ਮ੍ਰਿਤਕ ਪ੍ਰੀਤਮ ਸਿੰਘ ਦੇ ਪਰਿਵਾਰ ਨੇ ਅਸਥੀਆਂ ਲੈਣ ਤੋਂ ਕੀਤਾ ਇਨਕਾਰ, ਇਨਸਾਫ ਖਾਤਿਰ ਜਾਵੇਗਾ ਹਾਈਕੋਰਟ

07/20/2020 11:35:19 PM

ਮੁਕੇਰੀਆਂ (ਨਾਗਲਾ)— ਕੋਰੋਨਾ ਕਾਲ ਦੌਰਾਨ ਸਿਹਤ ਮਹਿਕਮੇ ਦੀ ਲਾਪਰਵਾਹੀ ਕਾਰਨ ਦੇਸ਼ 'ਚ ਲਾਸ਼ਾਂ ਦੀ ਅਦਲਾ ਬਦਲੀ ਦਾ ਪਹਿਲਾ ਮਾਮਲਾ ਲਗਾਤਾਰ ਚਰਚਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਮ੍ਰਿਤਕ ਬਜ਼ੁਰਗ ਪ੍ਰੀਤਮ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਹੁਣ ਸਰਕਾਰ ਵੱਲੋਂ ਦੱਸੀਆਂ ਜਾ ਰਹੀਆਂ ਬਜ਼ੁਰਗ ਦੀਆਂ ਅਸਥੀਆਂ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਸਰਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕੋਰੋਨਾ ਲਾਗ ਦੀ ਬਿਮਾਰੀ ਦਾ ਸ਼ਿਕਾਰ ਬਣੇ ਬਜ਼ੁਰਗ ਪ੍ਰੀਤਮ ਸਿੰਘ ਪੁੱਤਰ ਮਨੀ ਸਿੰਘ ਨਿਵਾਸੀ ਟਾਂਡਾ ਰਾਮ ਸਹਾਏ ਦਾ ਅੰਤਿਮ ਸਸਕਾਰ ਸਿਹਤ ਮਹਿਕਮੇ ਦੀ ਗਲਤੀ ਨਾਲ ਅੰਮ੍ਰਿਤਸਰ ਦੇ ਮੁਹੱਲਾ ਸ਼ਹੀਦਾਂ ਦੇ ਨਜ਼ਦੀਕ ਪੈਂਦੇ ਸ਼ਮਸ਼ਾਨਘਾਟ ਦੇ ਚੈਂਬਰ ਨੰਬਰ 17 'ਚ ਕੱਲ੍ਹ ਕਰ ਦਿੱਤਾ ਗਿਆ।

PunjabKesari

ਕੋਰੋਨਾ ਬੀਮਾਰੀ ਦਾ ਸ਼ਿਕਾਰ ਬਣੀ ਜਨਾਨੀ, ਜਿਸ ਨੂੰ ਪਿੰਡ ਟਾਂਡਾ ਰਾਮ ਸਹਾਏ ਦੇ ਸ਼ਮਸ਼ਾਨਘਾਟ 'ਚ ਚਿਤਾ 'ਤੇ ਲਿਟਾ ਦਿੱਤਾ ਗਿਆ ਸੀ, ਦੀ ਪਛਾਣ ਆਰਤੀ ਉਰਫ਼ ਪਦਮਾਵਤੀ ਨਿਵਾਸੀ ਗਲੀ ਨੰਬਰ-6 ਮੁਹੱਲਾ ਡੈਮਗੰਜ, ਅੰਮ੍ਰਿਤਸਰ ਦੇ ਰੂਪ 'ਚ ਹੋਈ ਹੈ। ਜਿਸ ਦੀ ਪੁਸ਼ਟੀ ਐੱਸ. ਡੀ. ਐੱਮ. ਅਸ਼ੋਕ ਕੁਮਾਰ ਨੇ ਕਰਦੇ ਹੋਏ ਦੱਸਿਆ ਕਿ ਜਨਾਨੀ ਦੀ ਲਾਸ਼ ਨੂੰ ਸਵੇਰੇ ਹੀ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ (ਅੰਮ੍ਰਿਤਸਰ) ਵਿਖੇ ਭੇਜ ਦਿੱਤਾ ਗਿਆ ਸੀ। ਜਿੱਥੋਂ ਇਹ ਲਾਸ਼ ਗਲਤ ਟੈਗ ਲੱਗਾ ਹੋਣ ਕਾਰਨ ਮੁਕੇਰੀਆਂ ਦੇ ਪਿੰਡ ਟਾਂਡਾ ਰਾਮ ਸਹਾਏ ਦੇ ਸ਼ਮਸ਼ਾਨਘਾਟ ਤੱਕ ਪਹੁੰਚ ਗਈ ਸੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਸ ਦੀ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਜਨਾਨੀ ਦੇ ਪਰਿਵਾਰਕ ਮੈਂਬਰਾਂ ਨੇ ਬਜ਼ੁਰਗ ਪ੍ਰੀਤਮ ਸਿੰਘ ਦੀ ਲਾਸ਼ ਨੂੰ ਆਰਤੀ ਉਰਫ ਪਦਮਾਵਤੀ ਦੀ ਲਾਸ਼ ਸਮਝ ਕੇ ਹੀ ਸਿਹਤ ਕਾਮਿਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ 'ਚ ਅਗਨੀ ਭੇਟ ਕਰ ਦਿੱਤਾ ਸੀ।
ਇਹ ਵੀ ਪੜ੍ਹੋ: 3 ਭੈਣਾਂ ਦੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਦਾਸਤਾਨ, ਮਤਰੇਈ ਮਾਂ ਨੇ ਵਾਲਾਂ ਤੋਂ ਫੜ ਘੜੀਸਦੇ ਹੋਏ ਕੱਢਿਆ ਘਰੋਂ ਬਾਹਰ

ਇਸ ਸਬੰਧ 'ਚ ਮ੍ਰਿਤਕ ਬਜ਼ੁਰਗ ਪ੍ਰੀਤਮ ਸਿੰਘ ਦੇ ਪਰਿਵਾਰਕ ਮੈਂਬਰਾਂ, ਜਿਨ੍ਹਾਂ 'ਚ ਪੁੱਤਰ ਗੁਰਚਰਨਜੀਤ ਸਿੰਘ, ਪੁੱਤਰ ਦਲਬੀਰ ਸਿੰਘ, ਪੋਤਰਾ ਡਾ. ਪ੍ਰਿਤਪਾਲ ਸਿੰਘ, ਅਮਨਦੀਪ ਸਿੰਘ,ਜਸਵੀਰ ਕੌਰ, ਕੁਲਵੰਤ ਕੌਰ ਤੋਂ ਇਲਾਵਾ ਠਾਕੁਰ ਸੁਲੱਖਣ ਸਿੰਘ ਜੱਗੀ ਸ਼ਾਮਲ ਸੀ, ਨੇ ਸਥਾਨਕ ਰੈਸਟ ਹਾਊਸ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਗੱਲਬਾਤ ਕਰਦੇ ਦੱਸਿਆ ਕਿ ਉਹ ਇਸ ਸਬੰਧ 'ਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਗੁਰੂ ਨਾਨਕ ਦੇਵ ਹਸਪਤਾਲ ਤੋਂ ਇਲਾਵਾ ਸਮੂਹ ਦੋਸ਼ੀ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ਵਿਰੁੱਧ ਰਿੱਟ ਦਾਇਰ ਕਰਨਗੇ। ਉਨ੍ਹਾਂ ਬਜ਼ੁਰਗ ਦੀਆਂ ਅਸਥੀਆਂ ਲੈਣ ਤੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਸਾਨੂੰ ਨਹੀਂ ਪਤਾ ਕਿ ਅੰਮ੍ਰਿਤਸਰ ਵਿਖੇ ਕਿਸ ਦਾ ਸਸਕਾਰ ਕੀਤਾ ਗਿਆ ਹੈ। ਉੱਥੇ ਸਿਹਤ ਮਹਿਕਮੇ ਦੇ ਸੈਕਟਰੀ ਪ੍ਰਦੀਪ ਸ਼ਰਮਾ ਨੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਅੰਮ੍ਰਿਤਸਰ ਨੂੰ ਡਿਊਟੀ 'ਚ ਲਾਪਰਵਾਹੀ ਵਰਤਣ ਵਾਲੇ ਮਲਟੀ ਟਾਸਕ ਵਰਕਰ ਸੁਨੀਲ ਕੁਮਾਰ ਪੁੱਤਰ ਸੁਭਾਸ਼ ਕੁਮਾਰ ਅਤੇ ਚੰਦਾ ਪੁੱਤਰ ਬਿਸ਼ਨ ਦਾਸ ਨੂੰ ਟਰਮੀਨੇਟ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।


shivani attri

Content Editor

Related News