ਫਗਵਾੜਾ ਗੇਟ ਦੀ ਮਾਰਕਿਟ ਖੋਲ੍ਹਣ ਸਬੰਧੀ ਲਿਆ ਗਿਆ ਅਹਿਮ ਫੈਸਲਾ, ਲੱਗਣਗੇ ਆਡ-ਈਵਨ ਨੰਬਰ
Wednesday, May 13, 2020 - 01:40 PM (IST)
ਜਲੰਧਰ (ਸੁਧੀਰ)— ਬੀਤੇ ਦਿਨ ਸਵੇਰੇ ਫਗਵਾੜਾ ਗੇਟ ਵਿਖੇ ਕੁਝ ਦੁਕਾਨਦਾਰਾਂ ਦੀ ਗਲਤੀ ਨਾਲ ਮਾਰਕਿਟ ਬੰਦ ਹੋਣ ਤੋਂ ਬਾਅਦ ਦੇਰ ਸ਼ਾਮ ਫਗਵਾੜਾ ਗੇਟ ਮਾਰਕਿਟ ਐਸੋਸੀਏਸ਼ਨ ਨੇ ਥਾਣਾ-3 ਵਿਚ ਏ. ਡੀ. ਸੀ. ਪੀ. ਸਿਟੀ-1 ਡੀ ਸੁਡਰਵਿਜੀ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ । ਉਨ੍ਹਾਂ ਨੇ ਫਗਵਾੜਾ ਗੇਟ ਵਿਖੇ ਪੱਖੇ, ਕੂਲਰ ਅਤੇ ਏ. ਸੀ. ਰਿਪੇਅਰ ਅਤੇ ਵੇਚਣ ਵਾਲੇ ਦੁਕਾਨਦਾਰਾਂ ਨੂੰ ਰਾਹਤ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਏ. ਡੀ. ਸੀ. ਪੀ. ਸਿਟੀ-1 ਡੀ ਸੁਡਰਵਿਜੀ ਨੇ ਦੱਸਿਆ ਕਿ ਫਗਵਾੜਾ ਗੇਟ ਦੇ ਦੁਕਾਨਦਾਰਾਂ ਨਾਲ ਹੋਈ ਮੀਟਿੰਗ 'ਚ ਇਹ ਫੈਸਲਾ ਲਿਆ ਕਿ ਫਗਵਾੜਾ ਗੇਟ ਮਾਰਕਿਟ ਦੇ ਦੁਕਾਨਦਾਰ ਵੀ ਆਪਣੀਆਂ ਦੁਕਾਨਾਂ ਆਡ ਐਂਡ ਈਵਨ ਨੰਬਰ ਨਾਲ ਖੋਲ੍ਹ ਸਕਣਗੇ, ਜਦ ਕਿ ਸਾਰੇ ਦੁਕਾਨਦਾਰ ਇਕੱਠੇ ਦੁਕਾਨਾਂ ਨਹੀਂ ਖੋਲ੍ਹ ਸਕਣਗੇ। ਉਨ੍ਹਾਂ ਦੱਸਿਆ ਕਿ ਸੋਸਲ ਡਿਸਟੈਂਸਿੰਗ ਨੂੰ ਧਿਆਨ 'ਚ ਰੱਖਦਿਆਂ ਇਹ ਫੈਸਲਾ ਪੁਲਸ ਪ੍ਰਸ਼ਾਸਨ ਅਤੇ ਦੁਕਾਨਦਾਰਾਂ ਦੀ ਸਹਿਮਤੀ ਨਾਲ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਫਗਵਾੜਾ ਗੇਟ ਦੇ ਦੁਕਾਨਦਾਰਾਂ ਨੇ ਖੁਦ ਦੁਕਾਨਾਂ ਦੇ ਬਾਹਰ ਨੰਬਰ ਲਗਾਉਣ ਦੀ ਜ਼ਿੰਮੇਵਾਰੀ ਲਈ ਹੈ। ਬੁੱਧਵਾਰ ਤੱਕ ਸਾਰੀਆਂ ਦੁਕਾਨਾਂ ਦੇ ਨੰਬਰ ਲੱਗ ਜਾਣਗੇ, ਜਿਸ ਦੀ ਉਹ ਜਾਂਚ ਕਰੇਗੀ। ਉਨ੍ਹਾਂ ਦੱਸਿਆ ਕਿ ਡੀ. ਸੀ. ਦੀਆਂ ਹਦਾਇਤਾਂ ਅਨੁਸਾਰ ਜਿਹੜੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ, ਉਹ ਹੀ ਸਿਰਫ ਦੁਕਾਨਾਂ ਖੋਲ੍ਹ ਸਕਣਗੇ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਹੋਰ ਦੁਕਾਨਦਾਰ ਕਰਫਿਊ ਨਿਯਮਾਂ ਅਤੇ ਡੀ. ਸੀ. ਦੇ ਹੁਕਮਾਂ ਦੀ ਉਲੰਘਣਾ ਕਰਦਾ ਫੜਿਆ ਗਿਆ, ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ । ਇਸ ਦੇ ਨਾਲ ਉਨ੍ਹਾਂ ਦੱਸਿਆ ਕਿ ਮਾਈ ਹੀਰਾਂ ਗੇਟ ਵਿਖੇ ਕਿਤਾਬਾਂ ਦੇ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਵੀ ਆਡ ਐਂਡ ਈਵਨ ਅਨੁਸਾਰ ਦੁਕਾਨਾਂ ਖੋਲ੍ਹਣ ਦੀ ਗੱਲ ਕਹੀ ਹੈ । ਉਕਤ ਦੁਕਾਨਦਾਰਾਂ ਨੇ ਵੀ ਉਨ੍ਹਾਂ ਦੀ ਗੱਲ 'ਤੇ ਸਹਿਮਤੀ ਪ੍ਰਗਟਾਈ ਹੈ ।