ਅਮਰੀਕਾ ਦਾ ਦਾਅਵਾ 5 ਮਿੰਟ ''ਚ ਕੋਰੋਨਾ ਦੀ ਪੁਸ਼ਟੀ, ਇੱਧਰ ਪੰਜਾਬ ''ਚ ਚਿੰਤਾਜਨਕ ਹਾਲਾਤ
Tuesday, Mar 31, 2020 - 05:19 PM (IST)
ਚੰਡੀਗੜ੍ਹ (ਸ਼ਰਮਾ) : ਕੋਰੋਨਾ ਵਾਇਰਸ ਦੇ ਵਿਸ਼ਵ ਵਿਆਪੀ ਕਹਿਰ ਦੇ ਕਾਰਨ ਬੇਸ਼ੱਕ ਅੱਜ ਅਮਰੀਕਾ ਵਰਗਾ ਬਖ਼ਤਾਵਰ ਦੇਸ਼ ਵੀ ਇਸ ਰੋਗ ਦਾ ਤੋੜ ਕੱਢਣ ਦੀ ਜੱਦੋ-ਜਹਿਦ 'ਚ ਲੱਗਿਆ ਹੋਇਆ ਹੈ ਪਰ ਫਿਰ ਵੀ ਇਸ ਨੇ ਇਸ ਰੋਗ ਦੀ ਜਾਂਚ ਲਈ ਅਜਿਹੀ ਕਿੱਟ ਈਜਾਦ ਕਰਨ ਦਾ ਦਾਅਵਾ ਕੀਤਾ ਹੈ, ਜਿਸ ਨਾਲ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ 5 ਮਿੰਟ 'ਚ ਹੋ ਸਕਦੀ ਹੈ। ਸਾਡੇ ਦੇਸ਼ ਖਾਸ ਤੌਰ 'ਤੇ ਪੰਜਾਬ ਰਾਜ 'ਚ ਸਥਿਤੀ ਇਸ ਮਾਮਲੇ 'ਚ ਅਜੇ ਚਿੰਤਾਜਨਕ ਬਣੀ ਹੋਈ ਹੈ। ਰਾਜ ਦੇ ਪਟਿਆਲਾ ਅਤੇ ਅੰਮ੍ਰਿਤਸਰ ਸਥਿਤ ਸਿਰਫ਼ 2 ਸਰਕਾਰੀ ਮੈਡੀਕਲ ਕਾਲਜਾਂ 'ਚ ਇਸ ਰੋਗ ਦੇ ਸੈਂਪਲਾਂ ਦੀ ਜਾਂਚ ਦੀ ਸਹੂਲਤ ਉਪਲੱਬਧ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਕਾਲਜਾਂ ਦੀਆਂ ਪ੍ਰਯੋਗਸ਼ਾਲਾਵਾਂ 'ਚ ਕਿਸੇ ਸੈਂਪਲ ਨੂੰ ਮਸ਼ੀਨ 'ਚ ਲਾਉਣ ਤੋਂ ਬਾਅਦ ਇਸ ਤੋਂ ਪ੍ਰਾਪਤ ਹੋਣ ਵਾਲੇ ਨਤੀਜੇ 'ਚ ਘੱਟ ਤੋਂ ਘੱਟ 12 ਘੰਟਿਆਂ ਦਾ ਸਮਾਂ ਲੱਗਦਾ ਹੈ। ਰਾਜ ਦੇ ਵੱਖ-ਵੱਖ ਜ਼ਿਲਾ ਹਸਪਤਾਲਾਂ ਤੋਂ ਸ਼ੱਕੀ ਮਰੀਜ਼ ਦਾ ਸੈਂਪਲ ਲੈਣ ਅਤੇ ਉਸ ਨੂੰ ਉਕਤ ਪ੍ਰਯੋਗਸ਼ਾਲਾਵਾਂ ਤੱਕ ਪਹੁੰਚਾਉਣ ਦਾ ਸਮਾਂ ਵੱਖ ਹੈ। ਨਤੀਜਤਨ ਪੰਜਾਬ 'ਚ ਕਿਸੇ ਸੈਂਪਲ ਦਾ ਨਤੀਜਾ ਪ੍ਰਾਪਤ ਕਰਨ 'ਚ ਔਸਤਨ 18 ਤੋਂ 24 ਘੰਟੇ ਦਾ ਸਮਾਂ ਲੱਗਦਾ ਹੈ।
ਇਹ ਵੀ ਪੜ੍ਹੋ ► ਪੰਜਾਬ 'ਚ ਵਧਿਆ ਕੋਰੋਨਾ ਦਾ ਕਹਿਰ, ਚੌਥੀ ਮੌਤ
ਇਹੀਂ ਨਹੀਂ ਰਾਜ ਦੀਆਂ ਇਨ੍ਹਾਂ ਸਿਰਫ਼ 2 ਸਰਕਾਰੀ ਲੈਬਸ 'ਚ ਸਮੱਗਰੀਆਂ ਅਤੇ ਟਰੇਂਡ ਟੈਕਨੀਸ਼ੀਅਨਾਂ ਦੀ ਕਮੀ ਵੀ ਸੈਂਪਲ ਟੈਸਟਾਂ 'ਚ ਤੇਜ਼ੀ ਲਿਆਉਣ 'ਚ ਬਾਧਕ ਬਣੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਦੋਵਾਂ ਪ੍ਰਯੋਗਸ਼ਾਲਾਵਾਂ 'ਚ ਸਿਰਫ਼ 3 ਰੈਗੂਲਰ ਟਰੇਂਡ ਤਕਨੀਸ਼ੀਅਨ ਤਾਇਨਾਤ ਹਨ। ਅਜੇ ਸਥਿਤੀ ਨੂੰ ਸੰਭਾਲਣ ਲਈ ਇਨ੍ਹਾਂ ਪ੍ਰਯੋਗਸ਼ਾਲਾਵਾਂ 'ਚ ਪੋਸਟ ਗ੍ਰੈਜੁਏਟ ਦੀ ਪੜ੍ਹਾਈ ਕਰ ਰਹੇ ਸੀਨੀਅਰ ਰੈਜ਼ੀਡੈਂਟਸ ਦੀ ਮਦਦ ਲਈ ਜਾ ਰਹੀ ਹੈ। ਹਾਲਾਂਕਿ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਪ੍ਰਯੋਗਸ਼ਾਲਾਵਾਂ ਦੀ ਸਮਰੱਥਾ 'ਚ ਵਾਧਾ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੂੰ ਖੇਤਰ ਦੇ ਸੰਸਥਾਨ ਪੀ. ਜੀ. ਆਈ. ਤੋਂ ਕੋਰੋਨਾ ਵਾਇਰਸ ਦੇ ਸੈਂਪਲ ਦੀ ਜਾਂਚ ਲਈ ਉਮੀਦ ਅਨੁਸਾਰ ਸਹਿਯੋਗ ਨਹੀਂ ਮਿਲ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਪੀ. ਜੀ. ਆਈ. 'ਚ ਪਹਿਲਾਂ ਤੋਂ ਹੀ ਜ਼ਿਆਦਾ ਕੰਮ ਹੋਣ ਦੇ ਕਾਰਨ ਸਬੰਧਤ ਰਾਜਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਪੀ. ਜੀ. ਆਈ. 'ਤੇ ਬੇਲੋੜਾ ਬੋਝ ਪਾਉਣ ਤੋਂ ਪਰਹੇਜ਼ ਕਰਨ।
ਇਹ ਵੀ ਪੜ੍ਹੋ ► ਕੋਰੋਨਾ ਨਾਲ ਮਰੇ ਪਿਤਾ ਦੀ ਡੈੱਡ ਬਾਡੀ ਲੈਣ ਆਏ ਪੁੱਤ ਦੀਆਂ ਨਿਕਲੀਆਂ ਚੀਕਾਂ
ਇੱਥੇ ਇਹ ਵੀ ਦੱਸ ਦਈਏ ਕਿ ਹੁਣ ਤੱਕ ਪੰਜਾਬ 'ਚ 41 ਕੇਸ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਆ ਗਏ ਹਨ, ਜਿਨ੍ਹਾਂ 'ਚੋਂ 4 ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਇਨ੍ਹਾਂ 'ਚ ਸਭ ਤੋਂ ਵੱਧ ਨਵਾਂਸ਼ਹਿਰ (ਜ਼ਿਲਾ ਸ਼ਹੀਦ ਭਗਤ ਸਿੰਘ ਨਗਰ) ਦੇ 19, ਐੱਸ. ਏ. ਐੱਸ. ਨਗਰ (ਮੋਹਾਲੀ) ਦੇ 7, ਹੁਸ਼ਿਆਰਪੁਰ ਦੇ 6, ਜਲੰਧਰ ਦੇ 5, ਪਟਿਆਲਾ 1, ਲੁਧਿਆਣਾ 2 ਅਤੇ ਅੰਮ੍ਰਿਤਸਰ ਦਾ 1 ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ ► ਅੰਮ੍ਰਿਤਸਰ ਦੀ ਡਾਕਟਰ ਨੇ ਕੋਵਿਡ-19 ਇਲਾਜ ਸਬੰਧੀ ਪੰਜਾਬ ਸਰਕਾਰ 'ਤੇ ਲਗਾਇਆ ਵੱਡਾ ਦੋਸ਼