ਸੁਲਤਾਨਪੁਰ ਲੋਧੀ 'ਚ 'ਕੋਰੋਨਾ' ਕਾਰਨ ਪਹਿਲੀ ਮੌਤ, ਜਲੰਧਰ ਦੇ ਸਿਵਲ ਹਸਪਤਾਲ 'ਚ ਵਿਅਕਤੀ ਨੇ ਤੋੜਿਆ ਦਮ
Thursday, Jul 09, 2020 - 08:46 PM (IST)
ਜਲੰਧਰ/ਸੁਲਤਾਨਪੁਰ ਲੋਧੀ (ਰੱਤਾ, ਸੋਢੀ)— ਜਲੰਧਰ 'ਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਕੋਰੋਨਾ ਦੇ ਕਾਰਨ ਜਲੰਧਰ ਦੇ ਸਿਵਲ ਹਸਪਤਾਲ 'ਚ ਇਕ ਮਰੀਜ਼ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਦੇ ਨਾਲ ਹੀ ਇਕ ਹੋਰ ਮਰੀਜ਼ ਦੀ ਵੀ ਮੌਤ ਹੋਈ ਹੈ, ਜਿਸ ਦੀ ਕੋਰੋਨਾ ਜਾਂਚ ਲਈ ਨਮੂਨੇ ਭੇਜੇ ਗਏ ਹਨ ਅਤੇ ਰਿਪੋਰਟ ਆਉਣੀ ਅਜੇ ਬਾਕੀ ਹੈ। ਮਿਲੀ ਜਾਣਕਾਰੀ ਮੁਤਾਬਕ ਕੋਰੋਨਾ ਨਾਲ ਮਰਨ ਵਾਲਾ ਵਿਅਕਤੀ ਦੀ ਪਛਾਣ ਬਾਬਾ ਜਵਾਲਾ ਸਿੰਘ ਨਗਰ (ਨੇੜੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ) ਸੁਲਤਾਨਪੁਰ ਲੋਧੀ ਨਿਵਾਸੀ ਅਸ਼ੋਕ ਕੁਮਾਰ 54 ਸਾਲ ਵਜੋ ਹੋਈ ਹੈ। ਇਸ ਦੀ ਪੁਸ਼ਟੀ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਐੱਸ. ਐੱਮ. ਓ. ਡਾ. ਅਨਿਲ ਮਨਚੰਦਾ ਵੱਲੋਂ ਵੀ ਕੀਤੀ ਗਈ ਹੈ।
ਇਹ ਵੀ ਪੜ੍ਹੋ: 10 ਸਾਲ ਦੀ ਉਮਰ 'ਚ ਮਾਰੀਆਂ ਵੱਡੀਆਂ ਮੱਲਾਂ, ਲਾਂਚ ਕੀਤੀ 'ਮਿਸ਼ਨ ਫਤਿਹ' ਨਾਂ ਦੀ ਵੈੱਬਸਾਈਟ (ਵੀਡੀਓ)
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਆਪਣੇ ਗੁਰਦਿਆਂ ਦਾ ਇਲਾਜ ਕਰਵਾਉਣ ਲਈ ਜਲੰਧਰ ਦੇ ਇਕ ਨਿੱਜੀ ਹਸਪਤਾਲ ਚ ਦਾਖਲ ਹੋਇਆ ਸੀ, ਜਿੱਥੇ ਉਸ ਦੇ ਗੁਰਦਿਆਂ ਦਾ ਡਾਇਲਸੈਸ ਕੀਤਾ ਜਾਂਦਾ ਸੀ। ਜ਼ਿਆਦਾ ਸਿਹਤ ਖਰਾਬ ਹੋਣ ਕਰਕੇ ਉਸ ਨੂੰ ਸਿਵਲ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਸੀ। ਉਸ ਦੇ ਕੋਰੋਨਾ ਜਾਂਚ ਲਈ ਲੈ ਕੇ ਭੇਜੇ ਜਾਣ ਉਪਰੰਤ ਅਸ਼ੋਕ ਕੁਮਾਰ ਦੀ ਕੱਲ੍ਹ ਹੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ , ਜਿਸ ਦੀ ਇਲਾਜ ਦੌਰਾਨ ਅੱਜ ਮੌਤ ਹੋ ਗਈ। ਸੁਲਤਾਨਪੁਰ ਲੋਧੀ 'ਚ ਕੋਰੋਨਾ ਪੀੜਤ ਮਰੀਜ਼ ਦੀ ਇਹ ਪਹਿਲੀ ਮੌਤ ਹੈ, ਜਿਸ ਨਾਲ ਸਾਰੇ ਇਲਾਕੇ 'ਚ ਹੀ ਖੌਫ ਪਾਇਆ ਜਾ ਰਿਹਾ ਹੈ। ਬਾਬਾ ਜਵਾਲਾ ਸਿੰਘ ਨਗਰ ਦੇ ਉਸ ਇਲਾਕੇ ਨੂੰ ਸੀਲ ਕਰਕੇ ਸਿਹਤ ਮਹਿਕਮੇ ਵੱਲੋਂ ਕੋਰੋਨਾ ਪੀੜਤ ਦੇ ਸੰਪਰਕ 'ਚ ਆਏ ਹੋਰ ਲੋਕਾਂ ਦੇ ਅੱਜ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ 'ਚ ਨਮੂਨੇ ਲਏ ਜਾ ਰਹੇ ਹਨ।
ਇਹ ਵੀ ਪੜ੍ਹੋ: ਬਹੁਮੰਜ਼ਿਲਾਂ ਹੋਟਲ ਤੋਂ ਡਿੱਗਣ ਕਰਕੇ ਹੋਟਲ ਮੈਨੇਜਰ ਦੀ ਸ਼ੱਕੀ ਹਾਲਾਤ ’ਚ ਮੌਤ
ਜਲੰਧਰ 'ਚ 2 ਕੋਰੋਨਾ ਦੇ ਕੇਸ ਵੀ ਮਿਲੇ ਪਾਜ਼ੇਟਿਵ
ਇਸ ਦੇ ਨਾਲ ਹੀ ਜਲੰਧਰ 'ਚੋਂ ਫਿਰ ਤੋਂ 2 ਕੇਸ ਪਾਜ਼ੇਟਿਵ ਵੀ ਪਾਏ ਗਏ ਹਨ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਕਾਜ਼ੀ ਮੁਹੱਲੇ ਦੇ ਰਹਿਣ ਵਾਲੇ 2 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਹੈ। ਜ਼ਿਕਰਯੋਗ ਹੈ ਕਿ ਉਕਤ ਦੋਵੇਂ ਮਰੀਜ਼ ਪਹਿਲਾਂ ਤੋਂ ਪਾਜ਼ੇਟਿਵ ਪਾਏ ਗਏ ਇਕ ਮਰੀਜ਼ ਦੀ ਪਤਨੀ ਅਤੇ ਉਸ ਦਾ ਬੇਟਾ ਹੈ। ਇਥੇ ਦੱਸ ਦੇਈਏ ਕਿ ਜਲੰਧਰ 'ਚ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ ਇਕ ਹਜ਼ਾਰ ਦੇ ਪਾਰ ਹੋ ਚੁੱਕਾ ਹੈ, ਜਿਸ ਨਾਲ ਜਿੱਥੇ ਸਿਹਤ ਮਹਿਕਮਾ ਚਿੰਤਾ 'ਚ ਹੈ, ਉਥੇ ਹੀ ਲੋਕਾਂ 'ਚ ਵੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨ ਜਲੰਧਰ 'ਚ ਇਕੱਠੇ 71 ਪਾਜ਼ੇਟਿਵ ਕੇਸ ਪਾਏ ਗਏ ਸਨ।
ਇਹ ਵੀ ਪੜ੍ਹੋ:ਜਲੰਧਰ ਜ਼ਿਲ੍ਹੇ 'ਚ ਬੇਕਾਬੂ ਹੋਇਆ 'ਕੋਰੋਨਾ', ਪੀੜਤਾਂ ਦਾ ਅੰਕੜਾ ਪੁੱਜਾ 1000 ਦੇ ਪਾਰ