ਕਈ ਦਿਨਾਂ ਬਾਅਦ ਖੁੱਲ੍ਹਾ ਨਗਰ ਨਿਗਮ ਦਾ ਮੇਨ ਦਫਤਰ
Wednesday, May 06, 2020 - 03:23 PM (IST)
ਜਲੰਧਰ (ਖੁਰਾਣਾ)— ਦੁਨੀਆ ਦੇ ਨਾਲ-ਨਾਲ ਭਾਰਤ 'ਚ ਵੀ ਕੋਰੋਨਾ ਵਾਇਰਸ ਦੀ ਦਹਿਸ਼ਤ ਵਧਦੀ ਹੀ ਜਾ ਰਹੀ ਹੈ, ਇਸ ਕਾਰਨ ਸਰਕਾਰੀ ਵਿਭਾਗ ਵੀ ਲਗਭਗ ਬੰਦ ਪਏ ਹਨ। ਜਲੰਧਰ ਨਗਰ ਨਿਗਮ ਦਾ ਮੇਨ ਦਫਤਰ ਪਿਛਲੇ ਲਗਭਗ 20 ਦਿਨਾਂ ਤੋਂ ਬੰਦ ਪਿਆ ਸੀ ਅਤੇ ਇਸ ਦੇ ਬਾਅਦ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਇਸ ਨੂੰ ਲੱਗਭਗ ਸੀਲ ਕਰ ਦਿੱਤਾ ਸੀ। ਕੁਆਰੰਟਾਈਨ ਸਟੀਕਰ ਦੀ ਲਿਖੀ ਮਿਆਦ ਖਤਮ ਹੋਣ ਤੋਂ ਬਾਅਦ ਮੰਗਲਵਾਰ ਨਗਰ ਨਿਗਮ ਦੇ ਮੇਨ ਬਿਲਡਿੰਗ ਨੂੰ ਖੋਲ੍ਹ ਦਿੱਤਾ ਗਿਆ ਪਰ ਪਹਿਲੇ ਦਿਨ ਸਿਰਫ ਕੁਝ ਵਿਭਾਗਾਂ ਦੇ ਕਰਮਚਾਰੀ ਹੀ ਕੰਮ 'ਤੇ ਆਏ।
ਇਨ੍ਹਾਂ ਕਰਮਚਾਰੀਆਂ 'ਚ ਜਿੱਥੇ ਬਰਥ ਐਂਡ ਡੈੱਥ ਬਾਂਚ ਦੇ ਸਟਾਫ ਮੈਂਬਰ ਸ਼ਾਮਲ ਸਨ ਉੱਥੇ ਹੀ ਕੁਝ ਬਿੱਲ ਕਲਰਕ ਅਤੇ ਅਕਾਊਂਟ ਵਿਭਾਗ ਦੇ ਕਰਮਚਾਰੀ ਅਤੇ ਸ਼ਿਕਾਇਤ ਨਿਵਾਰਨ ਸੈੱਲ ਦੇ ਸਟਾਫ ਮੈਂਬਰ ਹੀ ਹਾਜ਼ਰ ਸਨ। ਲਗਭਗ ਸਾਰੇ ਨਗਰ ਨਿਗਮ ਅਧਿਕਾਰੀ ਆਪਣੇ ਦਫਤਰ ਨਹੀਂ ਆਏ ਪਰ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਕੁਝ ਦੇਰ ਲਈ ਆਏ। ਸੈਨੀਟੇਸ਼ਨ ਵਿਭਾਗ ਦਾ ਸਟਾਫ ਵੀ ਇਸ ਦੌਰਾਨ ਜ਼ਿਆਦਾ ਹਾਜ਼ਰ ਨਹੀਂ ਸੀ। ਹੁਣ ਦੇਖਣਾ ਇਹ ਹੈ ਕਿ ਨਿਗਮ ਦਾ ਮੇਨ ਆਫਿਸ ਕਦੋਂ ਰੁਟੀਨ 'ਚ ਆਪਣਾ ਕੰਮਕਾਜ ਸੰਭਾਲਦਾ ਹੈ।