ਹੁਸ਼ਿਆਰਪੁਰ ਜ਼ਿਲ੍ਹੇ ''ਚ ਕੋਰੋਨਾ ਦੇ 5 ਨਵੇਂ ਮਾਮਲੇ ਮਿਲੇ, ਇਕ ਦੀ ਮੌਤ
Friday, Aug 14, 2020 - 12:24 PM (IST)
ਹੁਸ਼ਿਆਰਪੁਰ (ਘੁੰਮਣ)— ਸ਼ਹਿਰ ਦੇ ਬੰਜਰਬਾਗ ਇਲਾਕੇ ਦੀ 75 ਸਾਲਾ ਕੋਰੋਨਾ ਪਾਜ਼ੇਟਿਵ ਬਜ਼ੁਰਗ ਔਰਤ ਦੀ ਇਲਾਜ ਦੌਰਾਨ ਅੰਮ੍ਰਿਤਸਰ 'ਚ ਮੌਤ ਹੋ ਗਈ। ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 22 ਤੱਕ ਪਹੁੰਚ ਗਈ ਹੈ। ਸਿਹਤ ਮਹਿਕਮੇ ਨੂੰ ਬੀਤੇ ਦਿਨ ਪ੍ਰਾਪਤ ਹੋਈ 129 ਨਮੂਨਿਆਂ ਦੀ ਰਿਪੋਰਟ 'ਚ 5 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਿਸ ਨਾਲ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 765 ਹੋ ਗਈ ਹੈ।
ਇਹ ਵੀ ਪੜ੍ਹੋ: ...ਜਦੋਂ ਸ਼ਰਾਬੀ ਨੇ ਥਾਣੇ ਦੇ ਬਾਹਰ ਰਾਹ ਜਾਂਦੀ ਕੁੜੀ ਦਾ ਸ਼ਰੇਆਮ ਫੜਿਆ ਹੱਥ
ਇਹ ਜਾਣਕਾਰੀ ਦਿੰਦੇਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਪਾਜ਼ੇਟਿਵ ਆਏ ਮਰੀਜ਼ਾਂ 'ਚ 2 ਕੇਸ ਮੁਕੇਰੀਆਂ ਦੇ, 1 ਸ਼ੀਸ਼ ਮਹਿਲ ਹੁਸ਼ਿਆਰਪੁਰ ਦਾ ਅਤੇ 1 ਗੜ੍ਹਸ਼ੰਕਰ ਦਾ ਹੈ। ਅੰਮ੍ਰਿਤਸਰ 'ਚ ਮਰਨ ਵਾਲੀ ਉਪਰੋਕਤ ਔਰਤ ਦੀ ਰਿਪੋਰਟ ਵੀ ਬਾਅਦ 'ਚ ਪਾਜ਼ੇਟਿਵ ਆਈ। ਸਿਵਲ ਸਰਜਨ ਨੇ ਦੱਸਿਆ ਕਿ ਵੀਰਵਾਰ ਨੂੰ 1126 ਸ਼ੱਕੀ ਮਰੀਜ਼ਾਂ ਦੇ ਨਵੇਂ ਸੈਂਪਲ ਲਏ ਗਏ ਹਨ। ਜ਼ਿਲ੍ਹੇ 'ਚ ਹੁਣ ਤੱਕ ਲਏ ਗਏ ਕੁੱਲ 37,515 ਨਮੂਨਿਆਂ 'ਚੋਂ 33,448 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 3318 ਨਮੂਨਿਆਂ ਦੀ ਰਿਪੋਰਟ ਦਾ ਅਜੇ ਇੰਤਜ਼ਾਰ ਹੈ। 57 ਸੈਂਪਲ ਇਨਵੈਲਿਡ ਪਾਏ ਗਏ ਹਨ। ਜ਼ਿਲ੍ਹੇ 'ਚ 595 ਮਰੀਜ਼ ਰਿਕਵਰ ਕਰ ਚੁੱਕੇ ਹਨ ਅਤੇ ਐਕਟਿਵ ਕੇਸਾਂ ਦੀ ਗਿਣਤੀ 148 ਹੈ।
ਸਿਹਤ ਐਡਵਾਈਜ਼ਰੀ ਦਿੰਦੇ ਸਿਵਲ ਸਰਜਨ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ 10 ਸਾਲ ਦੇ ਬੱਚਿਆਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦਿੱਤਾ ਜਾਵੇ। ਘਰਾਂ ਤੋਂ ਨਿਕਲਦੇ ਸਮੇਂ ਮਾਸਕ ਪਾਉਣਾ ਯਕੀਨੀ ਬਣਾਇਆ ਜਾਵੇ ਅਤੇ ਸਮਾਜਿਕ ਦੂਰੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਵੋ ਤਾਂ ਕਿ ਕੋਰੋਨਾ ਵਾਇਰਸ ਦੀ ਅੱਗੇ ਵਧਦੀ ਚੇਨ ਨੂੰ ਤੋੜਿਆ ਜਾ ਸਕੇ।
ਅਨਾਜ ਮੰਡੀ 'ਚ ਸਿਹਤ ਮਹਿਕਮੇ ਨੇ ਲਏ ਨਮੂਨੇ : ਅਨਾਜ ਮੰਡੀ 'ਚ ਸਿਹਤ ਮਹਿਕਮੇ ਦੀ ਟੀਮ ਨੇ ਅਨਾਜ ਅਤੇ ਸਬਜ਼ੀ ਮੰਡੀ 'ਚ ਕੰਮ ਕਰਦੇ ਆੜ੍ਹਤੀਆਂ ਦੇ ਮੁਲਾਜ਼ਮਾਂ ਅਤੇ ਹੋਰ ਮਜ਼ਦੂਰਾਂ ਦੇ ਨਮੂਨੇ ਲਏ। ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜੇਸ਼ ਗੁਪਤਾ ਨੇ ਦੱਸਿਆ ਕਿ ਸਾਵਧਾਨੀ ਦੇ ਤੌਰ 'ਤੇ ਸਮੂਹ ਮੁਲਾਜ਼ਮਾਂ ਦੀ ਸੈਂਪਲਿੰਗ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆੜ੍ਹਤੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਕੰਮ-ਕਾਜ ਦੇ ਦੌਰਾਨ ਸਮਾਜਿਕ ਦੂਰੀ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਮਾਸਕ ਅਤੇ ਸੈਨੀਟਾਈਜ਼ਰ ਦਾ ਵੀ ਇਸਤੇਮਾਲ ਯਕੀਨੀ ਬਣਾਇਆ ਜਾਵੇ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਸੁੱਚਾ ਸਿੰਘ ਅਤੇ ਲੇਖਾ ਅਧਿਕਾਰੀ ਰਾਜਿੰਦਰ ਸਿੰਘ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਕਾਂਗਰਸ ਦੇ ਰਾਜ ''ਚ ਕਾਂਗਰਸੀ ਸਰਪੰਚ ਦੀ ਬੇਵੱਸੀ, BDPO ਬੀਬੀ ''ਤੇ ਲਾਏ ਇਹ ਇਲਜ਼ਾਮ