ਸੂਬੇ ਦੇ ਲੋਕਾਂ ''ਚ ਵਧਣ ਲੱਗਾ ਕੋਰੋਨਾ ਵਾਇਰਸ ਦਾ ਖੌਫ
Saturday, Mar 14, 2020 - 01:09 AM (IST)
ਲੁਧਿਆਣਾ,(ਵਿੱਕੀ)- ਕੋਰੋਨਾ ਵਾਇਰਸ ਦਾ ਡਰ ਭਾਰਤ ਦੇ ਨਾਲ-ਨਾਲ ਪੂਰੀ ਦੁਨੀਆ 'ਚ ਵਧਦਾ ਜਾ ਰਿਹਾ ਹੈ। ਭਾਰਤ ਵਿਚ ਵੀ ਇਸ ਬੀਮਾਰੀ ਦੇ 80 ਕੇਸ ਹੁਣ ਤੱਕ ਸਾਹਮਣੇ ਆ ਚੁੱਕੇ ਹਨ। ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਨੇ ਕੋਰੋਨਾ ਵਾਇਰਸ ਨੂੰ ਮਹਾਮਾਰੀ ਐਲਾਨ ਕੇ ਸਿੱਖਿਆ ਸੰਸਥਾਵਾਂ ਵਿਚ 31 ਮਾਰਚ ਤੱਕ ਛੁੱਟੀਆਂ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ। ਦੇਸ਼ ਵਿਚ ਇਸ ਬੀਮਾਰੀ ਦੇ ਲਗਾਤਾਰ ਵਧ ਰਹੇ ਕੇਸਾਂ ਕਾਰਣ ਸਕੂਲੀ ਵਿਦਿਆਰਥੀਆਂ ਦੇ ਮਾਤਾ-ਪਿਤਾ ਵੀ ਚਿੰਤਾ ਵਿਚ ਪਏ ਹੋਏ ਹਨ। ਕਈ ਸਕੂਲਾਂ ਵਿਚ ਸਾਲਾਨਾ ਪ੍ਰੀਖਿਆਵਾਂ ਚੱਲ ਰਹੀਆਂ ਹਨ ਜਦੋਂਕਿ ਕਈਆਂ ਵਿਚ ਨਤੀਜੇ ਐਲਾਨ ਹੋਣ ਤੋਂ ਬਾਅਦ ਨਵੇਂ ਸੈਸ਼ਨ ਦੀਆਂ ਕਲਾਸਾਂ ਵੀ ਸ਼ੁਰੂ ਕਰਨ ਦੀ ਤਿਆਰੀ ਚੱਲ ਰਹੀ ਹੈ। ਇਸੇ ਦੌਰਾਨ ਹਰਿਆਣਾ ਅਤੇ ਦਿੱਲੀ ਦੇ ਸਕੂਲਾਂ ਵਿਚ 31 ਮਾਰਚ ਤੱਕ ਛੁੱਟੀਆਂ ਦਾ ਐਲਾਨ ਕਰਨ ਤੋਂ ਬਾਅਦ ਪੰਜਾਬ 'ਚ ਮਾਪੇ ਵੀ ਸਕੂਲਾਂ ਨੂੰ ਨਵੇਂ ਸੈਸ਼ਨ ਦੀਆਂ ਕਲਾਸਾਂ ਸ਼ੁਰੂ ਕਰਨ ਦੀ ਬਜਾਏ ਬੱਚਿਆਂ ਦੀਆਂ ਛੁੱਟੀਆਂ ਵਧਾਉਣ ਦੀ ਬੇਨਤੀ ਕਰ ਰਹੇ ਸਨ। ਆਪਣੇ ਲਾਡਲਿਆਂ ਦੀ ਸਿਹਤ ਸਬੰਧੀ ਚਿੰਤਤ ਮਾਤਾ-ਪਿਤਾ ਨੇ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈ ਲਿਆ । ਸ਼ਹਿਰ ਦੇ ਕੁਝ ਮਾਤਾ-ਪਿਤਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕੀਤਾ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਸਾਰੇ ਸਕੂਲਾਂ ਵਿਚ 31 ਮਾਰਚ ਤੱਕ ਛੁੱਟੀਆਂ ਕਰਨ ਦੇ ਹੁਕਮ ਜਾਰੀ ਕੀਤੇ ਜਾਣ।
ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਸੂਬੇ ਦੇ ਸਾਰੇ ਸਕੂਲ 31 ਮਾਰਚ ਤਕ ਬੰਦ ਰੱਖਣ ਦੇ ਹੁਕਮ ਦੇ ਦਿੱਤੇ ਹਨ। ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਮਹਾਮਾਰੀ ਐਲਾਨਦੇ ਹੋਏ ਹੁਕਮ ਜਾਰੀ ਕਰਦਿਆਂ ਆਖਿਆ ਹੈ ਕਿ ਜਿਨ੍ਹਾਂ ਸਕੂਲਾਂ 'ਚ ਪ੍ਰੀਖਿਆਵਾਂ ਚੱਲ ਰਹੀਆਂ ਹਨ, ਸਿਰਫ ਉਹੀ ਸਕੂਲ ਖੁੱਲੇ ਰਹਿਣਗੇ ਜਦਕਿ ਬਾਕੀ ਸਾਰੇ ਸਕੂਲ 31 ਮਾਰਚ ਤਕ ਬੰਦ ਰਹਿਣਗੇ।