ਕਰਫਿਊ ਦੌਰਾਨ ਜਲੰਧਰ ਵਾਸੀਆਂ ਲਈ ਅਹਿਮ ਖਬਰ, ਮਿਲੀ ਇਹ ਛੋਟ

03/30/2020 6:22:45 PM

ਜਲੰਧਰ— ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਪੰਜਾਬ ਭਰ 'ਚ ਕਰਫਿਊ ਲਗਾਇਆ ਗਿਆ ਹੈ। ਹੁਣ ਤੱਕ ਪੰਜਾਬ 'ਚੋਂ ਕੁੱਲ 39 ਕੇਸ ਪਾਜ਼ੀਟਿਵ ਪਾਏ ਗਏ ਹਨ ਅਤੇ ਦੋ ਲੋਕਾਂ ਦੀ ਮੌਤ ਵੀ ਹੋ ਗਈ ਹੈ। ਲਗਾਏ ਗਏ ਕਰਫਿਊ ਦੌਰਾਨ ਲੋਕਾਂ ਦੀ ਲੋੜੀਂਦੀਆਂ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਤਾਜ਼ਾ ਹੁਕਮ ਜਾਰੀ ਕਰਕੇ ਵਿਸ਼ੇਸ਼ ਛੋਟ ਦਿੱਤੀ ਗਈ ਹੈ।

ਰੋਜ਼ਾਨਾ 11 ਤੋਂ 2 ਵਜੇ ਤੱਕ ਲੋਕ ਏ. ਟੀ. ਐੱਮ. ਤੇ ਬੈਂਕਾਂ 'ਚ ਜਾ ਕੇ ਕੱਢਵਾ ਸਕਣਗੇ ਪੈਸੇ 
ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਰੋਜ਼ਾਨਾ 11 ਵਜੇ ਤੋਂ ਲੈ ਕੇ 2 ਵਜੇ ਤੱਕ ਲੋਕ ਏ. ਟੀ. ਐੱਮ. 'ਤੇ ਜਾ ਕੇ ਪੈਸੇ ਕੱਢਵਾ ਸਕਣਗੇ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਮੋਟਰਸਾਈਕਲ ਜਾਂ ਕਾਰ ਰਾਹੀ ਨਹੀਂ ਜਾ ਸਕੇਗਾ ਸਿਰਫ ਪੈਦਲ ਜਾ ਕੇ ਹੀ ਏ. ਟੀ. ਐੱਮ. 'ਚੋਂ ਪੈਸੇ ਕੱਢਵਾ ਸਕੇਗਾ। ਇਸ ਦੇ ਨਾਲ ਹੀ ਲੋਕ ਏ. ਟੀ. ਐੱਮ. ਦੇ ਬਾਹਰ ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਰੱਖਣਗੇ। ਇਸ ਤੋਂ ਇਲਾਵਾ 11 ਵਜੇ ਤੋਂ ਲੈ ਕੇ 2 ਵਜੇ ਤੱਕ ਜਿਨ੍ਹਾਂ ਕੋਲ ਏ. ਟੀ. ਐੱਮ. ਨਹੀਂ ਹਨ, ਉਨ੍ਹਾਂ ਲਈ ਬੈਂਕ ਵੀ ਖੁੱਲ੍ਹੇ ਰਹਿਣਗੇ।
ਉਨ੍ਹਾਂ ਕਿਹਾ ਕਿ ਬੈਂਕ ਮੈਨੇਜਰ ਯਕੀਨੀ ਬਣਾਉਣਗੇ ਕਿ ਜਿਸ ਵਿਅਕਤੀ ਕੋਲ ਏ. ਟੀ. ਐੈੱਮ. ਕਾਰਡ ਹੋਵੇਗਾ ਉਸ ਨੂੰ ਬੈਂਕ 'ਚ ਐਂਟਰ ਨਹੀਂ ਕੀਤਾ ਜਾਵੇਗਾ। ਵਰਿੰਦਰ ਸ਼ਰਮਾ ਨੇ ਕਿਹਾ ਕਿ ਏ. ਟੀ. ਐੈੱਮ. ਦੇ ਹੈਂਡਲ, ਦਰਵਾਜ਼ਿਆਂ, ਗਾਰਡ ਸਣੇ ਬੈਂਕਾਂ ਨੂੰ ਸੈਨੇਟਾਈਜ਼ ਕਰਨ ਸਣੇ ਜ਼ਿਲਾ ਪ੍ਰਸ਼ਾਸਨ ਦੀਆਂ ਹਦਾਇਤਾਂ ਨੂੰ ਲਾਗੂ ਕਰਵਾਉਣ ਦੀ ਸਾਰੀ ਜ਼ਿੰਮੇਵਾਰੀ ਬੈਂਕ ਮੈਨੇਜਰਾਂ ਦੀ ਹੋਵੇਗੀ। ਇਸ ਤੋਂ ਇਲਾਵਾ ਟਰੇਡਰਸ ਬੈਂਕਾਂ 'ਚ ਪੈਸੇ ਜਮ੍ਹਾ ਕਰਵਾਉਣ ਜਾਂ ਫਿਰ ਹੋਰ ਟਰਾਂਜ਼ੈਕਸ਼ਨ ਲਈ ਬੈਂਕਾਂ 'ਚ ਜਾ ਸਕਣਗੇ। ਉਨ੍ਹਾਂ ਕਿਹਾ ਕਿ ਅੱਜ ਗਰੀਬ ਲੋਕ ਬੈਂਕਾਂ 'ਚ ਜਾ ਕੇ ਪੈਸੇ ਲੈ ਸਕਦੇ ਗਨ ਅਤੇ ਕੱਲ੍ਹ ਤੋਂ ਟਰੇਡਰਸ ਬੈਂਕਾਂ 'ਚ ਜਾ ਕੇ ਪੈਸੇ ਜਮ੍ਹਾ ਜਾਂ ਹੋਰ ਟਰਾਂਜ਼ੈਕਸ਼ਨ ਕਰਵਾ ਸਕਣਗੇ। ਉਨ੍ਹਾਂ ਅਪੀਲ ਕਰਦੇ ਹੋਏ ਕਿਹਾ ਕਿ ਬੈਂਕਾਂ 'ਚ ਵੀ ਇਕਦਮ ਭੀੜ ਨਹੀਂ ਲਗਾਉਣੀ ਹੈ। ਬੈਂਕ ਜਾਂਦੇ ਸਮੇਂ ਅਤੇ ਘਰ ਆ ਕੇ ਵੀ ਲੋਕ ਚੰਗੀ ਤਰ੍ਹਾਂ ਹੱਥਾਂ ਨੂੰ ਸਾਫ ਕਰਨ। 

ਇਹ ਵੀ ਪੜ੍ਹੋ : ਕੋਰੋਨਾ ਸੰਕਟ 'ਚ ਲੋਕਾਂ ਦੀ ਮਦਦ ਲਈ ਅੱਗੇ ਆਏ ਸੁਖਬੀਰ ਬਾਦਲ, ਕੀਤਾ ਵੱਡਾ ਐਲਾਨ

PunjabKesari
ਜ਼ਿਲੇ ਦੇ ਸਾਰੇ ਪੈਟਰੋਲ ਪੰਪ ਖੁੱਲ੍ਹੇ ਰਹਿਣਗੇ 24 ਘੰਟੇ
ਇਸ ਦੇ ਨਾਲ ਹੀ ਜਲੰਧਰ ਜ਼ਿਲੇ 'ਚ 24 ਘੰਟੇ ਪੈਟਰੋਲ ਪੰਪ ਖੁੱਲ੍ਹਣ ਦੀ ਵੀ ਆਗਿਆ ਦਿੱਤੀ ਗਈ ਹੈ। ਹਰ ਪੈਟਰੋਲ ਪੰਪ 'ਤੇ ਇਕ ਕਰਿੰਦਾ ਹੀ ਹਾਜ਼ਰ ਰਹੇਗਾ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ ਟਰੱਕਾਂ 'ਚ ਮਾਲ ਢੋਹਣਾ ਹੈ, ਉਹੀ ਸਿਰਫ ਪੈਟਰੋਲ ਪੰਪਾਂ 'ਤੇ ਜਾ ਕੇ ਪੈਟਰੋਲ ਪੁਆ ਸਕਣਗੇ। ਸਿਰਫ ਜ਼ਰੂਰੀ ਵਸਤਾਂ ਦੀ ਢੋਆ-ਢੁਆਈ ਲਈ ਹੀ ਪੈਟਰੋਲ ਪੰਪ ਖੁੱਲ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਬਿਨ੍ਹ੍ਹਾਂ ਜ਼ਰੂਰੀ ਕੰਮ ਤੋਂ ਪੈਟਰੋਲ ਪੁਆਉਣ ਲਈ ਆਇਆ ਤਾਂ ਉਨ੍ਹਾਂ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲੇ 'ਚ ਮੋਟਰਸਾਈਕਲ, ਸਕਟੂਰੀ ਤਾਂ ਚੱਲਣੇ ਨਹੀਂ ਹਨ, ਤਾਂ ਉਨ੍ਹਾਂ ਨੇ ਪੈਟਰੋਲ ਕਿਸ ਵਾਸਤੇ ਪੁਆਉਣ ਲਈ ਜਾਣਾ ਹੈ। ਜੇਕਰ ਕੋਈ ਬਿਨਾਂ ਵਜ੍ਹਾ ਤੋਂ ਪੈਟਰੋਲ ਪੁਆਵੇਗਾ ਤਾਂ ਉਸ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ। 

ਸਕੂਲ ਬੰਦ, ਬੱਚੇ ਘਰ ਬੈਠੇ ਹਨ ਤਾਂ ਸਕੂਲ ਫੀਸ ਵਸੂਲੀ ਦੇ ਨਹੀਂ ਭੇਜਣਗੇ ਨੋਟਿਸ

ਪ੍ਰਬੰਧਕਾਂ ਨੇ ਕੋਤਾਹੀ ਵਰਤਣੀ ਤਾਂ ਕਾਰਵਾਈ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਮਾਨਤਾ ਰੱਦ ਕਰਨ ਲਈ ਕਰੇਗਾ ਲਿਖਤੀ ਸ਼ਿਕਾਇਤ


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਸ਼ਿਕਾਇਤਾਂ ਮਿਲੀਆਂ ਹਨ ਕਿ ਜ਼ਿਲੇ ਦੇ ਸਾਰੇ ਸਕੂਲ ਬੰਦ ਹਨ ਅਤੇ ਬੱਚੇ ਘਰ ਬੈਠੇ ਹਨ, ਫਿਰ ਵੀ ਸਕੂਲ ਪ੍ਰਬੰਧਨ ਫੀਸ ਜਮ੍ਹਾ ਕਰਵਾਉਣ ਦੇ ਨੋਟਿਸ ਸਬੰਧੀ ਮੈਸੇਜ ਭੇਜ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਹ ਸਾਰੇ ਸਕੂਲਾਂ ਨੂੰ ਸਪੱਸ਼ਟ ਕਰ ਦੇਣਾ ਚਾਹੁੰਦੇ ਹਨ ਕਿ ਉਹ ਸਕੂਲਾਂ ਦੇ ਬੰਦ ਸਮੇਂ ਦੌਰਾਨ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਤਰ੍ਹਾਂ ਦੇ ਨੋਟਿਸ ਨਹੀਂ ਭੇਜਣਗੇ, ਜਿਸ ਨਾਲ ਬੱਚਿਆਂ ਦੇ ਮਾਂ-ਬਾਪ 'ਤੇ ਫੀਸ ਦੇਣ ਦਾ ਬੋਝ ਪਏ। ਉਨ੍ਹਾਂ ਕਿਹਾ ਕਿ ਫੀਸ ਵਸੂਲਣ ਦਾ ਕੰਮ ਉਦੋਂ ਸ਼ੁਰੂ ਹੋਵੇਗਾ ਜਦੋਂ ਬੱਚੇ ਸਕੂਲ ਜਾਣਾ ਸ਼ੁਰੂ ਕਰ ਦੇਣਗੇ ਅਤੇ ਸਕੂਲ ਰੁਟੀਨ 'ਚ ਆਪਣਾ ਕੰਮ ਸ਼ੁਰੂ ਕਰ ਦੇਣਗੇ। ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਚਾਹੇ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸੀ. ਬੀ. ਐੈੱਸ. ਈ. ਨਾਲ ਜੁੜਿਆ ਸਕੂਲ ਹੋਵੇ, ਜੇਕਰ ਕਿਸੇ ਸਕੂਲ ਨੇ ਕੋਤਾਹੀ ਕੀਤੀ ਤਾਂ ਅਜਿਹੇ ਸਕੂਲਾਂ ਖਿਲਾਫ ਕਾਰਵਾਈ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਸਕੂਲ ਦੀ ਮਾਨਤਾ ਨੂੰ ਰੱਦ ਕਰਨ ਲਈ ਲਿਖਤੀ ਸ਼ਿਕਾਇਤ ਕਰੇਗਾ।

ਅਖਬਾਰ ਵੰਡਣ ਵਾਲਿਆਂ ਨਹੀਂ ਜਾਵੇਗਾ ਰੋਕਿਆ
ਵਰਿੰਦਰ ਸ਼ਰਮਾ ਨੇ ਦੱਸਿਆ ਕਿ ਕਰਫਿਊ ਦੌਰਾਨ ਅਖਬਾਰਾਂ ਦੀ ਘਰ-ਘਰ ਸਪਲਾਈ ਦੇਣ ਵਾਲੇ ਸਾਰੇ ਹਾਕਰਾਂ ਨੂੰ ਕਰਫਿਊ 'ਚ ਛੋਟ ਹੋਵੇਗੀ। ਇਸ ਤੋਂ ਇਲਾਵਾ ਅਖਬਾਰ ਢੁਆਈ ਦੇ ਕੰਮ ਵਿਚ ਸ਼ਾਮਲ ਵਾਹਨ ਵੀ ਕਰਫਿਊ ਦੌਰਾਨ ਕੰਮ ਕਰ ਸਕਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰਫਿਊ ਦੌਰਾਨ ਲਾਏ ਗਏ ਨਾਕਿਆਂ 'ਤੇ ਹਾਕਰਾਂ ਅਤੇ ਉਨ੍ਹਾਂ ਦੇ ਵਾਹਨਾਂ ਨੂੰ ਰੋਕਿਆ ਨਹੀਂ ਜਾਏਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਹੁਕਮਾਂ ਸਬੰਧੀ ਉਨ੍ਹਾਂ ਦੇ ਜ਼ਿਲੇ ਦੇ ਸਾਰੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਦਿੱਤਾ ਹੈ, ਜਿਸ ਕਾਰਣ ਅਖਬਾਰਾਂ ਦੀ ਸਪਲਾਈ ਦੇਣ ਵਾਲੇ ਹਾਕਰ ਬੇਝਿਜਕ ਆਪਣਾ ਕੰਮ ਕਰ ਸਕਦੇ ਹਨ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਸੰਕਟ ਦਰਮਿਆਨ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਐਲਾਨ    

PunjabKesari

ਪੰਜਾਬ ਛੱਡ ਕੇ ਜਾ ਰਹੇ ਲੋਕਾਂ ਵੀ ਕੀਤੀ ਇਹ ਅਪੀਲ 
ਉਨ੍ਹਾਂ ਕਿਹਾ ਕਿ ਮੇਰੇ ਪ੍ਰਵਾਸੀ ਵੀਰਾਂ ਨੇ ਸਾਡੇ ਪੰਜਾਬ ਦੀ ਅਰਥਵਿਵਸਥਾ 'ਚ ਬਹੁਤ ਹੀ ਸਹਿਯੋਗ ਪਾਇਆ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਇਹ ਔਖੀ ਘੜੀ 'ਚ ਪੈਦਲ ਘਰਾਂ ਨੂੰ ਜਾ ਰਹੇ ਹਨ ਜੋਕਿ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕ੍ਰਿਪਾ ਕਰਕੇ ਉਹ ਇਥੇ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਅਸੀਂ ਡੇਰਾ ਬਿਆਸ ਸਣੇ ਹੋਰ ਸੰਸਥਾਵਾਂ ਦੇ ਨਾਲ ਸੰਪਰਕ ਕੀਤਾ ਗਿਆ ਹੈ, ਜਿੱਥੇ ਰਹਿਣ ਲਈ ਕੈਂਪ ਸਥਾਪਤ ਕੀਤੇ ਜਾ ਰਹੇ ਹਨ, ਜਿੱਥੇ ਲੰਗਰ ਵੀ ਮੁਹੱਈਆ ਕਰਵਾਇਆ ਜਾਵੇਗਾ। ਜੇਕਰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਪੁਲਸ ਪ੍ਰਸ਼ਾਸਨ ਦੇ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕ੍ਰਿਪਾ ਕਰਕੇ ਉਹ ਪੰਜਾਬ 'ਚ ਹੀ ਰਹਿਣ ਅਤੇ ਆਪਣੇ ਘਰਾਂ ਨੂੰ ਨਾ ਜਾਣ। 

ਇਹ ਵੀ ਪੜ੍ਹੋ : ਜਲੰਧਰ: ਨਿਜਾਤਮ ਨਗਰ ਦੀ ਕੋਰੋਨਾ ਪੀੜਤ ਔਰਤ ਦੇ ਪਰਿਵਾਰ ਦੀ ਰਿਪੋਰਟ ਆਈ ਨੈਗੇਟਿਵ

ਅਫਵਾਹਾਂ ਤੋਂ ਬਚੋ 
ਉਥੇ ਹੀ ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਇਹ ਵੀ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਪੰਜਾਬ 'ਚ ਖਾਣੇ ਦੀ ਕਮੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ। ਆਪਣੇ ਗੋਦਾਮਾਂ 'ਚ ਦੋ ਸਾਲ ਦਾ ਖਾਣਾ ਪਿਆ ਹੈ। ਸਾਡੇ ਕੋਲ ਅਨਾਜ ਬੇਹੱਦ ਪਿਆ ਹੈ ਅਤੇ ਲੋੜਵੰਦਾਂ ਲੋਕਾਂ ਤੱਕ ਅਨਾਜ ਪਹੁੰਚਾਉਣ ਲਈ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਅਫਵਾਹਾਂ ਫੈਲਾਉਣ ਵਾਲਿਆਂ ਤੋਂ ਬਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਗੈਰ-ਜ਼ਰੂਰੀ ਕੰਮਾਂ ਤੋਂ ਬਾਹਰ ਆਇਆ ਤਾਂ ਜ਼ਿਲੇ 'ਚ ਦਿੱਤੀਆਂ ਜਾ ਰਹੀਆਂ ਸਾਰੀਆਂ ਛੋਟਾਂ ਵਾਪਸ ਲੈ ਲਈਆਂ ਜਾਣਗੀਆਂ।

ਇਹ ਵੀ ਪੜ੍ਹੋ : ਹੋਲੇ-ਮਹੱਲੇ ਤੋਂ ਪਰਤੇ ਵਿਅਕਤੀ ਦੀ ਸ਼ੱਕੀ ਹਾਲਾਤ 'ਚ ਮੌਤ, ਲਾਸ਼ ਨੂੰ ਹੱਥ ਲਾਉਣ ਤੋਂ ਵੀ ਕਤਰਾਉਣ ਲੱਗਾ ਪਰਿਵਾਰ


shivani attri

Content Editor

Related News