ਜਲੰਧਰ: ਪ੍ਰਾਈਵੇਟ ਹਸਪਤਾਲ ਦੀ ਵੱਡੀ ਲਾਪਰਵਾਹੀ: ਕੋਰੋਨਾ ਨਾਲ ਮਰਨ ਵਾਲਿਆਂ ਦੀਆਂ ਮ੍ਰਿਤਕ ਦੇਹਾਂ ਬਦਲੀਆਂ
Sunday, Nov 22, 2020 - 11:03 AM (IST)
ਜਲੰਧਰ (ਜ. ਬ.)— ਪਠਾਨਕੋਟ ਰੋਡ 'ਤੇ ਸਥਿਤ ਸ਼੍ਰੀਮਨ ਹਸਪਤਾਲ 'ਚ ਅੱਜ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ, ਜਦੋਂ ਕੋਰੋਨਾ ਦੇ 2 ਮਰੀਜ਼ਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਬਦਲ ਗਈਆਂ। ਇਹੀ ਨਹੀਂ, ਇਕ ਪਰਿਵਾਰ ਨੇ ਤਾਂ ਦੂਜੇ ਮ੍ਰਿਤਕ ਦੀ ਦੇਹ ਲਿਜਾ ਕੇ ਅੰਤਿਮ ਸੰਸਕਾਰ ਵੀ ਕਰ ਦਿੱਤਾ। ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਇਕ ਪਰਿਵਾਰ ਵੱਲੋਂ ਮ੍ਰਿਤਕ ਦੀ ਸ਼ਨਾਖਤ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਜਿਹੜੀ ਮ੍ਰਿਤਕ ਦੇਹ ਵਿਖਾਈ ਜਾ ਰਹੀ ਸੀ, ਉਹ ਉਨ੍ਹਾਂ ਦੇ ਮਰੀਜ਼ ਦੀ ਨਾ ਹੋ ਕੇ ਕਿਸੇ ਹੋਰ ਦੀ ਸੀ। ਇਸ 'ਤੇ ਹਸਪਤਾਲ 'ਚ ਹੰਗਾਮਾ ਸ਼ੁਰੂ ਹੋ ਗਿਆ ਅਤੇ ਮਾਮਲਾ ਪੁਲਸ ਤੱਕ ਪਹੁੰਚ ਗਿਆ।
ਇਹ ਵੀ ਪੜ੍ਹੋ: ਲਗਜ਼ਰੀ ਗੱਡੀਆਂ ਦੇ ਸ਼ੌਕੀਨ 'ਡਰੱਗ ਕਿੰਗ' ਗੁਰਦੀਪ ਰਾਣੋ ਦੀ ਪਾਰਟਨਰ ਬੀਬੀ ਹਿਮਾਚਲ ਤੋਂ ਗ੍ਰਿਫ਼ਤਾਰ
ਸੂਚਨਾ ਮਿਲਣ 'ਤੇ ਡੀ. ਸੀ. ਪੀ. ਬਲਕਾਰ ਸਿੰਘ ਅਤੇ ਏ. ਸੀ. ਪੀ. ਨਾਰਥ ਸੁਖਜਿੰਦਰ ਸਿੰਘ ਅਤੇ ਥਾਣਾ ਨੰਬਰ 7 ਦੇ ਐੱਸ. ਐੱਚ. ਓ. ਕਮਲਜੀਤ ਸਿੰਘ ਪੁਲਸ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਦੇਰ ਰਾਤ ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਵੱਖ-ਵੱਖ ਧਾਰਾਵਾਂ ਤਹਿਤ ਹਸਪਤਾਲ ਖ਼ਿਲਾਫ਼ ਕੇਸ ਦਰਜ ਕਰ ਲਿਆ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਦੀ ਰਾਤ ਅਤੇ ਸ਼ਨੀਵਾਰ ਦੀ ਸਵੇਰੇ ਕੋਰੋਨਾ ਦੇ 2ਮਰੀਜ਼ਾਂ ਦੀ ਹਸਪਤਾਲ 'ਚ ਮੌਤ ਹੋ ਗਈ ਸੀ। ਮ੍ਰਿਤਕ ਜਸਪਾਲ ਸਿੰਘ ਫਗਵਾੜਾ ਦਾ ਰਹਿਣ ਵਾਲਾ ਸੀ, ਜਦੋਂ ਦੂਜਾ ਮਰੀਜ਼ ਤਰਸੇਮ ਲਾਲ ਮਾਡਲ ਹਾਊਸ ਜਲੰਧਰ ਦਾ ਰਹਿਣ ਵਾਲਾ ਸੀ। ਹਸਪਤਾਲ ਕੋਲੋਂ ਗਲਤੀ ਹੋਈ ਕਿ ਤਰਸੇਮ ਲਾਲ ਦੀ ਮ੍ਰਿਤਕ ਦੇਹ ਫਗਵਾੜਾ ਪਹੁੰਚ ਗਈ ਅਤੇ ਜਸਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ।
ਮਾਡਲ ਹਾਊਸ ਦੇ ਰਹਿਣ ਵਾਲੇ ਵਿਜੇ ਸਾਗਰ ਨੇ ਦੱਸਿਆ ਕਿ ਉਸ ਦੇ ਤਾਏ ਤਰਸੇਮ ਲਾਲ ਪੁੱਤਰ ਜਗਤ ਰਾਮ ਨੂੰ ਕੁਝ ਦਿਨ ਪਹਿਲਾਂ ਬੀਮਾਰ ਹੋਣ 'ਤੇ ਗੁਲਾਬ ਦੇਵੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। 20 ਨਵੰਬਰ ਨੂੰ ਉਨ੍ਹਾਂ ਦੀ ਹਾਲਤ ਗੰਭੀਰ ਹੋਣ 'ਤੇ ਸ਼੍ਰੀਮਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਸ਼ਨੀਵਾਰ ਸਵੇਰੇ ਕਰੀਬ 10 ਵਜੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਤਰਸੇਮ ਲਾਲ ਦੀ ਮੌਤ ਹੋ ਗਈ ਹੈ। ਇਸ 'ਤੇ ਪਰਿਵਾਰਕ ਮੈਂਬਰ ਹਸਪਤਾਲ ਪਹੁੰਚੇ ਅਤੇ ਤਰਸੇਮ ਲਾਲ ਦੀ ਪਤਨੀ ਗੁਰਮੇਲ ਕੌਰ ਨੇ ਆਪਣੇ ਪਤੀ ਦਾ ਚਿਹਰਾ ਵੇਖਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਵੱਡੀ ਵਾਰਦਾਤ: ਜਲੰਧਰ ਦੇ ਸ਼ਿਵ ਵਿਹਾਰ 'ਚ ਦਿਨ-ਦਿਹਾੜੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ
ਮ੍ਰਿਤਕ ਦਾ ਚਿਹਰਾ ਵੇਖ ਉੱਡੇ ਹੋਸ਼
ਦੁਪਹਿਰ 3 ਵਜੇ ਦੇ ਲਗਭਗ ਜਦੋਂ ਉਨ੍ਹਾਂ ਨੂੰ ਤਰਸੇਮ ਲਾਲ ਦਾ ਚਿਹਰਾ ਵਿਖਾਇਆ ਗਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ ਕਿਉਂਕਿ ਜਿਹੜੀ ਮ੍ਰਿਤਕ ਦੇਹ ਉਨ੍ਹਾਂ ਨੂੰ ਦਿਖਾਈ ਗਈ ਸੀ, ਉਹ ਤਰਸੇਮ ਲਾਲ ਦੀ ਨਾ ਹੋ ਕੇ ਕਿਸੇ ਹੋਰ ਦੀ ਸੀ। ਜਦੋਂ ਉਨ੍ਹਾਂ ਮ੍ਰਿਤਕ ਦੀ ਸ਼ਨਾਖਤ ਤੋਂ ਇਨਕਾਰ ਕਰ ਦਿੱਤਾ ਤਾਂ ਕਾਫ਼ੀ ਦੇਰ ਤੱਕ ਹਸਪਤਾਲ ਦੇ ਸਟਾਫ਼ ਨੇ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਅਤੇ ਦੇਰ ਸ਼ਾਮ ਉਨ੍ਹਾਂ ਨੂੰ ਦੱਸਿਆ ਗਿਆ ਕਿ ਤਰਸੇਮ ਲਾਲ ਦੀ ਮ੍ਰਿਤਕ ਦੇਹ ਨੂੰ ਫਗਵਾੜਾ ਦਾ ਪਰਿਵਾਰ ਲੈ ਗਿਆ ਸੀ ਅਤੇ ਉਸ ਦਾ ਫਗਵਾੜਾ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਸ 'ਤੇ ਉਨ੍ਹਾਂ ਪੁਲਸ ਨੂੰ ਸੂਚਨਾ ਦਿੱਤੀ। ਮ੍ਰਿਤਕ ਤਰਸੇਮ ਲਾਲ ਦੇ ਪੁੱਤਰ ਮੋਹਨ ਲਾਲ ਵਾਸੀ 37/12 ਮਾਡਲ ਹਾਊਸ ਜਲੰਧਰ ਨੇ ਦਿੱਤੀ ਸ਼ਿਕਾਇਤ ਵਿਚ ਹਸਪਤਾਲ ਦੀ ਮੈਨੇਜਮੈਂਟ 'ਤੇ ਲਾਪਰਵਾਹੀ ਦਾ ਦੋਸ਼ ਲਾਉਂਦਿਆਂ ਹਸਪਤਾਲ ਦਾ ਲਾਇਸੈਂਸ ਰੱਦ ਕਰਨ ਅਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਹਸਪਤਾਲ ਮੈਨੇਜਮੈਂਟ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਤਰਸੇਮ ਲਾਲ ਦੇ ਪਰਿਵਾਰਕ ਮੈਂਬਰਾਂ ਨੂੰ ਜਦੋਂ ਮ੍ਰਿਤਕ ਦੇਹ ਬਦਲ ਜਾਣ ਦਾ ਪਤਾ ਲੱਗਾ ਤਾਂ ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਲੈ ਕੇ ਹਸਪਤਾਲ ਦੀ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮ੍ਰਿਤਕ ਦੇ ਪੁੱਤਰ ਮੋਹਨ ਲਾਲ ਅਤੇ ਭਤੀਜੇ ਵਿਜੇ ਸਾਗਰ ਨੇ ਹਸਪਤਾਲ ਦੀ ਮੈਨੇਜਮੈਂਟ 'ਤੇ ਲਾਪਰਵਾਹੀ ਵਰਤਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਕ ਤਾਂ ਉਨ੍ਹਾਂ ਕੋਲੋਂ ਲੱਖ ਰੁਪਏ ਤੋਂ ਵੱਧ ਪੈਸੇ ਲੈ ਲਏ ਗਏ ਅਤੇ ਦੂਜੇ ਪਾਸੇ ਲਾਪ੍ਰਵਾਹੀ ਵਰਤਦਿਆਂ ਮ੍ਰਿਤਕ ਦੇਹ ਕਿਸੇ ਹੋਰ ਨੂੰ ਸੌਂਪ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੇ ਹਸਪਤਾਲ ਦੀ ਮੈਨੇਜਮੈਂਟ ਖ਼ਿਲਾਫ਼ ਕੇਸ ਦਰਜ ਨਾ ਕੀਤਾ ਤਾਂ ਉਹ ਭਲਕੇ ਹਾਈਵੇਅ ਜਾਮ ਕਰਨਗੇ।
ਇਹ ਵੀ ਪੜ੍ਹੋ: ਭਾਣਜੀ ਤੋਂ ਵੱਧ ਪਿਆਰੇ ਹੋਏ ਪੈਸੇ, ਮਾਮੀ ਦੇ ਸ਼ਰਮਨਾਕ ਕਾਰੇ ਨੂੰ ਜਾਣ ਹੋਵੋਗੇ ਤੁਸੀਂ ਵੀ ਹੈਰਾਨ
ਜਸਪਾਲ ਸਿੰਘ ਦੇ ਪਰਿਵਾਰਕ ਮੈਂਬਰ ਸ਼ਨਾਖਤ ਉਪਰੰਤ ਲੈ ਕੇ ਗਏ ਸਨ ਮ੍ਰਿਤਕ ਦੇਹ : ਮੈਨੇਜਮੈਂਟ
ਹਸਪਤਾਲ ਦੀ ਮੈਨੇਜਮੈਂਟ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਜਦੋਂ ਫਗਵਾੜਾ ਦੇ ਰਹਿਣ ਵਾਲੇ ਜਸਪਾਲ ਸਿੰਘ ਦੀ ਮ੍ਰਿਤਕ ਦੇਹ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪੀ ਗਈ ਤਾਂ ਉਸ ਦੀ ਬਕਾਇਦਾ ਸ਼ਨਾਖਤ ਕਰਵਾਈ ਗਈ ਸੀ। ਸ਼ਨਾਖਤ ਸਮੇਂ ਬਕਾਇਦਾ ਫੋਟੋ ਵੀ ਖਿੱਚੀ ਗਈ ਸੀ।
ਮ੍ਰਿਤਕ ਤਰਸੇਮ ਲਾਲ ਦੇ ਪੁੱਤਰ ਮੋਹਨ ਲਾਲ ਦੀ ਸ਼ਿਕਾਇਤ ਸਾਨੂੰ ਮਿਲ ਗਈ ਹੈ। ਪੁਲਸ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
-ਬਲਕਾਰ ਸਿੰਘ ਡੀ. ਸੀ. ਪੀ. ਜਲੰਧਰ
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਫਿਰ ਲਿਖੇ ਮਿਲੇ ਖਾਲਿਸਤਾਨ ਪੱਖੀ ਨਾਅਰੇ, ਪੁਲਸ ਨੂੰ ਪਈਆਂ ਭਾਜੜਾਂ