ਅਹਿਮ ਖ਼ਬਰ : ਪੰਜਾਬ 'ਚ 'ਕੋਰੋਨਾ' ਕਾਰਨ ਮੁੜ ਵਿਗੜਨ ਲੱਗੇ ਹਾਲਾਤ, ਜੁਲਾਈ ਮਹੀਨੇ ਦੇ ਅੰਕੜੇ ਚਿੰਤਾਜਨਕ
Tuesday, Aug 02, 2022 - 12:16 PM (IST)
 
            
            ਚੰਡੀਗੜ੍ਹ : ਪੰਜਾਬ 'ਚ ਕੋਰੋਨਾ ਵਾਇਰਸ ਮੁੜ ਖ਼ਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਪੰਜਾਬ 'ਚ ਜੁਲਾਈ ਮਹੀਨੇ ਦੌਰਾਨ 9,524 ਨਵੇਂ ਕੋਰੋਨਾ ਪੀੜਤ ਸਾਹਮਣੇ ਆਏ ਹਨ, ਜੋ ਕਿ ਜੂਨ ਮਹੀਨੇ ਦੇ 2631 ਕੋਰੋਨਾ ਮਰੀਜ਼ਾਂ ਨਾਲੋਂ 260 ਫ਼ੀਸਦੀ ਜ਼ਿਆਦਾ ਹਨ। ਸੂਬੇ 'ਚ ਜੁਲਾਈ ਮਹੀਨੇ ਦੌਰਾਨ ਕੋਰੋਨਾ ਨਾਲ ਹੋਈਆਂ 46 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜੋ ਕਿ ਜੂਨ ਮਹੀਨੇ ਹੋਈਆਂ 22 ਮੌਤਾਂ ਨਾਲੋਂ 100 ਫ਼ੀਸਦੀ ਵੱਧ ਹਨ। ਸੂਬੇ 'ਚ ਹੁਣ ਤੱਕ 774267 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 20384 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਪੰਜਾਬ 'ਚ 1 ਅਪ੍ਰੈਲ ਤੋਂ 30 ਜੂਨ ਦਰਮਿਆਨ ਕੋਵਿਡ ਦੇ 3910 ਨਵੇਂ ਮਰੀਜ਼ ਸਾਹਮਣੇ ਆਏ ਸਨ।
ਇਸ ਸਮੇਂ ਦੌਰਾਨ ਕੋਵਿਡ ਨਾਲ ਸਬੰਧਿਤ 28 ਮੌਤਾਂ ਦਰਜ ਕੀਤੀਆਂ ਗਈਆਂ ਸਨ। ਇਸੇ ਤਰ੍ਹਾਂ ਜੁਲਾਈ 'ਚ ਮਰੀਜ਼ਾਂ ਅਤੇ ਮੌਤਾਂ ਦੀ ਗਿਣਤੀ 143 ਫ਼ੀਸਦੀ ਅਤੇ 64 ਫ਼ੀਸਦੀ ਵਧੀ ਹੈ। ਹਾਲ ਹੀ 'ਚ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਅਨਮੋਲ ਗਗਨ ਮਾਨ ਦੀ ਰਿਪੋਰਟ ਵੀ ਪਾਜ਼ੇਟਿਵ ਪਾਈ ਗਈ ਸੀ, ਜਦੋਂ ਕਿ ਹਰਜੋਤ ਬੈਂਸ ਦੇ ਸਿੱਧਾ ਸੰਪਰਕ 'ਚ ਆਉਣ ਕਾਰਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਆਈਸੋਲੇਸ਼ਨ 'ਚ ਰੱਖਿਆ ਗਿਆ ਸੀ।
ਦੱਸ ਦੇਈਏ ਕਿ ਸੋਮਵਾਰ ਨੂੰ ਪੰਜਾਬ 'ਚ ਕੋਰੋਨਾ ਨਾਲ 4 ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਜਦੋਂ ਕਿ 272 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਮ੍ਰਿਤਕਾਂ 'ਚ ਇਕ-ਇਕ ਮਰੀਜ਼ ਲੁਧਿਆਣਾ, ਰੋਪੜ, ਬਰਨਾਲਾ ਤੇ ਜਲੰਧਰ ਦਾ ਰਹਿਣ ਵਾਲਾ ਸੀ, ਜਿਨ੍ਹਾਂ 'ਚੋਂ 3 ਦਾ ਇਲਾਜ ਲੁਧਿਆਣਾ ਦੇ ਹਸਪਤਾਲਾਂ ਵਿੱਚ ਚੱਲ ਰਿਹਾ ਸੀ। ਇਨ੍ਹਾਂ ਵਿੱਚ ਇਕ 11 ਸਾਲਾ ਮੁੰਡਾ ਵੀ ਸ਼ਾਮਲ ਸੀ।
ਇਹ ਵੀ ਪੜ੍ਹੋ : ਮੋਗਾ 'ਚ ਨਸ਼ਿਆਂ ਦਾ ਕਹਿਰ ਜਾਰੀ, ਇਕ ਹੋਰ ਨੌਜਵਾਨ ਦੀ ਚਿੱਟੇ ਦਾ ਟੀਕਾ ਲਾਉਣ ਕਾਰਨ ਮੌਤ
ਜਿਨ੍ਹਾਂ ਜ਼ਿਲ੍ਹਿਆਂ 'ਚ ਸਭ ਤੋਂ ਵੱਧ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਉਨ੍ਹਾਂ 'ਚ ਮੋਹਾਲੀ ਤੋਂ 65, ਜਲੰਧਰ ਤੋਂ 56, ਹੁਸ਼ਿਆਰਪੁਰ ਤੋਂ 37, ਲੁਧਿਆਣਾ ਤੋਂ 31, ਪਟਿਆਲਾ ਤੋਂ 21, ਅੰਮ੍ਰਿਤਸਰ ਤੋਂ 16, ਰੋਪੜ ਤੋਂ 13 ਤੇ ਬਠਿੰਡਾ ਤੋਂ 10 ਮਰੀਜ਼ ਹਨ। ਸੂਬੇ 'ਚ 6482 ਨਮੂਨੇ ਹੀ ਜਾਂਚ ਲਈ ਭੇਜੇ ਜਾ ਸਕੇ, ਜਿਨ੍ਹਾਂ 'ਚੋਂ ਉਕਤ ਪਾਜ਼ੇਟਿਵ ਮਰੀਜ਼ ਸਾਹਮਣੇ ਆਏ। ਸੂਬੇ ਵਿੱਚ 3021 ਐਕਟਿਵ ਮਰੀਜ਼ ਰਹਿ ਗਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            