ਜਲੰਧਰ 'ਚ ਕੋਰੋਨਾ ਦੇ 29 ਨਵੇਂ ਮਾਮਲੇ ਆਏ ਸਾਹਮਣੇ, 394 ਦੀ ਰਿਪੋਰਟ ਆਈ ਨੈਗੇਟਿਵ
Saturday, Jul 25, 2020 - 08:47 PM (IST)
ਜਲੰਧਰ (ਰੱਤਾ)— ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਅਤੇ ਲਗਭਗ 4 ਮਹੀਨਿਆਂ 'ਚ ਕੋਰੋਨਾ ਪਾਜ਼ੇਟਿਵ ਰੋਗੀਆਂ ਦਾ ਅੰਕੜਾ ਜ਼ਿਲ੍ਹੇ 'ਚ 1900 ਤੋਂ ਪਾਰ ਪਹੁੰਚ ਗਿਆ ਹੈ। ਅੱਜ ਫਿਰ ਤੋਂ ਜਲੰਧਰ ਜ਼ਿਲ੍ਹੇ 'ਚ 29 ਕੋਰੋਨਾ ਦੇ ਨਵੇਂ ਮਾਮਲੇ ਪਾਜ਼ੇਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਜਲੰਧਰ ਜ਼ਿਲ੍ਹੇ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 1930 ਤੱਕ ਪਹੁੰਚ ਗਿਆ ਹੈ, ਜਿਨ੍ਹਾਂ 'ਚੋਂ 36 ਮਰੀਜ਼ ਕੋਰੋਨਾ ਖ਼ਿਲਾਫ਼ ਜੰਗ ਲੜਦੇ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਜਲੰਧਰ ਜ਼ਿਲ੍ਹੇ 'ਚੋਂ ਸਿਹਤ ਮਹਿਕਮੇ ਨੂੰ ਅੱਜ 394 ਲੋਕਾਂ ਦੀ ਰਿਪੋਰਟ ਨੈਗੇਟਿਵ ਵੀ ਮਿਲੀ ਹੈ। ਜਲੰਧਰ ਜ਼ਿਲ੍ਹੇ 'ਚ ਵੱਧ ਰਹੇ ਕੋਰੋਨਾ ਦੇ ਕੇਸਾਂ ਨੂੰ ਲੈ ਕੇ ਜਿੱਥੇ ਲੋਕਾਂ 'ਚ ਦਹਿਸ਼ਤ ਪਾਈ ਜਾ ਰਹੀ ਹੈ, ਉਥੇ ਹੀ ਸਿਹਤ ਮਹਿਕਮੇ ਲਈ ਇਹ ਚਿੰਤਾ ਦਾ ਵਿਸ਼ਾ ਹੈ।
ਸ਼ੁੱਕਰਵਾਰ ਨੂੰ ਮਿਲੇ ਸਨ 74 ਪਾਜ਼ੇਟਿਵ ਕੇਸ
ਸ਼ੁੱਕਰਵਾਰ ਨੂੰ ਫਰੀਦਕੋਟ ਮੈਡੀਕਲ ਕਾਲਜ ਅਤੇ ਨਿੱਜੀ ਲੈਬਾਰਟਰੀਆਂ ਤੋਂ 74 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਮਿਲੀ ਸੀ, ਜਿਨ੍ਹਾਂ ਵਿਚੋਂ 9 ਲੋਕ ਦੂਜੇ ਜ਼ਿਲ੍ਹਿਆਂ ਦੇ ਹਨ। ਇਨ੍ਹਾਂ ਕੇਸਾਂ 'ਚ ਆਈ. ਟੀ. ਬੀ. ਪੀ. ਦੇ ਜਵਾਨ ਦੂਜੇ ਸੂਬਿਆਂ ਅਤੇ ਵਿਦੇਸ਼ਾਂ ਤੋਂ ਆਏ ਲੋਕ ਵੀ ਸ਼ਾਮਲ ਸਨ।
ਇਨ੍ਹਾਂ ਥਾਵਾਂ 'ਤੇ ਹਨ ਸ਼ਹਿਰ ਦੇ ਕੋਰੋਨਾ ਪੀੜਤ
ਸਿਹਤ ਮਹਿਕਮੇ ਮੁਤਾਬਕ ਜ਼ਿਲ੍ਹੇ 'ਚ ਇਸ ਵੇਲੇ 534 ਐਕਟਿਵ ਕੇਸ ਹਨ, ਜਿਨ੍ਹਾਂ ਵਿਚੋਂ 96 ਜ਼ਿਲਾ ਪ੍ਰਸ਼ਾਸਨ ਤੋਂ ਇਜਾਜ਼ਤ ਲੈ ਕੇ ਆਪਣੇ ਘਰਾਂ 'ਚ ਆਈਸੋਲੇਟ ਹਨ, ਜਦਕਿ 69 ਸਿਵਲ ਹਸਪਤਾਲ ਵਿਚ, 153 ਮੈਰੀਟੋਰੀਅਸ ਸਕੂਲ 'ਚ, 60 ਮਿਲਟਰੀ ਹਸਪਤਾਲ 'ਚ, 55 ਬੀ. ਐੱਸ. ਐੱਫ. ਹਸਪਤਾਲ 'ਚ, 6 ਆਈ. ਐੱਮ. ਏ. ਦੇ ਸ਼ਾਹਕੋਟ ਸਥਿਤ ਹਸਪਤਾਲ 'ਚ, 12 ਲੁਧਿਆਣਾ ਦੇ ਹਸਪਤਾਲ 'ਚ, 1 ਪੀ. ਜੀ. ਆਈ. ਚੰਡੀਗੜ੍ਹ 'ਚ, 21 ਨਿੱਜੀ ਹਸਪਤਾਲ 'ਚ, 61 ਪਾਜ਼ੇਟਿਵ ਰੋਗੀਆਂ ਨੂੰ ਘਰ ਵਿਚ ਸ਼ਿਫਟ ਕੀਤਾ ਜਾਣਾ ਹੈ।
1026 ਦੀ ਰਿਪੋਰਟ ਨੈਗੇਟਿਵ ਅਤੇ 74 ਹੋਰ ਪੀੜਤਾਂ ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ 1026 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਸੀ ਅਤੇ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਰੋਗੀਆਂ 'ਚੋਂ 74 ਹੋਰ ਪੀੜਤਾਂ ਨੂੰ ਛੁੱਟੀ ਮਿਲੀ। ਸਿਹਤ ਮਹਿਕਮੇ ਨੇ 1011 ਹੋਰ ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜ ਦਿੱਤੇ ਹਨ।
ਜਾਣੋ ਜਲੰਧਰ ਦੇ ਹਾਲਾਤ
ਹੁਣ ਤੱਕ ਲਏ ਗਏ ਕੋਰੋਨਾ ਜਾਂਚ ਲਈ ਕੁਲ ਨਮੂਨੇ- 38478
ਨੈਗੇਟਿਵ ਆਏ-35284
ਪਾਜ਼ੇਟਿਵ ਆਏ-19030
ਡਿਸਚਾਰਜ ਰੋਗੀ 1331
ਮੌਤਾਂ ਹੋਈਆਂ 36
ਐਕਟਿਵ ਕੇਸ 534
ਡਾਕਟਰ ਨੂੰ ਵੀ ਹੋਇਆ ਕੋਰੋਨਾ
ਸ਼ੁੱਕਰਵਾਰ ਨੂੰ ਜਿਨ੍ਹਾਂ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਉਨ੍ਹਾਂ 'ਚੋਂ ਮਹਾਨਗਰ ਦੇ ਇਕ ਵੱਡੇ ਹਸਪਤਾਲ ਦਾ ਕੰਨ, ਨੱਕ, ਗਲੇ ਦੀਆਂ ਬੀਮਾਰੀਆਂ ਦੇ ਇਲਾਜ ਦਾ ਮਾਹਿਰ ਡਾਕਟਰ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਡਾਕਟਰ ਅਤੇ ਹੈਲਥ ਵਰਕਰ ਵੀ ਕੋਰੋਨਾ ਪਾਜ਼ੇਟਿਵ ਆ ਚੁੱਕੇ ਹਨ।
ਮ੍ਰਿਤਕ ਔਰਤ ਦਾ ਪਤੀ ਅਤੇ ਪੁੱਤਰ ਵੀ ਆਇਆ ਕੋਰੋਨਾ ਦੀ ਲਪੇਟ 'ਚ
ਬੁੱਧਵਾਰ ਨੂੰ ਮੁਹੱਲਾ ਕਰਾਰ ਖਾਂ ਦੀ ਜਿਸ 46 ਸਾਲਾ ਔਰਤ ਦੀ ਸਿਵਲ ਹਸਪਤਾਲ 'ਚ ਮੌਤ ਹੋਈ ਸੀ, ਉਸ ਦੇ ਪਤੀ ਅਤੇ ਪੁੱਤਰ ਦੀ ਰਿਪੋਰਟ ਵੀ ਬੀਤੇ ਦਿਨ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਸਿਹਤ ਮਹਿਕਮੇ ਨੇ ਔਰਤ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਮੂਨੇ ਵੀ ਲਏ ਹਨ।