ਜਲੰਧਰ : 3 ਹੋਰ ਮਰੀਜ਼ਾਂ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਆਈ ਨੈਗੇਟਿਵ

Monday, Mar 09, 2020 - 10:25 AM (IST)

ਜਲੰਧਰ : 3 ਹੋਰ ਮਰੀਜ਼ਾਂ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਆਈ ਨੈਗੇਟਿਵ

ਜਲੰਧਰ (ਰੱਤਾ)— ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਸਿਹਤ ਵਿਭਾਗ ਨੇ ਸ਼ੁੱਕਰਵਾਰ ਨੂੰ ਜਿਨ੍ਹਾਂ ਤਿੰਨ ਮਰੀਜ਼ਾਂ ਦੇ ਸੈਂਪਲ ਦਿੱਲੀ ਭੇਜੇ ਸਨ, ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਸ਼ੱਕ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਨਿਊ ਰੂਬੀ ਹਸਪਤਾਲ 'ਚ ਦਾਖਲ ਇਕ ਔਰਤ ਅਤੇ ਸਿਵਲ ਹਸਪਤਾਲ ਦੀ ਓ. ਪੀ. ਡੀ. 'ਚ 2 ਮਰਦਾਂ ਦੇ ਸੈਂਪਲ ਲੈ ਕੇ ਦਿੱਲੀ ਭੇਜੇ ਸਨ। ਵਿਭਾਗ ਨੂੰ ਐਤਵਾਰ ਪ੍ਰਾਪਤ ਹੋਈ ਰਿਪੋਰਟ ਮੁਤਾਬਕ ਇਹ ਤਿੰਨੋਂ ਮਰੀਜ਼ ਵੀ ਕੋਰੋਨਾ ਵਾਇਰਸ ਨਾਲ ਪੀੜਤ ਨਹੀਂ ਹਨ। ਇਸ ਤੋਂ ਪਹਿਲਾਂ 2 ਬੱਚਿਆਂ ਦੇ ਟੈਸਟ ਵੀ ਨੈਗੇਟਿਵ ਆ ਚੁੱਕੇ ਹਨ। ਜ਼ਿਕਰਯੋਗ ਹੈ ਕਿ ਜਲੰਧਰ 'ਚ ਅਜੇ ਤੱਕ ਲਏ ਗਏ 5 ਮਰੀਜ਼ਾਂ ਦੇ ਸੈਂਪਲਾਂ 'ਚੋਂ ਕਿਸੇ ਦਾ ਵੀ ਟੈਸਟ ਪਾਜ਼ੀਟਿਵ ਨਹੀਂ ਆਇਆ।

ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦਾ ਸ਼ੱਕ ਹੋਣ ਕਾਰਨ ਪਿਛਲੇ ਦਿਨੀਂ ਦੋ ਬੱਚਿਆਂ ਨੂੰ ਸਥਾਨਕ ਨਕੋਦਰ ਚੌਂਕ ਦੇ ਨੇੜੇ ਸਥਿਤ ਦੋਆਬਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਸੈਂਪਲ ਭੇਜਣ 'ਤੇ ਬੀਤੇ ਦਿਨੀਂ ਉਨ੍ਹਾਂ ਦੋਹਾਂ ਬੱਚਿਆਂ ਦੀ ਰਿਪੋਰਟ ਆ ਗਈ ਸੀ, ਉਨ੍ਹਾਂ ਦੋਹਾਂ ਬੱਚਿਆਂ ਦਾ ਕੋਰੋਨਾ ਵਾਇਰਸ ਦਾ ਟੈਸਟ ਨੈਗੇਟਿਵ ਆਇਆਾ। ਉਕਤ ਦੋਵੇਂ ਬੱਚੇ ਐਲੈਕਸ ਅਤੇ ਐਲੀਸੀਆ ਪਿਛਲੇ ਦਿਨੀਂ ਇਟਲੀ ਤੋਂ ਸਥਾਨਕ ਪੱਕਾ ਬਾਗ ਸਥਿਤ ਆਪਣੇ ਰਿਸ਼ਤੇਦਾਰਾਂ ਦੇ ਘਰ ਆਏ ਸਨ, ਜਿੱਥੇ ਉਨ੍ਹਾਂ ਨੂੰ ਬੁਖਾਰ ਤੇ ਖਾਂਸੀ ਹੋਣ ਕਾਰਨ ਉਨ੍ਹਾਂ ਦੇ ਰਿਸ਼ਤੇਦਾਰ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਚੈੱਕ ਕਰਵਾਉਣ ਲਈ ਲੈ ਗਏ।

ਉੱਥੇ ਡਾਕਟਰਾਂ ਨੇ ਚੈੱਕ ਕਰਨ ਤੋਂ ਬਾਅਦ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦਾ ਸ਼ੱਕ ਜ਼ਾਹਰ ਕੀਤਾ, ਜਿਸ ਦੇ ਚੱਲਦੇ ਦੋਵੇਂ ਬੱਚਿਆਂ ਨੂੰ ਬੁੱਧਵਾਰ ਦੇਰ ਰਾਤ ਦੋਆਬਾ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਸਿਹਤ ਵਿਭਾਗ ਨੇ ਦੋਵੇਂ ਬੱਚਿਆਂ ਦੇ ਸੈਂਪਲ ਲੈ ਕੇ ਵੀਰਵਾਰ ਨੂੰ ਜਾਂਚ ਲਈ ਦਿੱਲੀ ਭੇਜੇ ਸਨ। ਦੋਆਬਾ ਹਸਪਤਾਲ ਦੇ ਡਾ. ਆਸ਼ੂਤੋਸ਼ ਨੇ ਦੱਸਿਆ ਕਿ ਦੋਵੇਂ ਬੱਚਿਆਂ ਦੀ ਰਿਪੋਰਟ ਨੈਗੇਟਿਵ ਆਉਣ ਕਾਰਨ ਬੱਚਿਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਥੇ ਹੀ ਪੰਜਾਬ 'ਚ ਇਟਲੀ ਤੋਂ ਆਏ ਦੋ ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ, ਜੋ ਕਿ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।  

ਇਹ ਵਰਤੋਂ ਸਾਵਧਾਨੀਆਂ
ਹੱਥਾਂ ਨੂੰ ਵਾਰ-ਵਾਰ ਸਾਬਣ ਅਤੇ ਪਾਣੀ ਨਾਲ ਧੋਵੋ। ਹੋ ਸਕੇ ਤਾਂ ਹੱਥਾਂ ਨੂੰ ਸਾਫ ਕਰਨ ਲਈ ਸੈਨੇਟਾਈਜ਼ਰ ਦਾ ਇਸਤੇਮਾਲ ਕਰੋ।
ਕਿਸੇ ਨਾਲ ਵੀ ਹੱਥ ਮਿਲਾਉਣ ਤੋਂ ਪਰਹੇਜ਼ ਕਰੋ।
ਖੰਘਦੇ ਹੋਏ ਜਾਂ ਛਿੱਕਦੇ ਹੋਏ ਡਿਸਪੋਜ਼ੇਬਲ ਟਿਸ਼ੂ ਦਾ ਇਸਤੇਮਾਲ ਕਰੋ।
ਇਸਤੇਮਾਲ ਕੀਤੇ ਗਏ ਟਿਸ਼ੂ ਨੂੰ ਸੁੱਟ ਦਿਓ ਅਤੇ ਇਸ ਤੋਂ ਬਾਅਦ ਹੱਥ ਜ਼ਰੂਰ ਧੋਵੋ।
ਟਿਸ਼ੂ ਨਹੀਂ ਹੈ ਤਾਂ ਛਿੱਕਦੇ ਜਾਂ ਖੰਘਦੇ ਹੋਏ ਬਾਂਹ ਦਾ ਇਸਤੇਮਾਲ ਕਰੋ। ਪਰ ਖੁੱਲ੍ਹੀ ਹਵਾ 'ਚ ਖੰਘਣ ਜਾਂ ਛਿੱਕਣ ਤੋਂ ਪਰਹੇਜ਼ ਕਰੋ।
ਬਿਨਾਂ ਹੱਥ ਧੋਏ ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਨਾ ਲਗਾਓ।
ਬੀਮਾਰ ਲੋਕਾਂ ਦੇ ਸੰਪਰਕ 'ਚ ਆਉਣ ਤੋਂ ਬਚੋ।
ਜਾਨਵਰਾਂ ਦੇ ਸੰਪਰਕ 'ਚ ਆਉਣ ਤੋਂ ਬਚੋ।
ਪਾਲਤੂ ਜਾਨਵਰਾਂ ਦੀ ਸਾਫ-ਸਫਾਈ ਦਾ ਪੂਰਾ ਧਿਆਨ ਰੱਖੋ।
ਮੀਟ, ਅੰਡੇ ਆਦਿ ਖਾਣ ਤੋਂ ਪਹਹੇਜ਼ ਕਰੋ। ਹੋ ਸਕੇ ਤਾਂ ਚੰਗੀ ਤਰ੍ਹਾਂ ਪਕਾ ਕੇ ਖਾਓ।
ਜੇਕਰ ਤੁਹਾਨੂੰ ਖੰਘ, ਬੁਖਾਰ ਅਤੇ ਛਿੱਕਾਂ ਆਦਿ ਦੀ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।

ਇਹ ਵੀ ਪੜ੍ਹੋ: ਦੋਆਬਾ ਹਸਪਤਾਲ 'ਚ ਦਾਖਲ ਦੋਵੇਂ ਬੱਚਿਆਂ ਦੀ ਰਿਪੋਰਟ ਆਈ ਨੈਗੇਟਿਵ


author

shivani attri

Content Editor

Related News