ਕੋਰੋਨਾ ਨਾਲ ਨਜਿੱਠਣ ਲਈ ਮੋਦੀ ਵੱਲੋਂ ਸੂਬਿਆਂ ਨੂੰ ਪੰਜਾਬ ਦਾ ਮਾਡਲ ਅਪਨਾਉਣ ਦਾ ਸੁਝਾਅ
Wednesday, Jun 17, 2020 - 08:31 AM (IST)
ਚੰਡੀਗੜ੍ਹ (ਅਸ਼ਵਨੀ) : ਕੋਵਿਡ-19 ਨਾਲ ਨਜਿੱਠਣ ਲਈ ਪੰਜਾਬ ਵੱਲੋਂ ਅਪਣਾਈ ਸੂਖਮ ਪੱਧਰ ’ਤੇ ਕੰਟਰੋਲ ਦੀ ਵਿਧੀ ਅਤੇ ਘਰ-ਘਰ ਸਰਵੇਖਣ ਦੀ ਨੀਤੀ ਦੀ ਵਡਿਆਈ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸਾਰੇ ਸੂਬਿਆਂ ਨੂੰ ਪੰਜਾਬ ਦਾ ਮਾਡਲ ਅਪਣਾਉਣ ਲਈ ਕਿਹਾ, ਜਿਸ ਸਦਕਾ ਪੰਜਾਬ ਨੂੰ ਇਸ ਮਹਾਮਾਰੀ ਨੂੰ ਰੋਕਣ ’ਚ ਵੱਡੀ ਸਫ਼ਲਤਾ ਹਾਸਲ ਹੋਈ ਹੈ। ਪ੍ਰਧਾਨ ਮੰਤਰੀ ਨੇ ਇਹ ਗੱਲ ਉਦੋਂ ਕਹੀ, ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਵਿਡ-19 ਨਾਲ ਨਜਿੱਠਣ ਲਈ ਸੂਬੇ ਦਾ ਇਹ ਮਾਡਲ ਦੱਸਦਿਆਂ ਸਾਰੇ ਸੂਬਿਆਂ ਨੂੰ ਇਸ ਰਣਨੀਤੀ ਨੂੰ ਅਪਣਾਉਣ ਦਾ ਸੁਝਾਅ ਦੇ ਰਹੇ ਸਨ, ਜਿਸ ਨਾਲ ਇਸ ਮਹਾਮਾਰੀ ਦਾ ਮੁਕਾਬਲਾ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਸਾਰੇ ਸੂਬਿਆਂ ’ਚ ਕੋਵਿਡ ਦੀ ਸਥਿਤੀ ਅਤੇ ਇਸ ਨੂੰ ਰੋਕਣ ਲਈ ਅਪਣਾਈ ਜਾ ਰਹੀ ਨੀਤੀ ਦੀ ਸਮੀਖਿਆ ਕਰਨ ਲਈ ਪ੍ਰਧਾਨ ਮੰਤਰੀ ਵੱਲੋਂ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਰੱਖੀ ਦੋ ਰੋਜ਼ਾ ਵੀਡਿਓ ਕਾਨਫਰੰਸ ਮੀਟਿੰਗ ਦੇ ਪਹਿਲੇ ਦਿਨ ਪੰਜਾਬ ਸਮੇਤ ਹੋਰ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਮੀਟਿੰਗ ਕਰ ਰਹੇ ਸਨ। ਕੈਪਟਨ ਨੇ ਪ੍ਰਧਾਨ ਮੰਤਰੀ ਨੂੰ ਇਕ ਗਰੁੱਪ ਬਣਾਉਣ ਦਾ ਸੁਝਾਅ ਦਿੱਤਾ, ਜਿਸ ’ਚ ਕੁਝ ਮੁੱਖ ਮੰਤਰੀ ਸ਼ਾਮਲ ਕੀਤੇ ਜਾਣ, ਜੋ ਦੇਸ਼ ਭਰ ’ਚ ਅਰਥ ਵਿਵਸਥਾ ਅਤੇ ਸਰਕਾਰਾਂ ’ਤੇ ਕੋਵਿਡ ਦੇ ਵਿਨਾਸ਼ਕਾਰੀ ਪ੍ਰਭਾਵਾਂ ਬਾਰੇ ਵਿਚਾਰ-ਵਟਾਂਦਰਾ ਕਰਦੇ ਹੋਏ ਕੇਂਦਰ ਅਤੇ ਸੂਬਿਆਂ ਵਿਚਾਲੇ ਤਾਲਮੇਲ ਸਥਾਪਤ ਕਰ ਸਕੇ। ਉਨ੍ਹਾਂ ਨੇ ਸੂਬਿਆਂ ਅਤੇ ਕੇਂਦਰ ਸਰਕਾਰ ਨੂੰ ਆਪਸੀ ਤਾਲਮੇਲ ਕੰਮ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਜੀ. ਐੱਸ. ਟੀ. ਦੇ 2800 ਕਰੋੜ ਜਾਰੀ ਕਰਨ ਲਈ ਕੀਤਾ ਧੰਨਵਾਦ
ਜੂਨ ਮਹੀਨੇ ਦੇ ਸ਼ੂਰੂ ’ਚ ਜੀ. ਐੱਸ. ਟੀ. ਦੀ 2800 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਲਈ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ ਕਰਦਿਆਂ ਕੈਪਟਨ ਨੇ ਕਿਹਾ ਕਿ ਭਾਵੇਂ ਭਾਰਤ ਸਰਕਾਰ ਵੀ ਵਿੱਤੀ ਦਬਾਓ ਦਾ ਸਾਹਮਣਾ ਕਰ ਰਹੀ ਸੀ ਤਾਂ ਵੀ ਵਿੱਤੀ ਸੰਕਟ ’ਚੋਂ ਉਭਰਨ ਲਈ ਸੂਬੇ ਦੇ ਟੈਕਸਾਂ ਦੇ ਬਕਾਇਆ ਹਿੱਸੇ ਨੂੰ ਜਾਰੀ ਕਰਨ ਲਈ ਅਪੀਲ ਕਰਨੀ ਪਈ ਸੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਰੋਤਾਂ ਤੋਂ ਆਮਦਨ ਵਸੂਲੀ ’ਚ ਤਕਰੀਬਨ 25000 ਤੋਂ 30000 ਕਰੋੜ ਦਾ ਘਾਟਾ ਹੋਣ ਕਾਰਨ ਪੰਜਾਬ ’ਚ ਸੰਕਟ ਹੋਰ ਡੂੰਘਾ ਹੋਣ ਦੀ ਸੰਭਾਵਨਾ ਹੈ।
ਲੋੜ ਪੈਣ ’ਤੇ ਵਧਾਈ ਜਾ ਸਕਦੀ ਹੈ ਬੈੱਡਾਂ ਦੀ ਗਿਣਤੀ
ਮਹਾਮਾਰੀ ਨੂੰ ਹੋਰ ਵਧਣ ਤੋਂ ਰੋਕਣ ਲਈ ਸੂਬੇ ਦੀਆਂ ਤਿਆਰੀਆਂ ਬਾਰੇ ਮੁੱਖ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਦੂਜੇ ਅਤੇ ਤੀਜੇ ਦਰਜੇ ਦੇ ਸਰਕਾਰੀ ਕੇਂਦਰਾਂ ’ਚ 5000 ਬੈੱਡ ਤਿਆਰ ਹਨ ਅਤੇ ਇਸ ਦੇ ਨਾਲ ਹੀ ਘੱਟ ਪ੍ਰਭਾਵਿਤ ਮਰੀਜ਼ਾਂ ਲਈ ਦਰਜਾ ਇਕ ਦੇ ਕੋਵਿਡ ਇਲਾਜ ਕੇਂਦਰਾਂ ’ਚ 10 ਤੋਂ 15 ਹਜ਼ਾਰ ਬੈੱਡ ਤਿਆਰ ਕੀਤੇ ਗਏ ਹਨ। ਜੇਕਰ ਜ਼ਰੂਰਤ ਪਈ ਤਾਂ ਦਰਜਾ ਇਕ ਵਾਲੇ ਬੈੱਡਾਂ ਦੀ ਸੰਖਿਆ 30 ਹਜ਼ਾਰ ਤਕ ਵਧਾਈ ਸਕਦੀ ਹੈ।
ਬਹੁਪੱਖੀ ਰਾਜਨੀਤੀ ’ਤੇ ਕੰਮ ਕਰ ਪੰਜਾਬ ਸਰਕਾਰ
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਹਾਮਾਰੀ ਨਾਲ ਲੜਨ ਲਈ ਬਹੁਪੱਖੀ ਰਣਨੀਤੀ ’ਤੇ ਕੰਮ ਕਰ ਰਹੀ ਹੈ। ਹਫ਼ਤੇ ਦੇ ਅੰਤਲੇ ਦਿਨਾਂ ਅਤੇ ਛੁੱਟੀਆਂ ਵਾਲੇ ਦਿਨਾਂ ਦੌਰਾਨ ਕੁਝ ਪਾਬੰਦੀਆਂ ਲਗਾਈਆਂ ਗਈਆਂ ਹਨ ਫਿਲਹਾਲ ਵੱਡੇ ਖੇਤਰਾਂ ਨੂੰ ਬੰਦ ਕਰਨ ਦੀ ਬਜਾਏ ਛੋਟੇ ਮੁਹੱਲਿਆਂ ਜਾਂ ਪਿੰਡਾਂ ਦੇ ਵਾਰਡਾਂ ਨੂੰ ਅਲਹਿਦਾ ਕਰਨ ਦੀ ਮਾਈਕ੍ਰੋ ਕੰਟਰੋਲ ਰਣਨੀਤੀ ’ਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ।