ਬਠਿੰਡਾ ''ਚ ਕੋਰੋਨਾ ਦੇ 8 ਨਵੇਂ ਕੇਸ ਮਿਲੇ, ਇਕ ਮ੍ਰਿਤਕ ਦੀ ਰਿਪੋਰਟ ਵੀ ਆਈ ਪਾਜ਼ੇਟਿਵ

07/02/2020 4:24:24 PM

ਬਠਿੰਡਾ (ਕੁਨਾਲ, ਵਿਜੇ, ਬਲਵਿੰਦਰ)— ਪੰਜਾਬ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲੇ 'ਚ ਬਠਿੰਡਾ ਤੋਂ ਕੋਰੋਨਾ ਦੇ 8 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਚੋਂ ਇਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕੋਰੋਨਾ ਕਾਰਨ ਬਠਿੰਡਾ 'ਚ ਮਰਨ ਵਾਲਿਆਂ ਦੀ ਗਿਣਤੀ 3 ਹੋ ਗਈ ਹੈ ਜਦਕਿ ਜ਼ਿਲ੍ਹੇ 'ਚ ਹੁਣ ਐਕਟਿਵ ਕੇਸਾਂ ਦੀ ਗਿਣਤੀ 25 ਹੋ ਗਈ ਹੈ। ਅੱਜ ਦੇ ਨਤੀਜਿਆਂ ਨੇ ਇਹ ਵੀ ਖੁਲਾਸਾ ਕਰ ਦਿੱਤਾ ਹੈ ਕਿ ਹੁਣ ਕੋਰੋਨਾ ਨੇ ਬਠਿੰਡਾ ਛਾਉਣੀ 'ਚ ਵੀ ਦਸਤਕ ਦੇ ਦਿੱਤੀ ਹੈ।

ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅੱਜ ਕੁੱਲ 8 ਵਿਅਕਤੀਆਂ ਦੀ ਰਿਪੋਰਟ ਪਾਜ਼ਿਟਿਵ ਆਈ ਹੈ। ਇਨ੍ਹਾਂ 'ਚ ਬਿਰਲਾ ਮਿਲ ਕਾਲੋਨੀ ਦਾ ਉਹ ਵਿਅਕਤੀ ਵੀ ਹੈ, ਜਿਸ ਦੀ ਕੱਲ੍ਹ ਮੌਤ ਹੋ ਗਈ ਸੀ। ਸ਼ੱਕ ਦੇ ਅਧਾਰ 'ਤੇ ਉਸ ਦੇ ਸੈਂਪਲ ਕੋਰੋਨਾ ਟੈਸਟ ਲੈਈ ਭੇਜੇ ਗਏ ਸਨ, ਜਿਸ ਕਾਰਨ ਉਸ ਦਾ ਅੰਤਿਮ ਸੰਸਕਾਰ ਵੀ ਕੋਰੋਨਾ ਮਰੀਜ਼ ਵਾਂਗ ਹੀ ਇਹਤਿਆਤ ਨਾਲ ਕੀਤਾ ਗਿਆ ਸੀ ਪਰ ਅੱਜ ਉਕਤ ਦੀ ਰਿਪੋਰਟ ਵੀ ਪਾਜ਼ੇਟਿਵ ਪਾਈ ਗਈ। ਦੂਜੇ ਪਾਸੇ ਬਾਕੀ ਪਾਜ਼ਿਟਿਵ ਆਏ 7 ਕੇਸਾਂ ਚ 3 ਬਠਿੰਡਾ ਛਾਉਣੀ ਤੋਂ ਹਨ, ਜਿਨ੍ਹਾਂ ਚ ਇਕ ਔਰਤ ਵੀ ਹੈ, ਬਾਕੀ 4 ਬਠਿੰਡਾ ਸ਼ਹਿਰ ਦੇ ਹਨ। ਜ਼ਿਲ੍ਹੇ 'ਚ ਕੁਲ ਐਕਟਿਵ ਕੇਸਾਂ ਦੀ ਗਿਣਤੀ 25 ਹੋ ਗਈ ਹੈ।

ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 5734 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 966, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 760, ਲੁਧਿਆਣਾ 'ਚ 865, ਸੰਗਰੂਰ 'ਚ 499 ਕੇਸ, ਪਟਿਆਲਾ 'ਚ 336, ਮੋਹਾਲੀ (ਐੱਸ. ਏ. ਐੱਸ. ਨਗਰ) 271, ਗੁਰਦਾਸਪੁਰ 'ਚ 224 ਕੇਸ, ਪਠਾਨਕੋਟ 'ਚ 221, ਤਰਨਤਾਰਨ 197, ਹੁਸ਼ਿਆਰਪੁਰ 'ਚ 188, ਨਵਾਂਸ਼ਹਿਰ 'ਚ 144, ਮੁਕਤਸਰ 127, ਫਤਿਹਗੜ੍ਹ ਸਾਹਿਬ 'ਚ 120, ਫਰੀਦਕੋਟ 108, ਰੋਪੜ 'ਚ 108, ਮੋਗਾ 'ਚ 107, ਫਾਜ਼ਿਲਕਾ 95, ਫਿਰੋਜ਼ਪੁਰ 'ਚ 96, ਬਠਿੰਡਾ 101, ਕਪੂਰਥਲਾ 102, ਬਰਨਾਲਾ 'ਚ 59, ਮਾਨਸਾ 'ਚ 48 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 4091 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 1474 ਤੋਂ ਵੱਧ ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 151 ਲੋਕਾਂ ਦੀ ਮੌਤ ਹੋ ਚੁੱਕੀ ਹੈ।


shivani attri

Content Editor

Related News