ਬਿਨਾਂ ਸੁਰੱਖਿਆ ਕੋਰੋਨਾ ਦੀ ਜੰਗ ਲੜ ਰਹੇ ਕਾਮਿਆਂ ਦੀ ਸੁਰੱਖਿਆ ਲਈ ਅੱਗੇ ਆਏ ਸਰਪੰਚ
Wednesday, Apr 15, 2020 - 09:39 AM (IST)
ਰੂਪਨਗਰ (ਸੱਜਣ) - ਦੁਨੀਆਂ ਭਰ ਵਿਚ ਫੈਲ ਰਹੀ ਕੋਰੋਨਾ ਵਾਇਰਸ ਦੀ ਨਾਮੁਰਾਦ ਬੀਮਾਰੀ ਲਗਾਤਾਰ ਭਾਰਤ ਵਿਚ ਵਧਦੀ ਜਾ ਰਹੀ ਹੈ। ਦੇਸ਼ ਅਤੇ ਪੰਜਾਬ ਤੋਂ ਲਗਾਤਾਰ ਇਹ ਖਬਰਾਂ ਆ ਰਹੀਆਂ ਹਨ ਕਿ ਕੋਰੋਨਾ ਵਾਇਰਸ ਨਾਲ ਜੰਗ ਲੜਨ ਵਾਲੇ ਡਾਕਟਰ, ਸਿਹਤ ਕਾਮੇ ਤੇ ਸਫਾਈ ਸੇਵਕ ਬਿਨਾਂ ਸੇਫਟੀ ਕਿੱਟਾਂ ਦੇ ਜਾਨ ਜੋਖ਼ਮ ਵਿਚ ਪਾ ਕੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਹਾਲਾਂਕਿ ਸਰਕਾਰ ਵਲੋਂ ਸੁਰੱਖਿਆ ਕਿੱਟਾਂ ਮੁਹੱਈਆ ਤਾਂ ਕਰਵਾਈਆਂ ਜਾ ਰਹੀਆਂ ਹਨ ਪਰ ਕਿੱਟਾਂ ਦੀ ਘਾਟ ਕਾਰਨ ਇਹ ਸਭ ਤੱਕ ਨਹੀਂ ਪਹੁੰਚ ਰਹੀਆਂ। ਸੇਫ਼ਟੀ ਸੁਰੱਖਿਆ ਸੂਟਾਂ ਦੀ ਕਮੀ ਦੇ ਚੱਲਦੇ ਅੱਜ ਵੀ ਹਸਪਤਾਲਾਂ ਅਤੇ ਸ਼ਹਿਰ ਦੀ ਸਫਾਈ ਕਰਨ ਵਾਲੇ ਸਫ਼ਾਈ ਸੇਵਕਾਂ ਨੂੰ ਬਿਨਾਂ ਸੁਰੱਖਿਆ ਕੰਮਕਾਜ ਕਰਨਾ ਪੈ ਰਿਹਾ। ਅਜਿਹੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਬਲਾਕ ਰੂਪਨਗਰ ਦੇ ਕਈ ਸਰਪੰਚਾਂ ਵੱਲੋਂ ਸਿਹਤ ਵਿਭਾਗ ਦੇ ਸਹਾਇਕ ਸਟਾਫ, ਸਫਾਈ ਸੇਵਕਾਂ ਨੂੰ ਕਰੀਬ 50 ਪੀ.ਪੀ. ਕਿੱਟਾਂ ਡਿਪਟੀ ਕਮਿਸ਼ਨਰ ਰੂਪਨਗਰ ਦੇ ਰਾਹੀਂ ਦਾਨ ਕੀਤੀਆਂ ਗਈਆਂ ।
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਇਸ ਮੌਕੇ ਪਿੰਡ ਕਟਲੀ ਦੇ ਸਰਪੰਚ ਵਕੀਲ ਕਮਲ ਸੈਣੀ ਨੇ ਗੱਲ ਕਰਦੇ ਦੱਸਿਆ ਕਿ ਸਿਹਤ ਵਿਭਾਗ ਦੇ ਸਪੋਰਟਿੰਗ ਸਟਾਫ ਅਤੇ ਸਫਾਈ ਸੇਵਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਵੱਖ ਵੱਖ ਸਰਪੰਚਾਂ ਵਲੋਂ ਸਾਂਝੇ ਤੌਰ ਤੇ 50 ਕਿੱਟਾਂ ਦਿੱਤੀਆਂ ਗਈਆਂ ਹਨ l ਜ਼ਿਕਰਯੋਗ ਹੈ ਕਿ ਲੰਗਰ ਤਾਂ ਕਈ ਲੋਕਾਂ ਵੱਲੋਂ ਲਗਾਏ ਜਾ ਰਹੇ ਨੇ ਪ੍ਰੰਤੂ ਸਿਹਤ ਵਿਭਾਗ ਅਤੇ ਸ਼ਹਿਰ ਦੀ ਸਫ਼ਾਈ ਕਰਨ ਵਾਲੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਜੋ ਉਪਰਾਲਾ ਇਨ੍ਹਾਂ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਵੱਲੋਂ ਕੀਤਾ ਗਿਆ ਹੈ ਉਹ ਵਾਕੇ ਹੀ ਕਾਬਲੇ ਤਾਰੀਫ਼ ਹੈ ।