਾਸੀਆਂ ਨੂੰ ਵੱਡੇ ਖਤਰੇ 'ਚ ਪਾ ਸਕਦਾ ਹੈ ਇਸ ਲਈ ਜ਼ਿਲਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਇਸ ਫੈਸਲੇ 'ਤੇ ਦੋਬਾਰਾ ਵਿਚਾਰ ਕਰੇ।
ਇਹ ਵੀ ਪੜ੍ਹੋ: 'ਕੋਰੋਨਾ' ਕਾਰਨ ਜਲੰਧਰ 'ਚ 6ਵੀਂ ਮੌਤ, ਲੁਧਿਆਣਾ ਦੇ CMC 'ਚ ਬਜ਼ੁਰਗ ਨੇ ਤੋੜਿਆ ਦਮ
ਹਰੇਕ ਪਰਿਵਾਰ 'ਤੇ ਸਿਹਤ ਵਿਭਾਗ ਦੀਆਂ ਟੀਮਾਂ ਰੱਖ ਰਹੀਆਂ ਨਜ਼ਰ : ਸਿਵਲ ਸਰਜਨ
ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਅਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਜ਼ਿਲੇ ਭਰ 'ਚ 54 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਹੈ, ਉੱਥੇ ਅਮਨ ਨਗਰ 'ਚ ਰਹਿਣ ਵਾਲੇ ਡਾਕਟਰ ਦੇ ਸੰਪਰਕ 'ਚ ਆਏ ਕਰੀਬ 12 ਲੋਕਾਂ ਦੀ ਸੈਂਪਲਿੰਗ ਕਰਕੇ ਉਨ੍ਹਾਂ ਨੂੰ ਘਰਾਂ 'ਚ ਹੀ ਆਈਸੋਲੇਟ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਕਤ ਨਗਰ 'ਚ ਰਹਿਣ ਵਾਲੇ ਹਰੇਕ ਪਰਿਵਾਰ ਦਾ ਸਿਹਤ ਵਿਭਾਗ ਦੀਆਂ ਟੀਮਾਂ ਨਜਰ ਰੱਖ ਰਹੀਆਂ ਹਨ। ਉਨ੍ਹਾਂ ਸ਼ਹਿਰ ਵਾਸੀਆਂ ਤੋਂ ਅਪੀਲ ਕੀਤੀ ਕਿ ਜੇਕਰ ਕੋਰੋਨਾ 'ਤੇ ਜਿੱਤ ਪਾਉਣੀ ਹੈ ਤਾ ਸਾਨੂੰ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਵਿਸ਼ੇਸ਼ ਹਦਾਇਤਾਂ ਤੇ ਇਹਤਿਹਾਤ ਦਾ ਧਿਆਨ ਰੱਖਣਾ ਪਵੇਗਾ। ਇਸ ਤੋਂ ਇਲਾਵਾ ਬਾਹਰ ਤੋਂ ਘਰ ਦਾਖਲ ਹੋਣ ਦੇ ਬਾਅਦ ਹੱਥ, ਪੈਰ ਅਤੇ ਮੂੰਹ ਚੰਗੀ ਤਰ੍ਹਾਂ ਸਾਫ ਕਰੋ। ਸੋਸ਼ਲ ਡਿਸਟੈਂਸ ਬਣਾਏ ਰੱਖੋ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਕਾਰਨ ਅੰਮ੍ਰਿਤਸਰ ਜ਼ਿਲੇ ਵਿਚ ਚੌਥੀ ਮੌਤ, ਸੂਬੇ 'ਚ 33 ਤਕ ਪੁੱਜਾ ਅੰਕੜਾ