''ਲਾਕ ਡਾਊਨ'' ਦੌਰਾਨ ਹੁਸ਼ਿਆਰਪੁਰ ''ਚ ਗੂੰਜੀਆਂ ਕਿਲਕਾਰੀਆਂ, 11 ਬੱਚਿਆਂ ਨੇ ਲਿਆ ਜਨਮ
Saturday, Apr 11, 2020 - 12:46 PM (IST)
ਹੁਸ਼ਿਆਰਪੁਰ (ਘੁੰਮਣ)— ਪੰਜਾਬ ਸਰਕਾਰ ਵੱਲੋਂ ਜਿੱਥੇ ਕੋਰੋਨਾ ਖਿਲਾਫ ਜੰਗ ਲੜੀ ਜਾ ਰਹੀ ਹੈ, ਉਥੇ ਹੀ ਸੁਚਾਰੂ ਢੰਗ ਨਾਲ ਜ਼ਰੂਰੀ ਸਿਹਤ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਦੀ ਮਿਸਾਲ ਉਦੋਂ ਦੇਖਣ ਨੂੰ ਮਿਲੀ ਜਦੋਂ ਹੁਸ਼ਿਆਰਪੁਰ ਜ਼ਿਲੇ 'ਚ ਕੋਰੋਨਾ ਦਾ ਹਾਟ-ਸਪਾਟ ਬਣੇ ਪ੍ਰਾਇਮਰੀ ਹੈਲਥ ਸੈਂਟਰ ਪੋਸੀ 'ਚ ਲਾਕਡਾਊਨ ਦੌਰਾਨ 11 ਨੰਨ੍ਹੇ ਬੱਚਿਆਂ ਦੀਆਂ ਕਿਲਕਾਰੀਆਂ ਗੂੰਜੀਆਂ। ਸੂਬੇ 'ਚ ਸਭ ਤੋਂ ਵੱਧ ਇਸ ਸੈਂਟਰ 'ਚ 1161 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਕਰਨ ਦੇ ਬਾਵਜੂਦ ਜ਼ਰੂਰੀ ਸਿਹਤ ਸੇਵਾਵਾਂ ਸਮੇਤ ਕਰੀਬ 1200 ਓ. ਪੀ. ਡੀਜ਼. ਦਰਜ ਕੀਤੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਸਿਹਤ ਵਿਭਾਗ ਦੇ ਅਮਲੇ ਦੀ ਸ਼ਲਾਘਾ ਕਰਦੇ ਕਿਹਾ ਕਿ ਇਸ ਨਾਜ਼ੁਕ ਦੌਰ 'ਚ ਆਪਣੀ ਅਤੇ ਆਪਣੇ ਪਰਿਵਾਰ ਦੀ ਪ੍ਰਵਾਹ ਨਾ ਕੀਤੇ ਬਗੈਰ ਸਿਹਤ ਅਮਲੇ ਵੱਲੋਂ ਪੂਰੀ ਮਿਹਨਤ ਨਾਲ ਡਿਊਟੀ ਨਿਭਾਈ ਜਾ ਰਹੀ ਹੈ, ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਖਿਲਾਫ ਜੰਗ ਲੜਨ ਤੋਂ ਇਲਾਵਾ ਵਿਭਾਗ ਵੱਲੋਂ ਜ਼ਰੂਰੀ ਸਿਹਤ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਹੈਲਥ ਸੈਂਟਰ ਪੋਸੀ ਵਿਚ 1161 ਵਿਅਕਤੀ ਹੋਮ ਕੁਆਰੰਟਾਈਨ ਕੀਤੇ ਗਏ ਹਨ, ਜਿਨ੍ਹਾਂ ਦਾ ਲਗਾਤਾਰ ਫਾਲੋਅੱਪ ਕੀਤਾ ਜਾ ਰਿਹਾ ਹੈ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਕੋਰੋਨਾ ਦੇ ਸੈਂਪਲ ਪਿਛਲੇ ਕਈ ਦਿਨਾਂ ਤੋਂ ਨੈਗੇਟਿਵ ਆ ਰਹੇ ਹਨ।
ਇਹ ਵੀ ਪੜ੍ਹੋ: ਬਲਦੇਵ ਸਿੰਘ ਦੇ ਸੰਪਰਕ ''ਚ ਰਹੇ ਇਨ੍ਹਾਂ ਲੋਕਾਂ ਨੇ ਦਿੱਤੀ ''ਕੋਰੋਨਾ'' ਨੂੰ ਮਾਤ, ਇੰਝ ਕੀਤਾ ਘਰਾਂ ਨੂੰ ਰਵਾਨਾ
ਉਨ੍ਹਾਂ ਕਿਹਾ ਕਿ ਕੋਰੋਨਾ ਖਿਲਾਫ ਜੰਗ ਲੜਨ ਲਈ ਜਿਥੇ ਪੋਸੀ ਬਲਾਕ ਮੋਹਰੀ ਭੂਮਿਕਾ ਨਿਭਾਅ ਰਿਹਾ ਹੈ, ਉਥੇ ਜ਼ਰੂਰੀ ਸਿਹਤ ਸੇਵਾਵਾਂ ਵੀ ਮੁਹੱਈਆ ਕਰਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲਾਕਡਾਊਨ ਦੌਰਾਨ ਪੀ. ਐੱਚ. ਸੀ. ਪੋਸੀ ਵਿਖੇ 11 ਬੱਚਿਆਂ ਨੇ ਜਨਮ ਲਿਆ ਹੈ ਅਤੇ ਕਰੀਬ 1200 ਓ. ਪੀ. ਡੀਜ਼ ਦਰਜ ਹੋਣੀਆਂ ਐੱਸ. ਐੱਮ. ਓ. ਰਘਬੀਰ ਸਿੰਘ ਸਮੇਤ ਪੋਸੀ ਬਲਾਕ ਦੇ ਸਮੁੱਚੇ ਸਿਹਤ ਅਮਲੇ ਦੀ ਸ਼ਲਾਘਾਯੋਗ ਕਾਰਜ ਪ੍ਰਣਾਲੀ ਨੂੰ ਦਰਸਾ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਪੂਰੀ ਤਨਦੇਹੀ ਨਾਲ ਨਿਭਾਈ ਜਾ ਰਹੀ ਡਿਊਟੀ ਸਦਕਾ ਜਲਦ ਕੋਰੋਨਾ ਵਾਇਰਸ 'ਤੇ ਫਤਿਹ ਪਾ ਲਈ ਜਾਵੇਗੀ।
ਐੱਸ. ਐੱਮ. ਓ. ਪੀ. ਐੱਚ. ਸੀ. ਪੋਸੀ ਡਾ. ਰਘਬੀਰ ਸਿੰਘ ਨੇ ਦੱਸਿਆ ਕਿ ਸੈਂਟਰ ਅਧੀਨ ਪੈਂਦੇ ਪਿੰਡ ਮੋਰਾਂਵਾਲੀ ਦੇ ਹਰਭਜਨ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਅਹਿਤਿਆਤ ਵਜੋਂ ਹਰਭਜਨ ਸਿੰਘ ਦੇ ਪਰਿਵਾਰ ਦੇ ਸੰਪਰਕ ਵਿਚ ਆਏ ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਪ੍ਰਾਇਮਰੀ ਹੈਲਥ ਸੈਂਟਰ ਵੱਲੋਂ ਗਰਭਵਤੀ ਔਰਤਾਂ ਲਈ ਸਿਹਤ ਸੇਵਾਵਾਂ ਜਾਰੀ ਰੱਖੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਡਾਕਟਰਾਂ ਅਤੇ ਸਟਾਫ ਨਰਸਾਂ ਵੱਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਗਰਭਵਤੀ ਔਰਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਉਣ ਦਿੱਤੀ ਜਾਵੇ।
ਇਹ ਵੀ ਪੜ੍ਹੋ: ਵਿਆਹ ਦੇ ਚਾਅ ਰਹਿ ਗਏ ਅਧੂਰੇ, ਮੰਗਣੀ ਦੇ 10 ਦਿਨਾਂ ਬਾਅਦ ਕੁੜੀ ਨੇ ਲਾਇਆ ਮੌਤ ਨੂੰ ਗਲੇ
ਉਨ੍ਹਾਂ ਦੱਸਿਆ ਕਿ ਵਾਰਡ ਵਿਚ ਗਰਭਵਤੀ ਔਰਤਾਂ ਸਮੇਤ ਮਾਵਾਂ ਅਤੇ ਨਵਜੰਮਿਆਂ ਦੀ ਸਿਹਤ ਸੁਰੱਖਿਅਤ ਰੱਖਣ ਲਈ ਹਸਪਤਾਲ ਨੂੰ ਦੋ-ਦੋ ਵਾਰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ ਤਾਂ ਜੋ ਨੰਨ੍ਹਿਆਂ ਨੂੰ ਇਨਫੈਕਸ਼ਨ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਬੱਚਿਆਂ, ਬਜ਼ੁਰਗਾਂ ਅਤੇ ਹੋਰ ਮਰੀਜ਼ਾਂ ਨੂੰ ਸੁਚਾਰੂ ਢੰਗ ਨਾਲ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਸਿਹਤ ਅਮਲੇ ਵੱਲੋਂ ਕੋਰੋਨਾ ਦਾ ਬਹਾਨਾ ਬਣਾ ਕੇ ਆਪਣੀ ਡਿਊਟੀ ਤੋਂ ਟਾਲਾ ਨਹੀਂ ਵੱਟਿਆ ਜਾ ਰਿਹਾ। ਉਨ੍ਹਾਂ ਆਖਿਆ ਕਿ ਨਿਰਵਿਘਨ ਓ. ਪੀ. ਡੀ. ਤੋਂ ਇਲਾਵਾ ਸਮਾਜਕ ਦੂਰੀ ਬਰਕਰਾਰ ਰੱਖਦਿਆਂ ਬੱਚਿਆਂ ਦਾ ਟੀਕਾਕਰਨ ਵੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੋਰਾਂਵਾਲੀ ਵਿਚ 5 ਅਤੇ ਪੈਂਸਰਾ ਵਿਚ 1 ਮਰੀਜ਼ ਸਮੇਤ 6 ਕੇਸ ਪਾਜ਼ੇਟਿਵ ਹਨ, ਜੋ ਸਾਰੇ ਬਲਾਕ ਪੋਸੀ ਦੇ ਸਨ। ਉਨ੍ਹਾਂ ਦੱਸਿਆ ਕਿ ਪੀ. ਐੱਚ. ਸੀ. ਪੋਸੀ ਵੱਲੋਂ 177432 ਆਬਾਦੀ ਨੂੰ ਮੁੱਖ ਰੱਖਦਿਆਂ 8 ਆਰ. ਆਰ. ਟੀ. ਟੀਮਾਂ ਦਾ ਗਠਨ ਕੀਤਾ ਗਿਆ ਹੈ। ਪੋਸੀ ਹੀ ਅਜਿਹਾ ਸੈਂਟਰ ਹੈ, ਜਿਥੇ ਪੰਜਾਬ ਦੇ ਸਭ ਤੋਂ ਵੱਧ ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੋਸੀ ਵਿਚ 176 ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 168 ਨੈਗੇਟਿਵ ਅਤੇ 2 ਪੈਂਡਿੰਗ ਹਨ।
ਗੈਵੀ ਦੀ ਕਿਲਕਾਰੀ ਗੂੰਜੀ
ਪ੍ਰਾਇਮਰੀ ਹੈਲਥ ਸੈਂਟਰ ਪੋਸੀ ਵਿਚ ਸ਼ੁੱਕਰਵਾਰ ਇਕ ਹੋਰ ਬੱਚੇ ਦੀ ਕਿਲਕਾਰੀ ਗੂੰਜੀ, ਜਿਸ ਨਾਲ ਲਾਕਡਾਊਨ ਦੌਰਾਨ ਪੋਸੀ ਹਸਪਤਾਲ 'ਚ ਪੈਦਾ ਹੋਣ ਵਾਲੇ ਬੱਚਿਆਂ ਦੀ ਗਿਣਤੀ 11 ਹੋ ਗਈ ਹੈ। ਪਿੰਡ ਫਤਿਹਪੁਰ ਖੁਰਦ ਦੀ ਵਸਨੀਕ ਮਾਤਾ ਅਮਨਜੋਤੀ ਤੇ ਪਿਤਾ ਸਤਬੀਰ ਸਿੰਘ ਨੇ ਆਪਣੇ ਬੇਟੇ ਦਾ ਨਾਂ ਗੈਵੀ ਰੱਖਿਆ। ਲਾਕਡਾਊਨ ਸਮੇਂ ਪੀ. ਐੱਚ. ਸੀ. ਪੋਸੀ ਦੇ ਮੇਨ ਹਸਪਤਾਲ ਵਿਚ 9 ਬੱਚਿਆਂ ਨੇ ਜਨਮ ਲਿਆ, ਜਦਕਿ ਸਰਕਾਰੀ ਸਿਹਤ ਕੇਂਦਰ ਬੱਠਲ ਵਿਖੇ ਦੋ ਬੱਚਿਆਂ ਨੇ ਜਨਮ ਲਿਆ, ਜਿਨ੍ਹਾਂ ਵਿਚ 6 ਲੜਕੀਆਂ ਅਤੇ ਪੰਜ ਲੜਕੇ ਸ਼ਾਮਲ ਹਨ।
ਇਹ ਵੀ ਪੜ੍ਹੋ: ਕੋਰੋਨਾ ਦਾ ਖੌਫ: ਸਿਹਤ ਵਿਭਾਗ ਚੌਕਸ, ਪਾਜ਼ੀਟਿਵ ਕੇਸਾਂ ਦੇ ਸੰਪਰਕ ''ਚ ਰਹੇ 120 ਲੋਕ ਕੁਆਰੰਟਾਈਨ