ਵਿਸਾਖੀ ਮੌਕੇ ਜਥੇਦਾਰ ਨੇ ਕੌਮ ਦੇ ਨਾਂ ਜਾਰੀ ਕੀਤਾ ਸੰਦੇਸ਼

Monday, Apr 13, 2020 - 06:54 PM (IST)

ਵਿਸਾਖੀ ਮੌਕੇ ਜਥੇਦਾਰ ਨੇ ਕੌਮ ਦੇ ਨਾਂ ਜਾਰੀ ਕੀਤਾ ਸੰਦੇਸ਼

ਤਲਵੰਡੀ ਸਾਬੋ (ਮੁਨੀਸ਼) :  ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਅੱਜ ਸਿੱਖ ਕੌਮ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸੰਬੋਧਨ ਦੌਰਾਨ ਕੌਮ ਦੇ ਨਾਂ ਜਾਰੀ ਸੰਦੇਸ਼ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਸਰਕਾਰਾਂ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਦੇ ਨਾਂ ’ਤੇ ਕਿਸੇ ਵਿਸ਼ੇਸ਼ ਧਰਮ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ ਸਗੋਂ ਇਨਸਾਨੀਅਤ ਨਾਤੇ ਹਰ ਇਕ ਦੀ ਮਦਦ ਕੀਤੀ ਜਾਵੇ ।

ਸਿੰਘ ਸਾਹਿਬ ਨੇ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਗੁਰੂੁ ਸਾਹਿਬਾਨ ਦੀ ਚਰਨਛੋਹ ਪੰਜਾਬ ਦੀ ਧਰਤੀ ਤੇ ਕੋਰੋਨਾ ਮ੍ਰਿਤਕਾਂ ਦੇ ਸਸਕਾਰ ਕਰਨ ਤੋਂ ਲੋਕ ਪਿੱਛੇ ਹਟ ਰਹੇ ਹਨ।ਉਨਾਂ ਕਿਹਾ ਕਿ ਕਦੇ ਕੋਰੋਨਾ ਫੈਲਾਉਣ ਲਈ ਇਕ ਧਰਮ ਵਿਸ਼ੇਸ ’ਤੇ ਨਿਸ਼ਾਨੇ ਸਾਧੇ ਜਾ ਰਹੇ ਹਨ ਤੇ ਕਦੇ ਗੁੱਜਰਾਂ ਤੋਂ ਦੁੱਧ ਨਾ ਲੈਣ ਦੀਆਂ ਅਪੀਲਾਂ ਜਾਰੀ ਹੁੰਦੀਆਂ ਹਨ।ਜਦੋਂਕਿ ਚਾਹੀਦਾ ਇਹ ਹੈ ਕਿ ਇਸ ਮਾਡ਼ੇ ਸਮੇਂ ਵਿਚ ਬਿਨਾਂ ਕਿਸੇ ਭੇਦਭਾਵ ਦੇ ਹਰ ਇਨਸਾਨ ਦੀ ਮਦਦ ਕਰਨੀ ਸਾਨੂੰ ਆਪਣਾ ਫਰਜ਼ ਸਮਝਣਾ ਚਾਹੀਦਾ ਹੈ।ਸਿੰਘ ਸਾਹਿਬ ਨੇ ਸਿੱਖਾਂ ਨੂੰ ਵੀ ਕਿਤੇ-ਕਿਤੇ ਨਿਸ਼ਾਨਾ ਬਣਾਉਣ ਦੀ ਨਿੰਦਾ ਕਰਦਿਆਂ ਕਿਹਾ ਕਿ ਜਿੱਥੇ ਇਕ ਸਿੱਖ ਨੌਜਵਾਨ ਨੂੰ ਕੋਰੋਨਾ ਪੀਤ ਦੱਸ ਕੇ ਉਸ ਨਾਲ ਬਦਸਲੂਕੀ ਕੀਤੇ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ, ਉੱਥੇ ਪਟਿਆਲਾ ਘਟਨਾ ’ਤੇ ਵੀ ਮੀਡੀਆ ਦੇ ਇਕ ਹਿੱਸੇ ਨੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਦੋਂਕਿ ਨਾ ਕੇਵਲ ਦੇਸ਼ ’ਚ ਸਗੋਂ ਵਿਦੇਸ਼ਾਂ ਵਿਚ ਵੀ ਸਿੱਖ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ ਨੇ ਲੋਡ਼ਵੰਦਾਂ ਦੀ ਮਦਦ ਲਈ ਕੋਈ ਘਾਟ ਨਹੀਂ ਰਹਿਣ ਦਿੱਤੀ ।

ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਦਾ ਧਰਮ ਦੇਖਿਆਂ ਸਿੱਖਾਂ ਵੱਲੋਂ ਹਰ ਲੋਡ਼ਵੰਦ ਤੱਕ ਮਦਦ ਪਹੁੰਚਾਈ ਜਾ ਰਹੀ।ਸਿੰਘ ਸਾਹਿਬ ਨੇ ਇਸ ਮੌਕੇ ਰਾਸ਼ਨ ਦੀ ਕਾਣੀ ਵੰਡ ਲਈ ਸੂਬਾ ਅਤੇ ਕੇਂਦਰ ਸਰਕਾਰ ਨੂੰ ਕਰਡ਼ੇ ਹੱਥੀਂ ਲਿਆ । ਸਿੰਘ ਸਾਹਿਬ ਨੇ ਕੌਮ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਿੱਖ ਬੇਪ੍ਰਵਾਹ ਤਾਂ ਹੈ ਪਰ ਉਸਨੂੰ ਲਾਪ੍ਰਵਾਹ ਨਹੀ ਹੋਣਾ ਚਾਹੀਦਾ ਤੇ ਸਰਕਾਰਾਂ ਤੇ ਸਿਹਤ ਮਹਿਕਮੇ ਵੱਲੋਂ ਜਾਰੀ ਹਰ ਹਦਾਇਤ ਦਾ ਪਾਲਣ ਕਰਨਾ ਚਾਹੀਦਾ ਹੈ ਤਾਂ ਕਿ ਇਸ ਬਿਮਾਰੀ ਤੋਂ ਬਚਾਅ ਹੋ ਸਕੇ ਨਾਲ ਹੀ ਉਨ੍ਹਾਂ ਸਿੱਖਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਆਰਥਿਕ ਮੰਦੀ ਆਉਣ ਦੇ ਆਸਾਰ ਹਨ ਤੇ ਜੇ ਮੰਦੀ ਆਂਉਦੀ ਹੈ ਤਾਂ ਆਪਣੇ ਸਿੱਖ ਭੈਣਾ ਭਰਾਵਾਂ ਦੀ ਮਦਦ ਲਈ ਸਾਨੂੰ ਹੁਣ ਤੋਂ ਤਿਆਰੀ ਰੱਖਣੀ ਚਾਹਿਦੀ ਹੈ ।


author

Gurminder Singh

Content Editor

Related News