ਜਲੰਧਰ 'ਚ 'ਕੋਰੋਨਾ' ਦਾ ਕਹਿਰ ਜਾਰੀ, ਐਤਵਾਰ ਨੂੰ ਦਿਨ ਚੜ੍ਹਦੇ ਮਿਲੇ 2 ਨਵੇਂ ਕੇਸ
Sunday, May 31, 2020 - 06:35 PM (IST)
ਜਲੰਧਰ (ਰੱਤਾ)— ਜਲੰਧਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਆਲਮ ਇਹ ਹੈ ਕਿ ਰੋਜ਼ਾਨਾ ਜਲੰਧਰ 'ਚੋਂ ਕੋਰੋਨਾ ਦੇ ਪਾਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ। ਐਤਵਾਰ ਨੂੰ ਵੀ ਜਲੰਧਰ 'ਚ ਸਵੇਰੇ 2 ਕੋਰੋਨਾ ਦੇ ਪਾਜ਼ੇਟਿਵ ਕੇਸ ਸਾਹਮਣੇ ਆਏ, ਜਿਨ੍ਹਾਂ 'ਚੋਂ ਬੀ.ਐੱਸ.ਐੱਫ. ਕੈਂਪਸ ਦਾ ਇਕ ਬੀ. ਐੱਸ. ਐੱਫ. ਦਾ ਜਵਾਨ ਅਤੇ ਇਕ ਵਿਅਕਤੀ ਡਿਫੈਂਸ ਕਾਲੋਨੀ ਦਾ ਰਹਿਣ ਵਾਲਾ ਵਿਅਕਤੀ ਹੈ।
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਬੀ. ਐੱਸ. ਐੱਫ. ਦਾ ਜਵਾਨ ਪਿਛਲੇ ਦਿਨੀਂ ਹੀ ਦਿੱਲੀ ਤੋਂ ਜਲੰਧਰ ਪਰਤਿਆ ਸੀ। ਉਕਤ ਜਵਾਨ ਦਿੱਲੀ 'ਚ ਪਹਿਲਾਂ ਵੀ ਕੁਆਰੰਟਾਈਨ ਰਹਿ ਚੁੱਕਾ ਹੈ ਅਤੇ ਕੁਆਰੰਟਾਈਨ ਦਾ ਪੀਰੀਅਡ ਖਤਮ ਹੋਣ ਤੋਂ ਬਾਅਦ 22 ਮਈ ਨੂੰ ਉਹ ਜਲੰਧਰ ਪਰਤਿਆ ਸੀ। ਇਥੇ ਪਹੁੰਚਣ ਦੇ ਕੁਝ ਦਿਨਾਂ ਬਾਅਦ ਉਸ ਨੂੰ ਕੋਰੋਨਾ ਦੇ ਲੱਛਣ ਦਿੱਸਣ ਕਰਕੇ ਜਵਾਨ ਨੇ ਆਪਣਾ ਕੋਰੋਨਾ ਦਾ ਟੈਸਟ ਕਰਵਾਉਣ ਲਈ ਨੂਮਨੇ ਦਿੱਤੇ ਸਨ, ਜਿਸ ਦੀ ਰਿਪੋਰਟ ਅੱਜ ਪਾਜ਼ੇਟਿਵ ਪਾਈ ਗਈ ਹੈ।
ਇਸ ਦੇ ਇਲਾਵਾ ਦੂਜਾ ਕੇਸ ਡਿਫੈਂਸ ਕਾਲੋਨੀ 'ਚੋਂ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਬੀਤੇ ਦਿਨੀਂ ਪਾਜ਼ੇਟਿਵ ਪਾਏ ਗਏ ਲਾਜਪਤ ਨਗਰ ਦੇ ਇਕ ਉਦਯੋਗਪਤੀ ਦੇ ਸੰਪਰਕ 'ਚ ਆਉਣ ਕਰਕੇ ਕੋਰੋਨਾ ਦੀ ਲਪੇਟ 'ਚ ਆਇਆ ਹੈ। ਇਸ ਦੇ ਇਲਾਵਾ ਸਿਹਤ ਵਿਭਾਗ ਵੱਲੋਂ ਇਨ੍ਹਾਂ ਉਕਤ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਦੋਹਾਂ ਪਾਜ਼ੇਟਿਵ ਰੋਗੀਆਂ ਦੇ ਮਿਲਣ ਨਾਲ ਜ਼ਿਲੇ 'ਚ ਪਾਜੇਟਿਵ ਰੋਗੀਆਂ ਦੀ ਕੁੱਲ ਗਿਣਤੀ 252 ਹੋ ਗਈ ਹੈ ਪਰ ਸਿਹਤ ਮਹਿਕਮੇ ਮੁਤਾਬਕ ਜ਼ਿਲ੍ਹੇ 'ਚ ਪਾਜ਼ੇਟਿਵ ਰੋਗੀਆਂ ਦੀ ਕੁਲ ਗਿਣਤੀ 251 ਹੈ, ਕਿਉਂਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੀ. ਐੱਸ. ਐੱਫ. ਦਾ ਜਵਾਨ ਮੂਲ ਰੂਪ 'ਚ ਉੜੀਸਾ ਦਾ ਰਹਿਣ ਵਾਲਾ ਹੈ ਇਸ ਲਈ ਉਸ ਦੀ ਗਿਣਤੀ ਜ਼ਿਲਾ ਜਲੰਧਰ ਦੇ ਰੋਗੀਆਂ ਵਿਚ ਨਹੀਂ ਹੋਵੇਗੀ।
ਡਿਫੈਂਸ ਕਾਲੋਨੀ ਦੇ ਪਾਜ਼ੇਟਿਵ ਰੋਗੀ ਦਾ ਹੈ ਨਕੋਦਰ ਰੋਡ 'ਤੇ ਸ਼ੋਅਰੂਮ
ਡਿਫੈਂਸ ਕਾਲੋਨੀ ਦੇ ਜਿਸ ਪੁਰਸ਼ (51) ਦੀ ਐਤਵਾਰ ਨੂੰ ਕੋਰੋਨਾ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਉਹ ਪਿਛਲੇ ਦਿਨੀਂ ਲਾਜਪਤ ਨਗਰ ਅਤੇ ਨਿਊ ਜਵਾਹਰ ਨਗਰ 'ਚ ਪਾਜ਼ੇਟਿਵ ਆਏ ਕੋਰੋਨਾ ਰੋਗੀਆਂ ਦਾ ਕਾਂਟਰੈਕਟ ਦੱਸਿਆ ਜਾ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਉਕਤ ਵਿਅਕਤੀ ਦਾ ਨਕੋਦਰ ਰੋਡ ਉੱਤੇ ਸ਼ੋਅਰੂਮ ਹੈ, ਜਿੱਥੇ ਕਾਫੀ ਲੋਕ ਕੰਮ ਕਰਦੇ ਹਨ। ਅਜਿਹੇ 'ਚ ਸਿਹਤ ਮਹਿਕਮਾ ਕੀ ਹੁਣ ਸ਼ੋਅਰੂਮ ਦੇ ਪੂਰੇ ਸਟਾਫ ਦੇ ਵੀ ਸੈਂਪਲ ਲਵੇਗਾ। ਜ਼ਿਕਰਯੋਗ ਹੈ ਕਿ ਉਕਤ ਵਿਅਕਤੀ ਨੇ ਸਥਾਨਕ ਮਾਸਟਰ ਤਾਰਾ ਸਿੰਘ ਨਗਰ ਦੇ 1 ਈ. ਐੱਨ. ਟੀ. ਸਰਜਨ ਨਾਲ ਸੰਪਰਕ ਕਰਕੇ ਕਿਸੇ ਨਿੱਜੀ ਲੈਬ ਤੋਂ ਆਪਣਾ ਟੈਸਟ ਕਰਵਾਇਆ ਸੀ ।
ਦੇਰ ਰਾਤ ਇਕ ਹੋਰ ਦੀ ਰਿਪੋਰਟ ਪਾਜ਼ੇਟਿਵ ਆਉਣ ਦੀ ਸੂਚਨਾ ਪਰ ਮਹਿਕਮੇ ਨੇ ਨਹੀਂ ਕੀਤੀ ਪੁਸ਼ਟੀ
ਐਤਵਾਰ ਸਵੇਰੇ ਜਿੱਥੇ ਕੋਰੋਨਾ ਦੇ 2 ਰੋਗੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਉੱਥੇ ਹੀ ਦੇਰ ਰਾਤ ਇਕ ਹੋਰ ਰੋਗੀ ਦੀ ਰਿਪੋਰਟ ਪਾਜ਼ੇਟਿਵ ਆਉਣ ਦੀ ਸੂਚਨਾ ਮਿਲੀ ਹੈ। ਇਸ ਬਾਰੇ 'ਚ ਜਦੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਅਜਿਹੀ ਕੋਈ ਰਿਪੋਰਟ ਨਹੀਂ ਆਈ ਹੈ ਜਦਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੇਰ ਰਾਤ ਜਿਸ ਰੋਗੀ ਦੀ ਰਿਪੋਰਟ ਪਾਜ਼ੇਟਿਵ ਹੈ ਉਹ ਚਾਲੀ ਸਾਲ ਦੀ ਔਰਤ ਹੈ।