ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਮੋਗਾ ਦੇ ਸਿਵਲ ਹਸਪਤਾਲ ''ਚੋਂ ਫਰਾਰ
Wednesday, Mar 04, 2020 - 06:48 PM (IST)
 
            
            ਮੋਗਾ (ਗੋਪੀ ਰਾਊਕੇ, ਸੰਜੀਵ) : ਮੋਗਾ ਸਿਵਲ ਹਸਪਤਾਲ 'ਚ ਇਲਾਜ ਲਈ ਆਇਆ ਨੌਜਵਾਨ ਡਾਕਟਰਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਦਰਅਸਲ ਇਹ ਨੌਜਵਾਨ ਬੀਤੇ ਦਿਨੀਂ ਦੁਬਈ ਤੋਂ ਪਰਤਿਆ ਸੀ। ਜਿਸ ਨੂੰ ਨਿਮੋਨੀਆ ਹੋ ਗਿਆ ਅਤੇ ਉਹ ਇਲਾਜ ਕਰਵਾਉਣ ਲਈ ਮੋਗਾ ਦੇ ਸਿਵਲ ਹਸਪਤਾਲ ਪੁੱਜਾ। ਇਸ ਦੌਰਾਨ ਡਾਕਟਰਾਂ ਵਲੋਂ ਉਸ ਦੇ ਲੋੜੀਂਦੇ ਟੈਸਟ ਕੀਤੇ। ਟੈਸਟ ਤੋਂ ਬਾਅਦ ਡਾਕਟਰਾਂ ਵਲੋਂ ਉਸ 'ਚ ਕੋਰੋਨਾ ਵਾਇਰਸ ਹੋਣ ਦਾ ਖਦਸ਼ਾ ਪ੍ਰਗਟਾਇਆ ਅਤੇ ਉਸ ਨੂੰ ਆਈਸੋਲੇਸ਼ਨ ਵਾਰਡ ਵਿਚ ਨਿਗਰਾਨੀ ਹੇਠ ਰੱਖਣ ਦੀ ਸਲਾਹ ਦਿੱਤੀ ਪਰ ਇਸ ਤੋਂ ਪਹਿਲਾਂ ਹੀ ਉਕਤ ਨੌਜਵਾਨ ਸਾਰਿਆਂ ਨੂੰ ਚਕਮਾ ਦੇ ਕੇ ਉਥੋਂ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਹਰਕਤ 'ਚ ਆਈ ਪੁਲਸ ਨੇ ਉਸ ਨੂੰ ਬੱਧਨੀ ਖੁਰਦ ਤੋਂ ਕਾਬੂ ਕਰ ਲਿਆ। ਉਕਤ ਨੌਜਵਾਨ ਦੇ ਖੂਨ ਦੇ ਨਮੂਨੇ ਲੈ ਕੇ ਪੂਣੇ ਭੇਜੇ ਗਏ ਹਨ। ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਸਕੇਗੀ। ਫਿਲਹਾਲ ਨੌਜਵਾਨ ਨੂੰ ਸਖਤ ਨਿਗਰਾਨੀ ਹੇਠ ਰੱਖਿਆ ਗਿਆ ਹੈ।

ਗੁਰਦਾਸਪੁਰ ਤੋਂ ਵੀ ਫਰਾਰ ਹੋਇਆ ਸੀ ਸ਼ੱਕੀ ਮਰੀਜ਼
ਇਸ ਤੋਂ ਪਹਿਲਾਂ 20 ਫਰਵਰੀ ਨੂੰ ਗੁਰਦਾਸਪੁਰ ਦੇ ਹਸਪਤਾਲ 'ਚੋਂ ਵੀ ਇਕ ਸ਼ੱਕੀ ਮਰੀਜ਼ ਇਸੇ ਤਰ੍ਹਾਂ ਫਰਾਰ ਹੋ ਗਿਆ ਸੀ। ਦਰਅਸਲ ਕਲਾਨੌਰ ਨਿਵਾਸੀ ਇਕ 26 ਸਾਲਾ ਨੌਜਵਾਨ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਕੋਰੋਨਾ ਵਾਇਰਸ ਦਾ ਸ਼ੱਕੀ ਪਾਇਆ ਗਿਆ ਸੀ। ਡਾਕਟਰਾਂ ਨੇ ਤੁਰੰਤ ਉਸ ਨੂੰ ਆਈਸੋਲੇਸ਼ਨ ਵਾਰਡ ਵਿਚ ਰੱਖ ਦਿੱਤਾ। ਇਸ ਦੌਰਾਨ ਮਰੀਜ਼ ਨੂੰ ਜਦੋਂ ਕੋਰੋਨਾ ਵਾਇਰਸ ਦੇ ਸ਼ੱਕੀ ਹੋਣ ਦਾ ਪਤਾ ਲੱਗਾ ਤਾਂ ਉਹ ਹਸਪਤਾਲ ਤੋਂ ਭਜ ਗਿਆ। ਡਾਕਟਰਾਂ ਮੁਤਾਬਕ ਉਨ੍ਹਾਂ ਨੇ ਏਅਰਪੋਰਟ ਤੋਂ ਸੂਚੀ ਦੇ ਅਧਾਰ 'ਤੇ  ਮਰੀਜ਼ ਨੂੰ ਦਾਖਲ ਕਰਵਾਇਆ ਸੀ। ਉਸ ਦੇ ਬਲੱਡ ਸੈਂਪਲ ਜਾਂਚ ਲਈ ਭੇਜੇ ਗਏ ਹਨ ਪਰ ਇਸ ਸਮੇਂ ਦੌਰਾਨ ਉਹ ਕਿਸੇ ਨੂੰ ਦੱਸੇ ਬਿਨਾਂ ਹਸਪਤਾਲ ਤੋਂ ਭੱਜ ਗਿਆ। 
ਇਹ ਵੀ ਪੜ੍ਹੋ : ਭਾਰਤ 'ਚ ਕੋਰੋਨਾ ਵਾਇਰਸ ਦੀ ਦਸਤਕ, ਬਚਾਅ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ (ਵੀਡੀਓ)

ਕੋਰੋਨਾ ਵਾਇਰਸ ਦਾ ਕਹਿਰ
ਕੋਰੋਨਾ ਵਾਇਰਸ ਜਿਸ ਨੇ ਸਾਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਬਣਾਇਆ ਹੈ, ਨਾਲ ਹੁਣ ਤਕ ਇਕੱਲੇ ਚੀਨ ਵਿਚ ਹੀ 2981 ਮੌਤਾਂ ਹੋ ਚੁੱਕੀਆਂ ਹਨ। ਜਦਕਿ ਇਸ ਨਾਲ ਪ੍ਰਭਾਵਤ ਮਰੀਜ਼ਾਂ ਦੀ ਗਿਣਤੀ 80, 270 ਦਾ ਅੰਕੜਾ ਪਾਰ ਕਰ ਚੁੱਕੀ ਹੈ। ਭਾਰਤ ਵਿਚ ਹੁਣ ਤਕ 28 ਕੇਸ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚ 12 ਭਾਰਤੀ ਅਤੇ 16 ਵਿਦੇਸ਼ੀ ਸ਼ਾਮਲ ਹਨ। ਜਾਣਕਾਰੀ ਮੁਤਾਬਕ 12 ਭਾਰਤੀਆਂ 'ਚੋਂ 3 ਮਰੀਜ਼ਾਂ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ। ਬਾਕੀ ਦੇ 9 ਮਰੀਜ਼ਾਂ ਨੂੰ ਦਿੱਲੀ, ਤੇਲੰਗਾਨਾ ਅਤੇ ਜੈਪੁਰ 'ਚ 1-1 ਮਰੀਜ਼ ਸ਼ਾਮਲ ਹੈ ਜਦਕਿ ਆਗਰਾ 'ਚ ਵੀ 1 ਹੀ ਪਰਿਵਾਰ ਦੇ 6 ਮਰੀਜ਼ ਮਿਲੇ ਹਨ। ਦੂਜੇ ਪਾਸੇ ਕੋਰੋਨਾ ਵਾਇਰਸ ਨਾਲ ਈਰਾਨ ਵਿਚ 77 ਮੌਤਾਂ ਹੋ ਚੁੱਕੀਆਂ ਹਨ ਜਦਕਿ 2336 ਲੋਕ ਇਸ ਦੀ ਲਪੇਟ ਵਿਚ ਹਨ। ਇਟਲੀ ਵਿਚ 52 ਲੋਕ ਇਸ ਕਾਰਨ ਜਾਨ ਤੋਂ ਹੱਥ ਧੋ ਬੈਠੇ ਹਨ ਜਦਕਿ 2039 ਇਸ ਨਾਲ ਪ੍ਰਭਾਵਤ ਹਨ। ਅਮਰੀਕਾ ਵਿਚ ਵੀ ਕੋਰੋਨਾ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਉਥੇ 6 ਮੌਤਾਂ ਹੋ ਚੁੱਕੀਆਂ ਹਨ ਜਦਕਿ 103 ਲੋਕਾਂ 'ਚ ਇਸ ਦੇ ਲੱਛਣ ਪਾਏ ਗਏ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            