ਜਲੰਧਰ ਜ਼ਿਲ੍ਹੇ 'ਚ ਕੋਰੋਨਾ ਕਾਰਨ 2 ਪੀੜਤਾਂ ਦੀ ਮੌਤ, 400 ਤੋਂ ਵਧੇਰੇ ਦੀ ਰਿਪੋਰਟ ਆਈ ਪਾਜ਼ੇਟਿਵ
Friday, Apr 16, 2021 - 05:14 PM (IST)
ਜਲੰਧਰ (ਰੱਤਾ)– ਪਿਛਲੇ ਕਈ ਮਹੀਨਿਆਂ ਤੋਂ ਜਾਰੀ ਕੋਰੋਨਾ ਦਾ ਕਹਿਰ ਅਜੇ ਵੀ ਰੁਕਦਾ ਵਿਖਾਈ ਨਹੀਂ ਦੇ ਰਿਹਾ। ਸਰਕਾਰ ਕੋਰੋਨਾ ਵਾਇਰਸ ’ਤੇ ਕਾਬੂ ਪਾਉਣ ਲਈ ਵੈਕਸੀਨੇਸ਼ਨ ’ਤੇ ਜ਼ੋਰ ਦੇ ਰਹੀ ਹੈ ਪਰ ਲੋਕਾਂ ਦੀ ਲਾਪ੍ਰਵਾਹੀ ਇਸ ਵਾਇਰਸ ਨੂੰ ਬੜ੍ਹਾਵਾ ਦੇਣ ਵਿਚ ਕੋਈ ਕਸਰ ਨਹੀਂ ਛੱਡ ਰਹੀ। ਵੀਰਵਾਰ ਨੂੰ ਜ਼ਿਲ੍ਹੇ ਵਿਚ ਜਿੱਥੇ 405 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਉਥੇ ਹੀ 3 ਹੋਰ ਇਲਾਜ ਅਧੀਨ ਮਰੀਜ਼ਾਂ ਨੇ ਇਸ ਵਾਇਰਸ ਨਾਲ ਲੜਦਿਆਂ ਦਮ ਤੋੜ ਦਿੱਤਾ।
ਜ਼ਿਲ੍ਹਾ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਮਹਿਕਮੇ ਨੂੰ ਸ਼ੁੱਕਰਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁੱਲ 468 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ ਕੁਝ ਲੋਕ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਨਾਲ ਸਬੰਧਤ ਪਾਏ ਗਏ। ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 405 ਮਰੀਜ਼ਾਂ ਵਿਚ ਸਰਕਾਰੀ ਡਾਕਟਰ, ਕੋਆਪ੍ਰੇਟਿਵ ਬੈਂਕ ਦਾ ਕਰਮਚਾਰੀ, ਗਰਲਜ਼ ਕਾਲਜ ਅਤੇ ਐੱਨ. ਆਈ. ਟੀ. ਦੇ ਸਟਾਫ ਮੈਂਬਰ, ਗੋਲਡਨ ਐਵੇਨਿਊ, ਗਰੀਨ ਮਾਡਲ ਟਾਊਨ, ਗੁਰੂ ਰਾਮਦਾਸ ਐਨਕਲੇਵ ਅਤੇ ਬਸਤੀ ਸ਼ੇਖ ਦੇ ਕੁਝ ਪਰਿਵਾਰਾਂ ਦੇ 3 ਜਾਂ 4 ਮੈਂਬਰ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਬਾਕੀ ਦੇ ਮਰੀਜ਼ਾਂ ਵਿਚੋਂ ਕੁਝ ਗਾਰਡਨ ਕਾਲੋਨੀ, ਗੁਰੂ ਤੇਗ ਬਹਾਦਰ ਨਗਰ, ਛੋਟੀ ਬਾਰਾਦਰੀ, ਮਾਸਟਰ ਤਾਰਾ ਸਿੰਘ ਨਗਰ, ਮੋਤਾ ਸਿੰਘ ਨਗਰ, ਨਵੀਂ ਬਾਰਾਦਰੀ, ਅਰਬਨ ਅਸਟੇਟ, ਜੇ. ਪੀ. ਨਗਰ, ਸ਼ਕਤੀ ਨਗਰ, ਵਿਜੇ ਨਗਰ, ਗੋਪਾਲ ਨਗਰ, ਦਿਲਬਾਗ ਨਗਰ, ਲਕਸ਼ਮੀਪੁਰਾ, ਟਾਵਰ ਐਨਕਲੇਵ, ਗਰੋਵਰ ਕਾਲੋਨੀ, ਮੁਹੱਲਾ ਗੋਬਿੰਦਗੜ੍ਹ, ਬਸੰਤ ਐਵੇਨਿਊ, ਬਸਤੀ ਬਾਵਾ ਖੇਲ, ਐੱਫ. ਸੀ. ਆਈ. ਕਾਲੋਨੀ, ਜਲੰਧਰ ਹਾਈਟਸ, ਮੁਹੱਲਾ ਪੁਰਾਣੀ ਕਚਹਿਰੀ, ਸੰਜੇ ਗਾਂਧੀ ਨਗਰ, ਪੱਕਾ ਬਾਗ, ਪ੍ਰੋਫੈਸਰ ਕਾਲੋਨੀ, ਸਤਿਕਰਤਾਰ ਨਗਰ, ਕ੍ਰਿਸ਼ਨਾ ਨਗਰ ਆਦਿ ਇਲਾਕਿਆਂ ਸਮੇਤ ਜ਼ਿਲੇ ਦੇ ਵੱਖ-ਵੱਖ ਪਿੰਡਾਂ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ : ਪਲਾਂ 'ਚ ਉੱਜੜੀਆਂ ਖ਼ੁਸ਼ੀਆਂ, 27 ਸਾਲਾ ਪੁੱਤ ਦੀ ਅਚਾਨਕ ਹੋਈ ਮੌਤ ਨੂੰ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ
ਇਨ੍ਹਾਂ ਤੋੜਿਆ ਦਮ
51 ਸਾਲਾ ਰਾਜੇਸ਼ ਕੁਮਾਰ
52 ਸਾਲਾ ਨੀਤੀ ਸ਼ਰਮਾ
70 ਸਾਲਾ ਕਸ਼ਮੀਰਾ ਸ਼ਾਹ
4338 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 248 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਨੂੰ ਵੀਰਵਾਰ 4338 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 248 ਨੂੰ ਛੁੱਟੀ ਵੀ ਦੇ ਦਿੱਤੀ ਗਈ। ਮਹਿਕਮੇ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 4448 ਹੋਰ ਲੋਕਾਂ ਦੇ ਸੈਂਪਲ ਲਏ ਹਨ।
ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ
ਕੁਲ ਸੈਂਪਲ-832067
ਨੈਗੇਟਿਵ ਆਏ-752973
ਪਾਜ਼ੇਟਿਵ ਆਏ-35426
ਡਿਸਚਾਰਜ ਹੋਏ-31257
ਮੌਤਾਂ ਹੋਈਆਂ-1003
ਐਕਟਿਵ ਕੇਸ-3166
ਇਹ ਵੀ ਪੜ੍ਹੋ : ਦਾਜ ’ਚ ਕਾਰ ਨਾ ਲਿਆਉਣ ’ਤੇ ਸਹੁਰਿਆਂ ਨੇ ਵਿਖਾਏ ਤੇਵਰ, ਗਰਭਵਤੀ ਨੂੰਹ ਨੂੰ ਕੀਤਾ ਹਾਲੋ-ਬੇਹਾਲ
ਕੋਰੋਨਾ ਵੈਕਸੀਨੇਸ਼ਨ : 9970 ਲੋਕਾਂ ਨੂੰ ਲਾਈ ਵੈਕਸੀਨ
ਕੋਰੋਨਾ ’ਤੇ ਕਾਬੂ ਪਾਉਣ ਲਈ ਜਾਰੀ ਵੈਕਸੀਨੇਸ਼ਨ ਮਹਾ-ਮੁਹਿੰਮ ਤਹਿਤ ਵੀਰਵਾਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਅਤੇ ਮੋਬਾਇਲ ਵੈਨਜ਼ ਵੱਲੋਂ ਕੈਂਪ ਲਾ ਕੇ 9970 ਲੋਕਾਂ ਨੂੰ ਵੈਕਸੀਨ ਲਾਈ ਗਈ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਜਿਹੜੇ 9970 ਲੋਕਾਂ ਨੇ ਵੈਕਸੀਨ ਲੁਆਈ ਹੈ, ਉਨ੍ਹਾਂ ਵਿਚੋਂ 9013 ਨੇ ਪਹਿਲੀ ਅਤੇ 957 ਨੇ ਦੂਜੀ ਡੋਜ਼ ਲੁਆਈ। ਉਨ੍ਹਾਂ ਦੱਸਿਆ ਕਿ ਵੈਕਸੀਨ ਲੁਆਉਣ ਵਾਲਿਆਂ ਵਿਚ 45 ਸਾਲ ਤੋਂ ਵੱਧ ਉਮਰ ਦੇ 9199 ਲੋਕ, 547 ਫਰੰਟਲਾਈਨ ਵਰਕਰਜ਼ ਅਤੇ 224 ਹੈਲਥ ਕੇਅਰ ਵਰਕਰਜ਼ ਸਨ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?