ਕਪੂਰਥਲਾ 'ਚ ਦੋ ਹੋਰ ਮਰੀਜ਼ਾਂ ਨੇ 'ਕੋਰੋਨਾ' ਵਿਰੁੱਧ ਕੀਤੀ ਫਤਿਹ ਹਾਸਲ
Saturday, May 30, 2020 - 12:18 PM (IST)
ਕਪੂਰਥਲਾ (ਮਹਾਜਨ)— ਕਪੂਰਥਲਾ ਜ਼ਿਲ੍ਹੇ 'ਚ ਇਕ ਹਫਤੇ 'ਚ 400 ਦੇ ਲਗਭਗ ਸ਼ੱਕੀ ਮਰੀਜਾਂ ਦੇ ਨਮੂਨੇ ਲਏ ਗਏ ਅਤੇ ਸਾਰੇ ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ। ਇਕ ਵੀ ਕੇਸ ਪਾਜ਼ੇਟਿਵ ਨਹੀਂ ਰਿਹਾ, ਜਿਸ ਕਰਕੇ ਕਪੂਰਥਲਾ ਗ੍ਰੀਨ ਜ਼ੋਨ 'ਚ ਆ ਗਿਆ ਹੈ। ਸ਼ੁੱਕਰਵਾਰ ਨੂੰ ਕੋਰੋਨਾ ਤੋਂ ਇਕ ਮਹਿਲਾ ਸਮੇਤ ਦੋ ਨੂੰ ਕੋਰੋਨਾ ਮੁਕਤ ਹੋਣ 'ਤੇ ਡਿਸਚਾਰਜ ਕਰ ਦਿੱਤਾ ਗਿਆ। ਇਸ ਸਮੇਂ ਸਰਕੁਲਰ ਰੋਡ 'ਤੇ ਬਣਾਏ ਆਈਸੋਲੇਸ਼ਨ ਵਾਰਡ 'ਚ ਮਹਾਰਾਸ਼ਟਰ ਤੋਂ ਆਇਆ ਬੇਗੋਵਾਲ ਦੇ ਜੈਨ ਪਿੰਡ ਦਾ ਇਕ ਨੌਜਵਾਨ ਜ਼ੇਰੇ ਇਲਾਜ ਹੈ। ਉਸ ਦੀ ਸਥਿਤੀ 'ਚ ਵੀ ਕਾਫੀ ਸੁਧਾਰ ਹੋ ਰਿਹਾ ਹੈ।
ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ 'ਚ ਸੁੱਕਰਵਾਰ ਤੱਕ 2476 ਨਮੂਨੇ ਲਏ ਗਏ ਹਨ। ਜਿਨ੍ਹਾਂ 'ਚੋਂ 2016 ਨੈਗਟਟਿਵ ਆਏ ਸਨ, ਪੈਡਿੰਗ 256 ਚੱਲ ਰਹੇ ਹਨ ਅਤੇ ਪਾਜ਼ੇਟਿਵ ਗਿਣਤੀ 37 ਚੱਲ ਰਹੀ ਹੈ, ਜਿਨ੍ਹਾਂ 'ਚੋਂ 3 ਦੀ ਮੌਤ ਗਈ ਅਤੇ 33 ਨੂੰ ਠੀਕ ਹੋਣ 'ਤੇ ਛੁੱਟੀ ਦੇ ਦਿੱਤੀ ਗਈ ਹੈ।
ਸ਼ੁੱਕਰਵਾਰ ਨੂੰ ਫਗਵਾੜਾ ਦੀ ਮਹਿਲਾ ਅਤੇ ਮਨਸੂਰਵਾਲ ਬੇਟ ਦਾ ਇਕ ਨੌਜਵਾਨ ਪੂਰੀ ਤਰ੍ਹਾਂ ਠੀਕ ਹੋਣ 'ਤੇ ਉਨ੍ਹਾਂ ਨੂੰ ਵੀ ਛੁੱਟੀ ਦੇ ਦਿੱਤੀ ਗਈ ਹੈ। ਕਪੂਰਥਲਾ ਦੇ ਗ੍ਰੀਨ ਜ਼ੋਨ 'ਚ ਆਉਣ 'ਤੇ ਡਾਕਟਰਾਂ, ਨਰਸਾਂ, ਪੁਲਸ ਅਤੇ ਸਹਿਰ ਵਾਸੀਆਂ ਨੇ ਪੂਰਾ ਸਹਿਯੋਗ ਦਿੱਤਾ ਹੈ, ਜਿਸ ਦੀ ਬਦੌਲਤ ਕਪੂਰਥਲਾ 'ਚ ਪਿਛਲੇ 6 ਦਿਨਾਂ 'ਚ ਕੀਤੇ ਗਏ ਸਭ ਟੈਸਟਾਂ ਦੀ ਰਿਪੋਰਟ ਨੈਗਟਿਵ ਆਈ ਹੈ।ਇਸ ਮੌਕੇ ਐੱਸ. ਐੱਮ. ਓ. ਡਾ. ਤਾਰਾ ਸਿੰਘ, ਡਾ. ਸੰਦੀਪ ਧਵਨ, ਡਾ. ਮੋਹਨਪ੍ਰੀਤ, ਡਾ. ਸੰਦੀਪ ਭੋਲਾ ਅਤੇ ਹੋਰ ਸਟਾਫ ਹਾਜ਼ਰ ਸਨ।