ਕੋਰੋਨਾ ਸੰਕਟ: ਮਲੇਰਕੋਟਲਾ 'ਚ ਦੇਖਣ ਨੂੰ ਮਿਲੀ ਭਾਈਚਾਰਕ ਸਾਂਝ

Friday, Mar 27, 2020 - 02:46 PM (IST)

ਕੋਰੋਨਾ ਸੰਕਟ: ਮਲੇਰਕੋਟਲਾ 'ਚ ਦੇਖਣ ਨੂੰ ਮਿਲੀ ਭਾਈਚਾਰਕ ਸਾਂਝ

ਮਾਲੇਰਕੋਟਲਾ (ਜ਼ਹੂਰ/ਸ਼ਹਾਬੂਦੀਨ): ਇਕ ਪਾਸੇ ਕਾਬਲ ਫਿਦਾਇਨ ਹਮਲੇ 'ਚ 25 ਸਿੱਖ ਸ਼ਰਧਾਲੂਆਂ ਦੀ ਹੋਈ ਮੌਤ ਨੇ ਭਾਰਤ 'ਚ ਵਸੇ ਸਮੁੱਚੇ ਸਿੱਖ ਜਗਤ ਦੇ ਹਿਰਦੇ ਵਲੂੰਦਰੇ ਤੇ ਦੂਜੇ ਪਾਸੇ ਮਾਲੇਰਕੋਟਲਾ ਸਥਿਤ ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ ਦੀ ਪ੍ਰਬੰਧਕ ਕਮੇਟੀ ਵੱਲੋਂ ਸਰਬੱਤ ਦੇ ਭਲੇ ਦੇ ਸਿਧਾਂਤ ਅਨੁਸਾਰ ਵਿਸ਼ਵ ਵਿਆਪੀ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸ਼ਹਿਰ 'ਚ ਲੱਗੇ ਕਰਫਿਊ ਦੌਰਾਨ ਲੋੜਵੰਦਾਂ ਲਈ ਸਿੱਖ ਸੰਗਤਾਂ ਤੋਂ ਲੰਗਰ ਤਿਆਰ ਕਰਵਾ ਕੇ ਸਥਾਨਕ ਵੱਡੀ ਈਦਗਾਹ ਨੇੜੇ ਸਥਿਤ ਮਦਰੱਸਾ ਤਜਵੀਦ ਉਲ ਕੁਰਾਨ ਦੇ 40 ਵਿਦਿਆਰਥੀਆਂ ਨੂੰ ਖਾਣ ਲਈ ਲੰਗਰ ਪਹੁੰਚਾਇਆ ਤੇ ਕਰਫਿਊ ਤੱਕ ਮਦਰੱਸੇ ਦੇ ਵਿਦਿਆਥੀਆਂ ਨੂੰ ਲੰਗਰ ਦੀ ਸੇਵਾ ਜਾਰੀ ਰੱਖਣ ਦਾ ਪ੍ਰਣ ਕੀਤਾ।

ਇਹ ਵੀ ਪੜ੍ਹੋ: ਭੁੱਖੇ ਮਰ ਰਹੇ ਗਰੀਬਾਂ ਦੇ ਬੱਚੇ ਤੁਰੰਤ ਦਖਲ ਦੇਣ ਮੁੱਖ ਮੰਤਰੀ : ਮਜੀਠੀਆ

ਕੋਰੋਨਾ ਜੀਵਾਣੂ ਨੂੰ ਫੈਲਣ ਤੋਂ ਰੋਕਣ ਲਈ ਮੁਲਕ 'ਚ ਹੋਏ ਲਾਕ ਡਾਊਨ ਦੇ ਮੱਦੇਨਜ਼ਰ ਲੱਗੇ ਪੰਜਾਬ 'ਚ ਲੱਗੇ ਕਰਫਿਊ ਦੌਰਾਨ ਸਥਾਨਕ ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਮਾਲੇਰਕੋਟਲਾ ਸ਼ਹਿਰ 'ਚ ਲੋੜਵੰਦਾਂ ਲਈ ਲੰਗਰ ਦੀ ਅਣਥੱਕ ਸੇਵਾ ਸ਼ੁਰੂ ਕੀਤੀ ਹੈ। ਅੱਜ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਤੇ ਸੇਵਾਦਾਰਾਂ ਨੇ ਵੱਡੀ ਈਦਗਾਹ ਨੇੜਲੇ ਮਦਰੱਸਾ 'ਚ ਪੜ੍ਹਦੇ 40 ਪ੍ਰਵਾਸੀ ਵਿਦਿਆਰਥੀਆਂ ਨੂੰ ਲੰਗਰ ਪਹੁੰਚਾਇਆ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਬਹਾਦਰ ਸਿੰਘ ਅਤੇ ਮੁੱਖ ਗ੍ਰੰਥੀ ਭਾਈ ਨਰਿੰਦਰ ਪਾਲ ਸਿੰਘ ਨਾਨੂੰ ਨੇ ਦੱਸਿਆ ਕਿ ਸਥਾਨਕ ਮਦਰੱਸਾ ਤਜਵੀਦ ਉਲ ਕੁਰਾਨ ਦੇ ਇੰਚਾਰਜ ਸ਼ੁਕਰ ਦੀਨ ਨੇ ਗੁਰਦੁਆਰਾ ਕਮੇਟੀ ਨਾਲ ਫ਼ੋਨ 'ਤੇ ਰਾਬਤਾ ਕਰਕੇ ਮਦਰੱਸੇ 'ਚ ਪੜ੍ਹਦੇ ਵਿਦਿਆਰਥੀਆਂ ਜੋ ਜ਼ਿਆਦਾਤਰ ਉੱਤਰ ਪ੍ਰਦੇਸ਼ ਅਤੇ ਬਿਹਾਰ ਨਾਲ ਸਬੰਧਤ ਹਨ, ਲਈ ਲੰਗਰ ਦੀ ਸਹਾਇਤਾ ਮੰਗਣ 'ਤੇ ਗੁਰਦੁਆਰਾ ਸਾਹਿਬ 'ਚੋਂ ਲੰਗਰ ਤਿਆਰ ਕਰਕੇ ਸੇਵਾਦਾਰਾਂ ਨੇ ਮਦਰੱਸੇ ਦੇ ਵਿਦਿਆਰਥੀਆਂ ਨੂੰ ਪਹੁੰਚਾਇਆ।

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਕਾਰਨ ਨਵਾਂਸ਼ਹਿਰ ਦੇ 15 ਪਿੰਡ ਪੂਰੀ ਤਰ੍ਹਾਂ ਸੀਲ, ਇੰਝ ਬਣੀ ਕੋਰੋਨਾ ਵਾਇਰਸ ਦੀ 'ਚੇਨ'

ਉਨ੍ਹਾਂ ਦੱਸਿਆ ਕਿ ਮਦਰੱਸੇ ਦੇ ਵਿਦਿਆਰਥੀਆਂ ਕੋਲ ਬਰਤਨਾਂ ਦੀ ਘਾਟ ਹੋਣ ਕਾਰਨ ਇੱਕ ਥਾਲੀ 'ਚ 2-2 ਵਿਦਿਆਰਥੀਆਂ ਨੂੰ ਲੰਗਰ ਖੁਆਇਆ ਪਿਆ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਬੁੱਧਵਾਰ ਤੋਂ ਇਨ੍ਹਾਂ ਵਿਦਿਆਰਥੀਆਂ ਲਈ ਰੋਜ਼ਾਨਾ ਲੰਗਰ ਦੇ ਨਾਲ-ਨਾਲ ਲੋੜੀਂਦੇ ਬਰਤਨ ਵੀ ਲੈ ਕੇ ਜਾਇਆ ਕਰਨਗੇ। ਮਦਰੱਸੇ ਦੇ ਇੰਚਾਰਜ ਸ਼ੁਕਰ ਦੀਨ ਨੇ ਦੱਸਿਆ ਕਿ ਮਦਰੱਸੇ 'ਚ ਪੜ੍ਹਦੇ ਜ਼ਿਆਦਾਤਰ ਵਿਦਿਆਰਥੀ ਉੱਤਰ ਪ੍ਰਦੇਸ਼ ਅਤੇ ਬਿਹਾਰ ਨਾਲ ਸਬੰਧਤ ਹਨ। ਇਨ੍ਹਾਂ ਵਿਦਿਆਰਥੀਆਂ ਦੀਆਂ ਆਪਣੇ ਘਰ ਜਾਣ ਲਈ ਰੇਲ ਦੀਆਂ ਟਿਕਟਾਂ ਬੁੱਕ ਸਨ, ਪਰ ਰੇਲ ਗੱਡੀਆਂ ਰੱਦ ਹੋਣ ਕਾਰਨ ਇਨ੍ਹਾਂ ਨੂੰ ਮਦਰੱਸੇ 'ਚ ਹੀ ਰੁਕਣਾ ਪਿਆ। ਭਾਈ ਬਹਾਦਰ ਸਿੰਘ ਅਤੇ ਭਾਈ ਨਰਿੰਦਰ ਪਾਲ ਸਿਘ ਨੇ ਦੱਸਿਆ ਕਿ ਅੱਜ ਗੁਰਦੁਆਰਾ ਸਾਹਿਬ ਦੀ ਰੋਜ਼ਾਨਾ ਸੰਗਤ 'ਚ ਹਾਜ਼ਰੀ ਭਰਨ ਵਾਲੀਆਂ ਬੀਬੀਆਂ ਅਤੇ ਭਾਈਆਂ ਨੇ 500 ਵਿਆਕਤੀਆਂ ਦਾ ਲੰਗਰ ਤਿਆਰ ਕੀਤਾ, ਜੋ ਉਨ੍ਹਾਂ ਸਮੇਤ ਡਾ.ਹਰਮੇਲ ਸਿੰਘ, ਰਸ਼ਪਾਲ ਸਿੰਘ ਜੱਸੀ, ਗੁਰਦੀਪ ਸਿੰਘ ਰਿੰਕਲ ਆਦਿ ਨੇ ਮਾਣਕਮਾਜਰਾ ਰੋਡ ਸਥਿਤ ਸਿਕਲੀਗਰ ਪਰਿਵਾਰਾਂ, ਆਦਮਪਾਲ ਰੋਡ ਤੇ ਟਰੱਕ ਯੂਨੀਅਨ ਨੇੜਲੀਆਂ ਝੁੱਗੀ-ਝੌਂਪੜੀਆਂ ਅਤੇ ਮਦੀਨਾ ਬਸਤੀ 'ਚ ਲੋੜਵੰਦ ਪਰਿਵਾਰਾਂ ਤੇ ਡਿਊਟੀ ਦੇ ਰਹੇ ਪੁਲੀਸ ਮੁਲਾਜ਼ਮਾਂ ਨੂੰ ਲੰਗਰ ਪਰੋਸਿਆ।

ਇਹ ਵੀ ਪੜ੍ਹੋ: ਕਰਫ਼ਿਊ ਦੌਰਾਨ ਮਾਛੀਕੇ 'ਚ ਅੱਠ ਭੈਣਾਂ ਦੇ ਇਕਲੌਤੇ ਭਰਾ ਦਾ ਕਤਲ


author

Shyna

Content Editor

Related News