ਕੋਰੋਨਾ ਵਾਇਰਸ : ਸੰਗਰੂਰ ਤੇ ਪੰਜਾਬ ਦੇ ਦੂਜੇ ਜ਼ਿਲਿਆਂ ਨਾਲ ਜੋੜਦੀਆਂ ਹੱਦਾਂ ਨੂੰ 13 ਨਾਕੇ ਲਾ ਕੀਤਾ ਸੀਲ

Saturday, Apr 25, 2020 - 11:30 AM (IST)

ਕੋਰੋਨਾ ਵਾਇਰਸ : ਸੰਗਰੂਰ ਤੇ ਪੰਜਾਬ ਦੇ ਦੂਜੇ ਜ਼ਿਲਿਆਂ ਨਾਲ ਜੋੜਦੀਆਂ ਹੱਦਾਂ ਨੂੰ 13 ਨਾਕੇ ਲਾ ਕੀਤਾ ਸੀਲ

ਸੰਗਰੂਰ (ਵਿਵੇਕ ਸਿੰਧਵਾਨੀ,ਕਾਂਸਲ): ਕੋਰੋਨਾ ਵਾਇਰਸ ਦੇ ਚੱਲਦਿਆਂ ਜ਼ਿਲਾ ਪ੍ਰਸ਼ਾਸਨ ਵਲੋਂ ਸੰਗਰੂਰ ਜ਼ਿਲੇ ਦੀਆਂ ਬਾਹਰੀ ਸੂਬਿਆਂ ਅਤੇ ਬਾਕੀ ਜ਼ਿਲਿਆਂ ਨਾਲ ਲੱਗਦੀਆਂ ਹੱਦਾਂ ਨੂੰ ਸੀਲ ਕਰਨ ਲਈ 13 ਨਾਕੇ ਸਥਾਪਤ ਕੀਤੇ ਗਏ ਹਨ, ਜਿਨ੍ਹਾਂ 'ਤੇ ਪੁਲਸ ਸਟਾਫ ਲਾਉਣ ਦੇ ਨਾਲ-ਨਾਲ ਮੈਡੀਕਲ ਟੀਮ ਅਤੇ ਐਂਬੂਲੈਂਸ ਵੀ ਤਾਇਨਾਤ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਥੋਰੀ ਨੇ ਦੱਸਿਆ ਕਿ ਲੋੜੀਂਦੇ ਦਸਤਾਵੇਜਾਂ ਤੋਂ ਬਗੈਰ ਕਿਸੇ ਵੀ ਬਾਹਰੀ ਵਿਅਕਤੀ ਨੂੰ ਜ਼ਿਲੇ 'ਚ ਦਾਖਲ ਹੋਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ ਅਤੇ ਨਾਕਿਆਂ 'ਤੇ ਤਾਇਨਾਤ ਮੈਡੀਕਲ ਟੀਮਾਂ ਕੋਵਿਡ-19 ਦੇ ਸ਼ੱਕੀ ਮਰੀਜ਼ਾਂ 'ਤੇ ਪੂਰੀ ਸਰਗਰਮੀ ਨਾਲ ਨਜ਼ਰ ਰੱਖਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਾਕਿਆਂ 'ਚ 3 ਨਾਕੇ ਜ਼ਿਲੇ ਦੀ ਹਰਿਆਣਾ ਨਾਲ ਲੱਗਦੀ ਸਰਹੱਦ 'ਤੇ ਅਤੇ 10 ਨਾਕੇ ਸੰਗਰੂਰ ਦੀ ਪੰਜਾਬ ਦੇ ਦੂਜੇ ਜ਼ਿਲਿਆਂ ਨਾਲ ਲੱਗਦੀ ਹੱਦ 'ਤੇ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕੋਰੋਨਾ ਵਾਇਰਸ ਦੇ ਲੱਛਣਾਂ ਵਾਲਾ ਵਿਅਕਤੀ ਜ਼ਿਲੇ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰੇਗਾ ਤਾਂ ਸਬੰਧਤ ਵਿਅਕਤੀ ਨੂੰ ਤੁਰੰਤ ਮੈਡੀਕਲ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਮੈਡੀਕਲ ਤੌਰ 'ਤੇ ਫਿੱਟ ਹੋਣ ਦੀ ਸੂਰਤ 'ਚ ਹੀ ਬਾਹਰੋਂ ਆਉਣ ਵਾਲੇ ਵਿਅਕਤੀ ਨੂੰ ਜ਼ਿਲੇ ਅੰਦਰ ਆਉਣ ਦੀ ਮਨਜ਼ੂਰੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਹਜੂਰ ਸਾਹਿਬ 'ਚ ਫਸੇ ਸ਼ਰਧਾਲੂਆਂ ਨੂੰ ਲਿਆਉਣ ਲਈ ਪੀ.ਆਰ.ਟੀ.ਸੀ. ਦੀਆਂ ਬੱਸਾਂ ਰਵਾਨਾ

ਥੋਰੀ ਨੇ ਦੱਸਿਆ ਕਿ ਇਸਦੇ ਨਾਲ ਹੀ ਬਾਹਰੀ ਸੂਬਿਆਂ ਤੋਂ ਸੰਗਰੂਰ ਜ਼ਿਲੇ 'ਚ ਆਉਣ ਵਾਲੀ ਮਸ਼ੀਨਰੀ ਨੂੰ ਵੀ ਸੋਡੀਅਮ ਹਾਇਪੋਕਲੋਰਾਈਟ ਦੀ ਸਪੇਰਅ ਨਾਲ ਚੰਗੀ ਤਰ੍ਹਾਂ ਸੈਨੇਟਾਈਜ਼ ਕਰ ਕੇ ਹੀ ਦਾਖ਼ਲ ਹੋਣ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਹਰਿਆਣਾ ਨੂੰ ਜੋੜਦੀਆਂ ਸਾਰੀਆਂ ਅਹਿਮ ਸੜਕਾਂ 'ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀਆਂ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜਿਨ੍ਹਾਂ ਵੱਲੋਂ ਹੁਣ ਤੱਕ ਤਕਰੀਬਨ 360 ਮਸ਼ੀਨਾਂ ਨੂੰ ਸੈਨੇਟਾਈਜ਼ ਕੀਤਾ ਗਿਆ ਹੈ। ਥੋਰੀ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਸੰਗਰੂਰ ਜ਼ਿਲੇ 'ਚ ਫੈਲਣ ਤੋਂ ਰੋਕਣ ਲਈ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਅਤੇ ਕਿਸੇ ਵੀ ਬਾਹਰੀ ਵਿਅਕਤੀ ਨੂੰ ਬਿਨਾਂ ਅਗਾਊਂ ਮਨਜ਼ੂਰੀ ਤੋਂ ਆਪਣੇ ਘਰਾਂ 'ਚ ਦਾਖ਼ਲ ਨਾ ਹੋਣ ਦੇਣ। ਉਨ੍ਹਾਂ ਕਿਹਾ ਕਿ ਲੋਕਾਂ ਦਾ ਸਹਿਯੋਗ ਇਸ ਮਹਾਮਾਰੀ ਨੂੰ ਰੋਕਣ ਲਈ ਸਭ ਤੋਂ ਅਹਿਮ ਕੜੀ ਹੈ ਕਿਉਂਕਿ ਇਹ ਲਾਗ ਦੀ ਬੀਮਾਰੀ ਹੈ ਤੇ ਕੋਰੋਨਾ ਵਾਇਰਸ ਇਕ ਵਿਅਕਤੀ ਤੋਂ ਦੂਜੇ ਦੇ ਸੰਪਰਕ 'ਚ ਆਉਣ ਨਾਲ ਹੀ ਫੈਲਦਾ ਹੈ।


author

Shyna

Content Editor

Related News