ਕੋਰੋਨਾ ਦੇ ਮਰੀਜ਼ਾਂ ਕਾਰਨ ਹੁਣ ਨਰਸਿੰਗ ਅਤੇ ਪੈਰਾ-ਮੈਡੀਕਲ ਸਟਾਫ ਨੂੰ ਵੀ ਪਿਆ ਡਰ

Saturday, Apr 04, 2020 - 11:22 AM (IST)

ਕੋਰੋਨਾ ਦੇ ਮਰੀਜ਼ਾਂ ਕਾਰਨ ਹੁਣ ਨਰਸਿੰਗ ਅਤੇ ਪੈਰਾ-ਮੈਡੀਕਲ ਸਟਾਫ ਨੂੰ ਵੀ ਪਿਆ ਡਰ

ਅੰਮ੍ਰਿਤਸਰ (ਦਲਜੀਤ): ਗੁਰੂ ਨਾਨਕ ਦੇਵ ਹਸਪਤਾਲ 'ਚ ਕੋਰੋਨਾ ਵਾਇਰਸ ਦੇ ਆਉਣ ਵਾਲੇ ਮਰੀਜ਼ਾਂ ਕਾਰਣ ਡਾਕਟਰਾਂ ਸਮੇਤ ਨਰਸਿੰਗ ਅਤੇ ਪੈਰਾ-ਮੈਡੀਕਲ ਸਟਾਫ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਕੋਰੋਨਾ ਨਾਲ ਰਾਗੀ ਨਿਰਮਲ ਸਿੰਘ ਦੀ ਮੌਤ ਤੋਂ ਬਾਅਦ ਡਾਕਟਰਾਂ, ਸਟੂਡੈਂਟਸ, ਨਰਸਿੰਗ ਅਤੇ ਪੈਰਾ-ਮੈਡੀਕਲ ਸਟਾਫ ਨੇ ਬਚਾਅ ਉਪਕਰਨ ਨਾ ਮਿਲਣ ਅਤੇ ਸਾਵਧਾਨੀ ਦੀਆਂ ਕਈ ਸ਼ਰਤਾਂ ਪੂਰੀਆਂ ਨਾ ਕੀਤੇ ਜਾਣ ਕਾਰਣ ਨਾਰਾਜ਼ਗੀ ਜਤਾਈ ਹੈ।

ਨਰਸਿੰਗ ਅਤੇ ਪੈਰਾ-ਮੈਡੀਕਲ ਸਟਾਫ ਨੇ ਸ਼ੁੱਕਰਵਾਰ ਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ (ਜੀ. ਐੱਨ. ਡੀ. ਐੱਚ.) ਮੈਨੇਜਮੈਂਟ 'ਤੇ ਉਕਤ ਮਾਮਲੇ 'ਚ ਕੋਤਾਹੀ ਵਰਤਣ ਦਾ ਦੋਸ਼ ਲਾਇਆ ਅਤੇ ਪ੍ਰਦਰਸ਼ਨ ਵੀ ਕੀਤਾ। ਇਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਸੰਕਟ ਦੀ ਘੜੀ 'ਚ ਨਾ ਦਿਸਣ ਵਾਲੇ ਦੁਸ਼ਮਣ ਨਾਲ ਲੜੀ ਜਾ ਰਹੀ ਜੰਗ 'ਚ ਧੱਕਿਆ ਜਾ ਰਿਹਾ ਹੈ ਪਰ ਲੜਾਈ ਦਾ ਸਾਮਾਨ ਉਪਲਬਧ ਨਹੀਂ ਕਰਵਾਇਆ ਜਾ ਰਿਹਾ।

ਆਈਸੋਲੇਸ਼ਨ ਵਾਰਡ 'ਚ ਪਾਣੀ ਤੱਕ ਨਹੀਂ
ਨਰਸਿੰਗ ਸਟਾਫ ਐਸੋਸੀਏਸ਼ਨ, ਤਾਲਮੇਲ ਪੈਰਾ-ਮੈਡੀਕਲ ਅਤੇ ਸਿਹਤ ਕਰਮਚਾਰੀਆਂ ਦੀ ਅਗਵਾਈ 'ਚ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਆਫਿਸ ਦੇ ਬਾਹਰ 2 ਘੰਟੇ ਤੱਕ ਪ੍ਰਦਰਸ਼ਨ ਹੋਇਆ ਅਤੇ ਮੰਗ ਕੀਤੀ ਗਈ ਕਿ ਉਨ੍ਹਾਂ ਨੂੰ ਜ਼ਰੂਰੀ ਜੀਵਨ ਰੱਖਿਅਕ ਉਪਕਰਨ ਉਪਲਬਧ ਕਰਵਾਏ ਜਾਣ। ਪ੍ਰਦਰਸ਼ਨ 'ਚ ਸ਼ਾਮਲ ਨਰਿੰਦਰ ਬੁੱਟਰ, ਪ੍ਰੇਮ ਚੰਦ, ਨਰਿੰਦਰ ਸਿੰਘ, ਜਤਿਨ ਸ਼ਰਮਾ, ਬਲਵਿੰਦਰ ਸਿੰਘ, ਜਸਪਾਲ ਸਿੰਘ, ਲਖਵਿੰਦਰ ਕੌਰ, ਪਲਵਿੰਦਰ ਕੌਰ, ਦਿਲਰਾਜ, ਮਨਦੀਪ ਕੌਰ, ਵੀਨਾ ਕੁਮਾਰੀ, ਹਰਵਿੰਦਰ ਕੌਰ, ਹਰਮੀਤ ਕੌਰ, ਪਰਮਦੀਪ ਕੌਰ, ਰਾਜ ਕੁਮਾਰੀ, ਨਸੀਬ ਕੌਰ, ਸੰਤੋਸ਼, ਲਵਪ੍ਰੀਤ ਸਿੰਘ ਆਦਿ ਨੇ ਦੋਸ਼ ਲਾਇਆ ਕਿ ਉਹ ਲੋਕ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ ਪਰ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਇਸ ਮਹਾਮਾਰੀ ਤੋਂ ਬਚਾਅ ਲਈ ਸਾਮਾਨ ਨਹੀਂ ਮਿਲ ਰਿਹਾ। ਹਾਲਾਂਕਿ ਸਰਕਾਰ ਵੱਲੋਂ ਉਪਕਰਨ ਦਿੱਤੇ ਗਏ ਹਨ ਪਰ ਪ੍ਰਸ਼ਾਸਨ ਉਨ੍ਹਾਂ ਤੱਕ ਨਹੀਂ ਪਹੁੰਚਾ ਰਿਹਾ। ਅਜਿਹੇ 'ਚ ਉਨ੍ਹਾਂ ਦੀ ਆਪਣੀ ਜ਼ਿੰਦਗੀ ਖਤਰੇ 'ਚ ਹੈ। ਦੋਸ਼ ਹੈ ਕਿ ਆਈਸੋਲੇਸ਼ਨ ਵਾਰਡ 'ਚ ਨਾ ਤਾਂ ਮਰੀਜ਼ ਲਈ ਬੋਤਲ ਬੰਦ ਪਾਣੀ ਹੈ, ਨਾ ਹੀ ਵੱਖ ਤੋਂ ਵੈਂਟੀਲੇਟਰ ਅਤੇ ਨਾ ਹੀ ਨਰਸਿੰਗ ਸਟਾਫ, ਦਰਜਾ-4 ਲਈ ਪੀ. ਪੀ. ਈ. ਕਿੱਟਾਂ, ਮਾਸਕ ਅਤੇ ਦਸਤਾਨੇ ਮਿਲ ਰਹੇ ਹਨ।

ਇਹ ਹਨ ਮੰਗਾਂ
ਉਕਤ ਲੋਕਾਂ ਦੀ ਮੰਗ ਹੈ ਕਿ ਹਸਪਤਾਲ 'ਚ ਕੰਮ ਕਰਨ ਵਾਲੇ ਨਰਸਿੰਗ ਸਟਾਫ, ਲੈਬ/ਓ. ਟੀ./ ਈ. ਸੀ. ਜੀ. ਟੈਕਨੀਸ਼ੀਅਨ, ਲੈਬ ਅਟੈਂਡੈਂਟ, ਰੇਡੀਓਗ੍ਰਾਫਰ, ਫਾਰਮਾਸਿਸਟ, ਕਲਰਕ, ਦਰਜਾ-4 ਮੁਲਾਜ਼ਮਾਂ ਨੂੰ ਪੀ. ਪੀ. ਈ. ਕਿੱਟਾਂ, ਐੱਨ-95 ਮਾਸਕ, ਦਸਤਾਨੇ, ਸੈਨੀਟਾਈਜ਼ਰ, ਸਰਕਲ ਵਾਈਜ਼ ਮੁਲਾਜ਼ਮਾਂ ਦੀ ਕੋਰੋਨਾ ਵਾਰਡ, ਐੱਚ. ਡੀ. ਓ., ਕੋਰੋਨਾ ਟੈਸਟ ਕਰਨ ਵਾਲੀ ਲੈਬ ਅਤੇ ਐਮਰਜੈਂਸੀ ਸੇਵਾ ਵਾਲਿਆਂ ਦੀ ਹਫਤਾ ਕਰ ਕੇ ਡਿਊਟੀ ਲਾਈ ਜਾਵੇ। ਇਸ ਤੋਂ ਬਾਅਦ ਉਨ੍ਹਾਂ ਨੂੰ 14 ਦਿਨਾਂ ਲਈ ਕੁਆਰੰਟਾਈਨ ਦਾ ਪ੍ਰਬੰਧ ਹੋਵੇ। ਕੋਰੋਨਾ ਦੇ ਇਲਾਜ ਨਾਲ ਜੁੜੇ ਸਾਰੇ ਲੋਕਾਂ ਦਾ ਕੋਵਿਡ-19 ਟੈਸਟ ਕੀਤਾ ਜਾਵੇ। ਨਰਸਿੰਗ ਸਟਾਫ ਨੂੰ ਮੈਟਰਨ ਆਫਿਸ ਦੀ ਬਜਾਏ ਆਪੋ-ਆਪਣੇ ਵਾਰਡ 'ਚ ਹਾਜ਼ਰੀ ਦੀ ਵਿਵਸਥਾ ਕੀਤੀ ਜਾਵੇ ਤਾਂ ਕਿ ਸੋਸ਼ਲ ਡਿਸਟੈਂਸਿੰਗ ਬਣੀ ਰਹੇ। ਜ਼ਰੂਰਤ ਦਾ ਸਾਮਾਨ ਐੱਮ. ਐੱਸ. ਆਫਿਸ ਦੀ ਬਜਾਏ ਵਾਰਡਾਂ 'ਚ ਦਿੱਤਾ ਜਾਵੇ।

ਕੋਤਾਹੀਆਂ
ਦੋਸ਼ ਹੈ ਕਿ ਰਾਗੀ ਨਿਰਮਲ ਸਿੰਘ ਦੇ ਇਲਾਜ ਦੌਰਾਨ ਐਮਰਜੈਂਸੀ 'ਚ ਕੰਮ ਕਰਨ ਵਾਲੇ ਸਟਾਫ ਨਰਸ, ਈ. ਸੀ. ਜੀ. ਟੈਕਨੀਸ਼ੀਅਨ ਅਤੇ ਦਰਜਾ-4 ਮੁਲਾਜ਼ਮ ਨੂੰ ਨਾ ਤਾਂ ਕੁਆਰੰਟਾਈਨ ਕੀਤਾ ਗਿਆ ਅਤੇ ਨਾ ਹੀ ਕੋਵਿਡ-19 ਟੈਸਟ ਹੋਇਆ। ਹਾਲਾਂਕਿ ਇਲਾਜ ਕਰਨ ਵਾਲੇ 5 ਡਾਕਟਰਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ ਪਰ ਉਹ ਵੀ ਮੈਡੀਕਲ ਕਾਲਜ ਦੇ ਰੈਸਟ ਹਾਊਸ 'ਚ ਸੁਰੱਖਿਅਤ ਨਹੀਂ ਹਨ। ਦੋਸ਼ ਹੈ ਕਿ ਵਾਰਡਾਂ ਨੂੰ ਹਰ 24 ਘੰਟੇ ਬਾਅਦ ਸੈਨੀਟਾਈਜ਼ ਕੀਤਾ ਜਾਣਾ ਚਾਹੀਦਾ ਹੈ ਪਰ ਇਹ ਦਿਨਾਂ ਦੇ ਫਰਕ ਨਾਲ ਕੀਤਾ ਜਾ ਰਿਹਾ ਹੈ। ਇਹੀ ਨਹੀਂ ਸਗੋਂ ਅਜੇ ਤੱਕ ਹਸਪਤਾਲ ਅਤੇ ਕੈਂਪਸ ਤੱਕ ਨੂੰ ਵੀ ਸੈਨੀਟਾਈਜ਼ ਨਹੀਂ ਕੀਤਾ ਜਾ ਸਕਿਆ, ਜੋ ਖਤਰੇ ਨੂੰ ਸੱਦਾ ਦੇਣ ਦੇ ਬਰਾਬਰ ਹੈ।
ਸਰਕਾਰ ਦੀ ਗਾਈਡਲਾਈਨ ਮੁਤਾਬਿਕ ਜਿਥੇ ਲੋੜ ਹੈ, ਉਥੇ ਜੀਵਨ ਰੱਖਿਅਕ ਉਪਕਰਨ ਦਿੱਤੇ ਜਾ ਰਹੇ ਹਨ। ਹਸਪਤਾਲ ਮੈਨੇਜਮੈਂਟ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਨਹੀਂ ਵਰਤ ਰਿਹਾ। ਇਹ ਸੰਕਟ ਦੀ ਘੜੀ ਹੈ, ਇਸ ਵਿਚ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ, ਨਾ ਕਿ ਇਕ-ਦੂਜੇ 'ਤੇ ਦੋਸ਼ ਲਾਉਣ 'ਚ ਪੈਣਾ ਚਾਹੀਦਾ ਹੈ।


author

Shyna

Content Editor

Related News