ਜਲੰਧਰ ਤੋਂ ਚੰਗੀ ਖਬਰ, 'ਕੋਰੋਨਾ' ਦੇ 23 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤੇ

05/16/2020 7:43:49 PM

ਜਲੰਧਰ (ਰੱਤਾ, ਵੈੱਬ ਡੈਸਕ)— ਜਲੰਧਰ 'ਚੋਂ ਜਿੱਥੇ ਅੱਜ ਤਿੰਨ ਨਵੇਂ ਕੋਰੋਨਾ ਦੇ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਉਥੇ ਹੀ ਰਾਹਤ ਭਰੀ ਖਬਰ ਵੀ ਮਿਲੀ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਕੁੱਲ 23 ਮਰੀਜ਼ਾਂ ਨੂੰ ਕੋਰੋਨਾ ਦੇ ਲੱਛਣ ਨਜ਼ਰ ਨਾ ਆਉਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਥੇ ਦੱਸ ਦੇਈਏ ਕਿ ਜਲੰਧਰ 'ਚ ਹੁਣ ਕੋਰੋਨਾ ਦੇ ਪਾਜ਼ੇਟਿਵ ਕੇਸਾਂ ਦਾ ਅੰਕੜਾ 211 ਤੱਕ ਪਹੁੰਚ ਚੁੱਕਾ ਹੈ, ਜਿਨ੍ਹਾਂ 'ਚੋਂ 6 ਮਰੀਜ਼ ਕੋਰੋਨਾ ਖਿਲਾਫ ਜੰਗ ਲੜਦੇ ਹੋਏ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ ਅਤੇ 139 ਦੇ ਕਰੀਬ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ।

ਡਿਸਚਾਰਜ ਹੋਏ ਮਰੀਜ਼ਾਂ ਨੂੰ ਰੱਖਣਾ ਪਵੇਗਾ ਆਪਣਾ ਅਤੇ ਪਰਿਵਾਰ ਦਾ ਧਿਆਨ
ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਨੀਵਾਰ ਨੂੰ ਸਿਵਲ ਹਸਪਤਾਲ ਤੋਂ ਡਿਸਚਾਰਜ ਹੋਏ ਮਰੀਜ਼ਾਂ ਨੂੰ ਹੁਣ ਆਪਣੀ ਅਤੇ ਆਪਣੇ ਪਰਿਵਾਰ ਦੀ ਦੇਖਭਾਲ ਕਰਨੀ ਜ਼ਰੂਰੀ ਹੋਵੇਗੀ । ਮਾਹਰਾਂ ਅਨੁਸਾਰ ਕੋਰੋਨਾ ਵਾਇਰਸ ਪਾਜ਼ੇਟਿਵ ਹੋਣ ਤੋਂ ਬਾਅਦ ਕਈ ਦਿਨਾਂ ਤੋਂ ਹਸਪਤਾਲ 'ਚ ਇਲਾਜ ਅਧੀਨ ਰਹੇ ਮਰੀਜ਼ਾਂ ਵਿਚ ਕੋਰੋਨਾ ਦੇ ਕੋਈ ਲੱਛਣ ਨਾ ਹੋਣ ਕਾਰਨ ਭਾਵੇਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਪਰ ਫਿਰ ਵੀ ਉਨ੍ਹਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਘਰ 'ਚ ਕੁਆਰੰਟਾਈਨ ਰਹਿਣਾ ਜ਼ਰੂਰੀ ਹੈ। ਹਸਪਤਾਲ ਤੋਂ ਡਿਸਚਾਰਜ ਹੋਣ ਵਾਲੇ ਮਰੀਜ਼ਾਂ ਨੂੰ ਸਿਹਤ ਵਿਭਾਗ ਵੱਲੋਂ ਜਿੱਥੇ ਚੰਗੀ ਤਰ੍ਹਾਂ ਸਮਝਾ ਕੇ ਭੇਜਿਆ ਗਿਆ ਹੈ, ਉਥੇ ਉਨ੍ਹਾਂ ਨੂੰ ਕੁਝ ਹਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਵੀ ਦਿੱਤੀ ਗਈ ।


shivani attri

Content Editor

Related News