'ਕੋਰੋਨਾ ਵਾਇਰਸ' ਸਰੀਰ ਨੂੰ ਕਿਵੇਂ ਕਰਦਾ ਹੈ ਤਬਾਹ, ਕਿਨ੍ਹਾਂ ਨੂੰ ਸਭ ਤੋਂ ਵੱਧ ਖਤਰਾ?

Sunday, Mar 22, 2020 - 07:46 AM (IST)

'ਕੋਰੋਨਾ ਵਾਇਰਸ' ਸਰੀਰ ਨੂੰ ਕਿਵੇਂ ਕਰਦਾ ਹੈ ਤਬਾਹ, ਕਿਨ੍ਹਾਂ ਨੂੰ ਸਭ ਤੋਂ ਵੱਧ ਖਤਰਾ?

ਜਲੰਧਰ— ਪਿਛਲੇ ਸਾਲ ਦਸੰਬਰ ਵਿਚ ਚੀਨ ਵਿਚ ਕੋਰੋਨਾ ਵਾਇਰਸ ਕੋਵਿਡ-19 ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਸੀ। ਇਸ ਤੋਂ ਬਾਅਦ ਇਹ ਤੇਜ਼ੀ ਨਾਲ ਦੁਨੀਆ ਦੇ 140 ਤੋਂ ਵੱਧ ਦੇਸ਼ਾਂ ਵਿਚ ਫੈਲ ਗਿਆ ਅਤੇ ਵਿਸ਼ਵ ਸਿਹਤ ਸੰਗਠਨ ਨੂੰ ਇਸ ਨੂੰ ਇਕ ਮਹਾਂਮਾਰੀ ਘੋਸ਼ਿਤ ਕਰਨਾ ਪਿਆ। ਖਾਸ ਗੱਲ ਇਹ ਹੈ ਕਿ ਇਸ ਦੇ ਸ਼ੁਰੂਆਤੀ ਲੱਛਣ ਬਹੁਤ ਘੱਟ ਹਨ ਪਰ ਇਸ ਨਾਲ ਲੋਕਾਂ ਦੀ ਜਾਨ ਜਾ ਰਹੀ ਹੈ। ਹੁਣ ਸਵਾਲ ਇਹ ਹਨ ਕਿ ਇਹ ਵਾਇਰਸ ਸਰੀਰ 'ਤੇ ਕਿਵੇਂ ਹਮਲਾ ਕਰਦਾ ਹੈ? ਬਹੁਤ ਸਾਰੇ ਲੋਕ ਜੋ ਹਸਪਤਾਲ ਵਿਚ ਇਲਾਜ ਕਰਵਾ ਰਹੇ ਸਨ ਕਿਉਂ ਮਰ ਗਏ?

ਕੋਰੋਨਾ ਵਾਇਰਸ ਕਿਸੇ ਨੂੰ ਵੀ ਸੰਕ੍ਰਮਿਤ ਕਰ ਸਕਦਾ ਹੈ ਪਰ ਉਨ੍ਹਾਂ ਲੋਕਾਂ ਲਈ ਵਧੇਰੇ ਜੋਖਮ ਹੁੰਦਾ ਹੈ ਜਿਨ੍ਹਾਂ ਨੂੰ ਪਹਿਲਾਂ ਹੀ ਸਿਹਤ ਸਮੱਸਿਆ ਹੈ ਜਾਂ ਜੋ ਬਹੁਤ ਬੁਢਾਪੇ ਵਿਚ ਹਨ। 'ਦਿ ਲੈਂਸੇਟ ਜਰਨਲ' ਦੇ ਅਧਿਐਨ ਮੁਤਾਬਕ ਉਹ ਲੋਕ ਜੋ ਬੁਢਾਪੇ ਵਿਚ ਹਨ ਜਾਂ ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਹਨ ਉਨ੍ਹਾਂ ਵਿਚ ਕੋਰੋਨਾ ਵਾਇਰਸ ਨਾਲ ਮਰਨ ਦਾ ਖਤਰਾ ਵਧੇਰੇ ਹੁੰਦਾ ਹੈ। ਇਹ ਅਧਿਐਨ ਚੀਨ ਦੇ ਵੁਹਾਨ ਦੇ ਦੋ ਹਸਪਤਾਲਾਂ ਦੇ 191 ਮਰੀਜ਼ਾਂ 'ਤੇ ਕੀਤਾ ਗਿਆ ਸੀ। ਇਸ ਵਿਚ ਖੋਜਕਰਤਾਵਾਂ ਨੇ ਉਨ੍ਹਾਂ ਲੋਕਾਂ 'ਤੇ ਅਧਿਐਨ ਕੀਤਾ ਜਿਨ੍ਹਾਂ ਦੀ ਜਾਂ ਤਾਂ ਮੌਤ ਹੋ ਗਈ ਸੀ ਜਾਂ ਜਿਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ। 191 ਮਰੀਜ਼ਾਂ ਦੀ ਉਮਰ 18 ਤੋਂ 87 ਸਾਲ ਤੱਕ ਸੀ। ਜ਼ਿਆਦਾਤਰ ਮਰੀਜ਼ਾਂ ਨੂੰ ਭਰਤੀ ਹੋਣ ਸਮੇਂ ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਸਨ।

 

ਸਰੀਰ 'ਤੇ ਕਿਵੇਂ ਹਮਲਾ ਹੁੰਦਾ ਹੈ-
ਕਿਸੇ ਇਨਫੈਕਟਡ ਵਿਅਕਤੀ ਦੇ ਸੰਪਰਕ 'ਚ ਆਉਣ ਨਾਲ ਇਹ ਫੈਲਦਾ ਹੈ। ਸਰੀਰ ਦੇ ਅੰਦਰ ਜਾਣ ਤੋਂ ਬਾਅਦ ਇਹ ਵਾਇਰਸ ਸਾਹ ਲੈਣ 'ਚ ਤਕਲੀਫ ਪੈਦਾ ਕਰ ਸਕਦਾ ਹੈ। ਇਸ ਦਾ ਪਹਿਲਾ ਹਮਲਾ ਤੁਹਾਡੇ ਗਲੇ ਦੇ ਸੈੱਲਾਂ 'ਤੇ ਹੁੰਦਾ ਹੈ। ਇਹ ਫਿਰ ਸਾਹ ਦੀ ਪਾਈਪ ਅਤੇ ਫੇਫੜਿਆਂ 'ਤੇ ਹਮਲਾ ਕਰਦਾ ਹੈ। ਇੱਥੇ ਇਹ ਇਕ ਕਿਸਮ ਦੀ “ਕੋਰੋਨਾ ਵਾਇਰਸ ਫੈਮਿਲੀ'' ਬਣਾਉਂਦਾ ਹੈ, ਯਾਨੀ ਇਹ ਇੱਥੇ ਆਪਣੀ ਗਿਣਤੀ ਵਧਾਉਂਦਾ ਹੈ। ਨਵੇਂ ਕੋਰੋਨਾ ਵਾਇਰਸ ਬਾਕੀ ਸੈੱਲਾਂ 'ਤੇ ਹਮਲਾ ਕਰਦੇ ਹਨ। ਸ਼ੁਰੂਆਤੀ ਪੜਾਅ ਵਿਚ ਤੁਸੀਂ ਬਿਮਾਰ ਨਹੀਂ ਮਹਿਸੂਸ ਕਰਦੇ। ਹਾਲਾਂਕਿ, ਕੁਝ ਲੋਕਾਂ ਵਿਚ ਸੰਕਰਮਣ ਦੀ ਸ਼ੁਰੂਆਤ ਤੋਂ ਹੀ ਲੱਛਣ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਹਨ। ਵਾਇਰਸ ਨਾਲ ਇਨਫੈਕਟਡ ਦਿਸਣ ਦਾ ਸਮਾਂ ਲੋਕਾਂ ਵਿਚ ਵੱਖੋ-ਵੱਖਰਾ ਹੋ ਸਕਦਾ ਹੈ। ਔਸਤ ਇਹ ਪੰਜ ਦਿਨ ਦਾ ਹੁੰਦਾ ਹੈ।

ਸਰੀਰ ਕਿਉਂ ਦਰਦ ਕਰਦਾ ਹੈ?
ਜ਼ਿਆਦਾਤਰ ਲੋਕਾਂ ਵਿਚ ਜੋ ਲੱਛਣ ਦਿਖਾਈ ਦਿੰਦੇ ਹਨ ਉਹ ਮਾਮੂਲੀ ਹੁੰਦੇ ਹਨ। ਕਿਹਾ ਜਾ ਸਕਦਾ ਹੈ ਕਿ ਸੰਕ੍ਰਮਿਤ ਲੋਕਾਂ 'ਚੋਂ ਦਸ 'ਚੋਂ ਅੱਠ 'ਚ ਇਹ ਲੱਛਣ ਬਹੁਤ ਹੀ ਮਾਮੂਲੀ ਹੁੰਦੇ ਹਨ ਤੇ ਇਹ ਲੱਛਣ ਬੁਖਾਰ ਤੇ ਖੰਘ ਹੁੰਦੇ ਹਨ। ਸਰੀਰ ਦਰਦ, ਗਲੇ 'ਚ ਖਰਾਸ਼ ਤੇ ਸਿਰ ਦਰਦ ਵੀ ਹੋ ਸਕਦਾ ਹੈ। ਤੁਹਾਡੇ ਸਰੀਰ ਦਾ ਤੰਤਰ ਪੂਰੀ ਤਾਕਤ ਨਾਲ ਇਸ ਵਾਇਰਸ ਨਾਲ ਲੜਨ ਦੀ ਕੋਸ਼ਿਸ਼ ਕਰਦਾ ਹੈ। ਇਮਿਊਨ ਸਿਸਟਮ ਵਾਇਰਸ ਨੂੰ ਖਤਮ ਕਰਨ ਲਈ ਸਾਈਟੋਕਾਈਨ ਨਾਮ ਦਾ ਕੈਮੀਕਲ ਛੱਡਣਾ ਸ਼ੁਰੂ ਕਰਦਾ ਹੈ। ਸਰੀਰ ਦੀ ਰੋਗ ਨਾਲ ਲਡ਼ਨ ਵਾਲੀ ਤਾਕਤ ਪੂਰੇ ਜ਼ੋਰ ਨਾਲ ਹਮਲੇ ਦਾ ਜਵਾਬ ਦੇਣ 'ਚ ਲੱਗ ਜਾਂਦੀ ਹੈ ਤੇ ਇਸ ਕਾਰਨ ਤੁਹਾਨੂੰ ਸਰੀਰ ਦਰਦ ਤੇ ਬੁਖਾਰ ਵੀ ਹੋ ਸਕਦਾ ਹੈ। ਕੋਰੋਨਾ ਵਾਇਰਸ ਕਾਰਨ ਹੋਣ ਵਾਲੀ ਖੰਘ ਆਮ ਤੌਰ 'ਤੇ ਸੁੱਕੀ ਹੁੰਦੀ ਹੈ, ਜਿਸ 'ਚ ਬਲਗਮ ਨਹੀਂ ਨਿਕਲਦੀ ਪਰ ਕਦੇ-ਕਦੇ ਇਹ ਮਾਮਲਾ ਖਰਾਸ਼ ਤੱਕ ਵੀ ਸੀਮਤ ਹੋ ਸਕਦਾ ਹੈ।

ਵਾਇਰਸ ਕਾਰਨ ਨਿਮੋਨੀਆ ਕਿਉਂ ਹੋ ਜਾਂਦਾ ਹੈ?

PunjabKesari
ਜਿਨ੍ਹਾਂ ਲੋਕਾਂ ਦਾ ਇਮਿਊਨ ਸਿਸਟਮ ਵਾਇਰਸ ਨਾਲ ਲੜਨ 'ਚ ਸਫਲ ਹੁੰਦਾ ਹੈ ਉਨ੍ਹਾਂ ਦੀ ਸਿਹਤ 'ਚ ਹਫਤੇ ਅੰਦਰ ਸੁਧਾਰ ਹੋਣਾ ਸ਼ੁਰੂ ਹੋ ਜਾਂਦਾ ਹੈ। ਹਾਲ ਹੀ 'ਚ ਕੁਝ ਹੋਰ ਲੱਛਣ ਸਾਹਮਣੇ ਆਏ ਹਨ, ਜਿਸ ਮੁਤਾਬਕ ਇਸ ਕਾਰਨ ਨੱਕ ਵਹਿਣ ਵਰਗੇ ਸਰਦੀ-ਜੁਕਾਮ ਵਰਗੇ ਲੱਛਣ ਵੀ ਦੇਖਣ ਨੂੰ ਮਿਲ ਸਕਦੇ ਹਨ। ਵਾਇਰਸ ਕਾਰਨ ਇਮਿਊਨ ਸਿਸਟਮ ਵਿਗੜ ਜਾਂਦਾ ਹੈ ਤੇ ਸੋਜ ਦਿਖਣੀ ਸ਼ੁਰੂ ਹੋ ਜਾਂਦੀ ਹੈ। ਫੇਫੜਿਆਂ ਦੀ ਇਸੇ ਸੋਜ ਨੂੰ ਨਿਮੋਨੀਆ ਕਹਿੰਦੇ ਹਨ। ਫੇਫੜੇ ਸਰੀਰ ਦੀ ਉਹ ਜਗ੍ਹਾ ਹਨ ਜਿੱਥੋਂ ਆਕਸੀਜਨ ਦਾ ਸਰੀਰ 'ਚ ਪਹੁੰਚਣਾ ਸ਼ੁਰੂ ਹੁੰਦਾ ਹੈ, ਜਦੋਂ ਕਿ ਕਾਰਬਨ ਡਾਈਆਕਸਾਈਡ ਸਰੀਰ ਤੋਂ ਬਾਹਰ ਨਿਕਲਦੀ ਹੈ ਪਰ ਕੋਰੋਨਾ ਕਾਰਨ ਇੱਥੇ ਪਾਣੀ ਜੰਮਣ ਲੱਗਦਾ ਹੈ, ਇਸ ਕਾਰਨ ਸਾਹ ਲੈਣ 'ਚ ਤਕਲੀਫ ਹੁੰਦੀ ਹੈ। ਫੇਫੜਿਆਂ ਵਿਚ ਸੋਜ ਕਾਰਨ ਸਰੀਰ ਨੂੰ ਉਸ ਦੀ ਲੋੜੀਂਦੀ ਆਕਸੀਜਨ ਨਹੀਂ ਮਿਲਦੀ ਇਸ ਦਾ ਸਿੱਧਾ ਪ੍ਰਭਾਵ ਗੁਰਦੇ 'ਤੇ ਪੈ ਸਕਦਾ ਹੈ, ਜੋ ਖੂਨ ਨੂੰ ਸਾਫ ਕਰਨ ਲਈ ਕੰਮ ਕਰਦਾ ਹੈ। ਹੁਣ ਤੱਕ ਅਧਿਐਨ ਮੁਤਾਬਕ, ਸਰੀਰ ਵਿਚ ਸੋਜ ਇੰਨੀ ਵੱਧ ਜਾਂਦੀ ਹੈ ਕਿ ਸਰੀਰ ਦੇ ਕਈ ਅੰਗ ਅੰਗ ਅਸਫਲ ਹੋ ਜਾਂਦੇ ਹਨ ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਸਕਦੀ ਹੈ।

ਹਾਲਾਂਕਿ, ਜੇਕਰ ਤੁਹਾਨੂੰ ਪਹਿਲਾਂ ਹੀ ਕੋਈ ਬਿਮਾਰੀ ਹੈ ਤਾਂ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਦੂਜਿਆਂ ਨਾਲੋਂ ਜਲਦੀ ਕੋਰੋਨਾ ਵਾਇਰਸ ਹੋ ਜਾਵੇ ਪਰ ਇਨਫੈਕਸ਼ਨ ਤੋਂ ਬਾਅਦ ਸਥਿਤੀ ਦੂਜੇ ਮਰੀਜ਼ਾਂ ਨਾਲੋਂ ਵਧੇਰੇ ਗੰਭੀਰ ਹੋ ਸਕਦੀ ਹੈ।

 

ਬਿਜ਼ਨੈੱਸ ਨਿਊਜ਼ ਪੜ੍ਹਨ ਲਈ ਇੱਥੇ ਕਲਿੱਕ ਕਰੋ


author

Sanjeev

Content Editor

Related News