ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਟਾਂਡਾ ਦੇ 9 ਸ਼ਰਧਾਲੂਆਂ ਦੀ ਰਿਪੋਰਟ ਆਈ ਪਾਜ਼ੇਟਿਵ
Saturday, May 02, 2020 - 06:36 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ) : ਨੰਦੇੜ ਸਾਹਿਬ ਤੋਂ ਪਰਤੀਆਂ ਸੰਗਤਾਂ ਦੇ ਲਏ ਗਏ ਸੈਪਲਾਂ ਵਿਚੋਂ ਆਈਆਂ ਰਿਪੋਰਟਾਂ 'ਚ ਟਾਂਡਾ ਇਲਾਕੇ ਨਾਲ ਸੰਬੰਧਿਤ 9 ਮਰੀਜ਼ਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਨ੍ਹਾਂ ਸਾਰਿਆਂ ਨੂੰ ਪ੍ਰਸ਼ਾਸਨ ਵਲੋਂ ਟਾਂਡਾ ਇਲਾਕੇ ਵਿਚ ਆਉਣ ਤੋਂ ਪਹਿਲਾਂ ਹੀ ਬਾਕੀ ਸ਼ਰਧਾਲੂਆਂ ਦੀ ਤਰ੍ਹਾਂ ਹੁਸ਼ਿਆਰਪੁਰ ਵਿਚ ਏਕਾਂਤਵਾਸ ਸੈਂਟਰ ਵਿਚ ਠਹਿਰਾਇਆ ਹੋਇਆ ਹੈ। ਸੂਤਰਾਂ ਮੁਤਾਬਕ ਹੁਣ ਰਿਪੋਰਟ ਆਉਣ ਤੋਂ ਬਾਅਦ ਵਿਭਾਗ ਵਲੋਂ ਇਨ੍ਹਾਂ ਸ਼ਰਧਾਲੂਆਂ ਨੂੰ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਜ਼ਿਲਾ ਹੁਸ਼ਿਆਰਪੁਰ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 21 ਹੋ ਗਈ ਹੈ। ਇਨ੍ਹਾਂ ਵਿਚ 9 ਸ਼ਰਧਾਲੂ ਹਨ ਜਿਹੜੇ ਗੁਰਦੁਆਰਾ ਸ੍ਰੀ ਨਾਂਦੇੜ ਸਾਹਿਬ ਤੋਂ ਦਰਸ਼ਨ ਕਰਕੇ ਪਰਤੇ ਹਨ।
ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ : ਬਾਬਾ ਬਕਾਲਾ ਦੇ 9 ਪਰਿਵਾਰਕ ਮੈਂਬਰਾਂ ਸਮੇਤ 14 ਦੀ ਰਿਪੋਰਟ ਆਈ ਪਾਜ਼ੇਟਿਵ
ਪੰਜਾਬ 'ਚ ਤੇਜ਼ੀ ਨਾਲ ਵੱਧ ਰਹੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ
ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 698 ਹੋ ਗਈ ਹੈ। ਇਨ੍ਹਾਂ ਵਿਚ ਜ਼ਿਆਦਾਤਰ ਮਰੀਜ਼ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਮਿਲੀ ਜਾਣਕਾਰੀ ਮੁਤਾਬਕ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਲਗਭਗ 250 ਸ਼ਰਧਾਲੂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 105, ਮੋਹਾਲੀ 'ਚ 95, ਪਟਿਆਲਾ 'ਚ 86, ਅੰਮ੍ਰਿਤਸਰ 'ਚ 145, ਲੁਧਿਆਣਾ 'ਚ 99, ਪਠਾਨਕੋਟ 'ਚ 25, ਨਵਾਂਸ਼ਹਿਰ 'ਚ 23, ਤਰਨਾਤਰਨ 15, ਮਾਨਸਾ 'ਚ 13, ਕਪੂਰਥਲਾ 12, ਹੁਸ਼ਿਆਰਪੁਰ 'ਚ 21, ਫਰੀਦਕੋਟ 6, ਸੰਗਰੂਰ 'ਚ 7 ਕੇਸ, ਮੁਕਤਸਰ ਅਤੇ ਗਰਦਾਸਪੁਰ 'ਚ 4-4 ਕੇਸ, ਮੋਗਾ 'ਚ 5, ਬਰਨਾਲਾ 'ਚ 2, ਫਤਿਹਗੜ੍ਹ ਸਾਹਿਬ 'ਚ 3, ਜਲਾਲਾਬਾਦ 4, ਬਠਿੰਡਾ 'ਚ 2, ਰੋਪੜ 'ਚ 5 ਅਤੇ ਫਿਰੋਜ਼ਪੁਰ 'ਚ 17 ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 20 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਮੁੜ ਕੋਰੋਨਾ ਦਾ ਧਮਾਕਾ, 16 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ