ਕਰਫਿਊ ਤੋਂ ਬਾਅਦ ਜਲੰਧਰ ਪੁਲਸ ਦੀ ਸਖਤੀ, ਨਿਯਮ ਤੋੜਨ ਵਾਲਿਆਂ ਨੂੰ ਬਣਾਇਆ ਮੁਰਗਾ (ਤਸਵੀਰਾਂ)
Monday, Mar 23, 2020 - 07:25 PM (IST)
ਜਲੰਧਰ (ਦੀਪਕ, ਰਮਨ, ਮਾਹੀ, ਸੋਨੂੰ, ਜਤਿੰਦਰ,ਮਨਜੀਤ)— ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਹੁਣ ਤੱਕ ਪੰਜਾਬ 'ਚ ਕੁੱਲ 21 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ ਨਵਾਂਸ਼ਹਿਰ ਦੇ ਹੀ 14 ਮਾਮਲੇ ਪਾਜ਼ੀਟਿਵ ਪਾਏ ਗਏ ਹਨ। ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ 'ਚ ਹੁਣ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਸਾਰੇ ਜ਼ਿਲਿਆਂ ਦੇ ਡੀ. ਸੀਜ਼. ਨੂੰ ਸਖਤੀ ਨਾਲ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਵਾਉਣ ਦੇ ਹੁਕਮ ਦਿੱਤੇ ਹਨ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਲੇ ਹੁਕਮਾਂ ਤੋਂ ਬਾਅਦ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੁਪਹਿਰ ਤੋਂ ਬਾਅਦ ਪੂਰੇ ਜ਼ਿਲੇ 'ਚ ਕਰਫਿਊ ਲਗਾਉਣ ਦਾ ਐਲਾਨ ਕਰ ਦਿੱਤਾ।
ਜਿਵੇਂ ਹੀ ਸਰਕਾਰ ਵੱਲੋਂ ਕਰਫਿਊ ਦਾ ਐਲਾਨ ਕੀਤਾ ਗਿਆ ਤਾਂ ਐਲਾਨ ਤੋਂ ਬਾਅਦ ਪੈਟਰੋਲ ਪੰਪਾਂ 'ਤੇ ਲੋਕਾਂ ਦੀ ਤੇਲ ਪਵਾਉਣ ਦੀ ਭੀੜ ਲੱਗ ਗਈ। ਇਸ ਤੋਂ ਇਲਾਵਾ ਜਲੰਧਰ ਦੇ ਜੇਲ ਚੌਕ ਤੋਂ ਲੈ ਕੇ ਜੋਤੀ ਚੌਕ ਤੱਕ ਮੇਅਰ ਜਗਦੀਸ਼ ਰਾਜਾ ਅਤੇ ਕਾਪੋਰੇਸ਼ਨ ਦੀ ਟੀਮ ਵੱਲੋਂ ਸਾਰੀਆਂ ਦੁਕਾਨਾਂ ਨੂੰ ਸੈਨੇਟਾਈਜ਼ ਕੀਤਾ ਗਿਆ।
ਕਰਫਿਊ ਤੋਂ ਬਾਅਦ ਜਲੰਧਰ ਦੀ ਪੁਲਸ ਪੂਰੀ ਤਰ੍ਹਾਂ ਮੁਸਤੈਦ ਹੋ ਗਈ ਹੈ। ਪੁਲਸ ਵੱਲੋਂ ਚੱਪੇ-ਚੱਪੇ 'ਤੇ ਨਜ਼ਰ ਰੱਖੀ ਜਾ ਰਹੀ ਹੈ। ਪੁਲਸ ਵੱਲੋਂ ਲਏ ਗਏ ਜਾਇਜ਼ਾ ਦੌਰਾਨ ਪੁਲਸ ਅਤੇ ਸਿਵਲ ਪ੍ਰਸ਼ਾਸਨ ਨੇ ਬਾਹਰ ਘੁੰਮ ਰਹੇ ਵਿਅਕਤੀਆਂ ਨੂੰ ਘਰ ਰਹਿਣ ਦੀ ਸਲਾਹ ਦਿੱਤੀ।
ਇਸੇ ਦੌਰਾਨ ਕੁਝ ਵਿਅਕਤੀਆਂ ਨੂੰ ਜਿੱਥੇ ਪ੍ਰਸ਼ਾਸਨ ਵੱਲੋਂ ਅਨੋਖੀ ਸਜ਼ਾ ਦਿੱਤੀ ਗਈ, ਉਥੇ ਕਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਮੁਰਗਾ ਵੀ ਬਣਾਇਆ ਗਿਆ।
ਮੈਂ ਸਮਾਜ ਦਾ ਦੁਸ਼ਮਣ ਹਾਂ ਮੈਂ ਘਰ ਨਹੀਂ ਜਾਵਾਂਗਾ
ਕਰਫਿਊ ਦੌਰਾਨ ਬਿਨਾਂ ਵਜ੍ਹਾ ਬਾਹਰ ਨਿਕਲਣ ਵਾਲੇ ਲੋਕਾਂ ਨੂੰ ਸਮਝਾਉਣ ਲਈ ਜਲੰਧਰ ਪੁਲਸ ਵੱਲੋਂ ਅਨੋਖਾ ਤਰੀਕਾ ਅਪਣਾਇਆ ਗਿਆ। ਜਲੰਧਰ ਪੁਲਸ ਉਨ੍ਹਾਂ ਲੋਕਾਂ ਦੇ ਹਥਾਂ 'ਚ ਇਕ ਪੰਫਲੇਟ ਫੜਾ ਰਹੀ ਹੈ, ਜੋ ਇਸ ਲਾਕ ਡਾਊਨ ਦੌਰਾਨ ਬਿਨਾਂ ਕਿਸੇ ਕੰਮ ਦੇ ਸੜਕਾਂ 'ਤੇ ਘੁੰਮ ਰਹੇ ਹਨ। ਇਸ ਪੰਫਲੇਟ 'ਤੇ ਲਿਖਿਆ ਹੈ ਮੈਂ ਸਮਾਜ ਦਾ ਦੁਸ਼ਮਣ ਹਾਂ, ਮੈਂ ਘਰ 'ਚ ਨਹੀਂ ਰਹਾਂਗਾ।
ਮੁਰਗਾ ਵੀ ਬਣਾਇਆ ਗਿਆ
ਇਸ ਤੋਂ ਇਲਾਵਾ ਜਲੰਧਰ ਪੁਲਸ ਨੇ ਬਿਨਾਂ ਵਜ੍ਹਾ ਬਾਹਰ ਘੁੰਮ ਰਹੇ ਲੋਕਾਂ ਨੂੰ ਮੁਰਗਾ ਵੀ ਬਣਾਇਆ। ਇਸ ਦੇ ਨਾਲ ਹੀ ਪੁਲਸ ਨੇ ਸਖਤ ਚਿਤਾਵਨੀ ਦਿੰਦੇ ਹੋਏ ਉਨ੍ਹਾਂ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ।
ਬਿਨਾਂ ਵਜ੍ਹਾ ਘਰੋਂ ਨਿਕਲੇ ਤਾਂ ਹੋਣਗੇ ਵਾਹਨ ਜ਼ਬਤ
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਦਿੱਤੇ ਗਏ ਹੁਕਮਾਂ 'ਚ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਬਿਨ੍ਹਾਂ ਵਜ੍ਹਾ ਤੋਂ ਘਰੋਂ ਬਾਹਰ ਨਿਕਲਿਆ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ ਵਾਹਨਾਂ ਨੂੰ ਜ਼ਬਤ ਕੀਤਾ ਜਾਵੇਗਾ।
ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਜਿਨ੍ਹਾਂ ਨੇ ਡਿਊਟੀ ਵਜੋਂ ਆਪਣੇ-ਆਪਣੇ ਕੰਮਾਂ 'ਤੇ ਜਾਣਾ ਹੈ, ਉਹੀ ਸਿਰਫ ਜਾ ਸਕਣਗੇ ਅਤੇ ਬਾਕੀ ਕੋਈ ਵੀ ਆਪਣੇ ਘਰ 'ਚੋਂ ਬਾਹਰ ਨਹੀਂ ਨਿਕਲ ਸਕੇਗਾ। ਡੀ. ਸੀ. ਨੇ ਕਿਹਾ ਲੋੜ ਮੁਤਾਬਕ ਜ਼ਿਲੇ 'ਚ ਢਿੱਲ ਦਿੱਤੀ ਜਾ ਸਕਦੀ ਹੈ।
ਐੱਨ. ਆਰ. ਆਈ. ਸਮਾਜ ਸੇਵੀ ਸ਼ਿੰਗਾਰ ਸਿੰਘ ਕੰਗ ਵੱਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਥਾਨ ਵਾਰਡ ਨੰਬਰ-12 ਦੀ ਅਮਰ ਬਸਤੀ, ਮੁਹੱਲਾ ਦੁਰਗਿਆਣਾ ਮੰਦਿਰ, ਡੂਮਣਾ ਅਤੇ ਮੰਗੂਵਾਲ ਵਿਖੇ 200 ਤੋਂ ਵੱਧ ਮਾਸਕ ਵੰਡੇ ਗਏ। ਇਸ ਮੌਕੇ ਸ਼ਿੰਗਾਰਾ ਸਿੰਘ ਕੰਗ, ਸਾਬਕਾ ਪ੍ਰਧਾਨ ਰਾਜ ਕੁਮਾਰ ਰਾਜੀ, ਦੇਵਰਾਜ, ਤਾਰੀ, ਲਵਪ੍ਰੀਤ ਸਿੰਘ, ਗੋਰਾ, ਰਾਮਨਾਥ ਆਦਿ ਮੌਜੂਦ ਸਨ।
ਥਾਣਾ ਮਕਸੂਦਾਂ ਦੀ ਪੁਲਸ ਵੱਲੋਂ ਜਲੰਧਰ-ਅੰਮ੍ਰਿਤਸਰ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਪਿੰਡ ਬਿਧੀਪੁਰ ਨੇੜੇ ਨਾਕਾ ਲਗਾ ਕੇ ਲੋਕਾਂ ਨੂੰ ਆਪਣੇ ਘਰਾਂ 'ਚ ਜਾਣ ਲਈ ਪ੍ਰੇਰਿਤ ਕੀਤਾ ਗਿਆ।