ਕੋਰੋਨਾ ਵਾਇਰਸ : ਸਰਹੱਦਾਂ ਦੇ ਰਾਖਿਆਂ ਦੀ ਸੁਰੱਖਿਆ ਲਈ ਬੀ.ਐੱਸ.ਐੱਫ. ਨੇ ਚੁੱਕੇ ਅਹਿਮ ਕਦਮ

Monday, Mar 23, 2020 - 07:26 PM (IST)

ਗੁਰਦਾਸਪੁਰ (ਹਰਮਨ) - ਕੋਰੋਨਾਵਾਇਰਸ ਦੇ ਦਿਨੋ-ਦਿਨ ਵਧ ਰਹੇ ਕਹਿਰ ਦੇ ਚਲਦਿਆਂ ਜਿਥੇ ਸਿਵਲ ਅਤੇ ਪੁਲਸ ਪ੍ਰਸ਼ਾਸਨ ਨੇ ਮੁਸ਼ਤੈਦੀ ਨਾਲ ਕਾਰਵਾਈ ਸ਼ੁਰੂ ਕੀਤੀ ਹੋਈ ਹੈ। ਉਸ ਦੇ ਨਾਲ ਹੀ ਦੇਸ਼ ਦੀਆਂ ਕੌਮੀ ਸਰਹੱਦਾਂ ਦੀ ਰੱਖਿਆ ਕਰਨ ਵਾਲੇ ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਇਸ ਵਾਇਰਸ ਦੀ ਮਾਰ ਤੋਂ ਬਚਾਉਣ ਲਈ ਬੀ.ਐੱਸ.ਐੱਫ. ਨੇ ਕਈ ਸਖਤ ਕਦਮ ਚੁੱਕੇ ਹਨ। ਇਸ ਤਹਿਤ ਗੁਰਦਾਸਪੁਰ ਵਿਖੇ ਬੀ.ਐੱਸ.ਐੱਫ. ਦੇ ਹੈਡਕੁਆਟਰਜ ਨੂੰ ਪੂਰੀ ਤਰ੍ਹਾਂ ਸੀਲ ਕਰਕੇ ਬਾਹਰਲੇ ਲੋਕਾਂ ਦੀ ਕਿਸੇ ਤਰਾਂ ਦੀ ਆਵਾਜਾਈ ’ਤੇ ਰੋਕ ਲਗਾ ਦਿੱਤੀ ਹੈ। ਇਸੇ ਤਰਾਂ ਵੱਖ-ਵੱਖ ਸ਼ਿਫਟਾਂ ਵਿਚ ਸਰਹੱਦ ’ਤੇ ਡਿਊਟੀ ਦੇਣ ਵਾਲੇ ਜਵਾਨਾਂ ਦੀ ਸੁਰੱਖਿਆ ਲਈ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।

ਜਵਾਨਾਂ ਦੀ ਛੁੱਟੀ ’ਚ ਕੀਤਾ ਵਾਧਾ
ਬੀ.ਐੱਸ.ਐੱਫ. ਦੇ ਡੀ.ਆਈ.ਜੀ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਬੀ.ਐੱਸ.ਐੱਫ. ਵਲੋਂ ਵਾਇਰਸ ਵਿਰੁੱਧ ਲੜਨ ਲਈ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਜਿਹੜੇ ਜਵਾਨ ਛੁੱਟੀ ’ਤੇ ਗਏ ਸਨ, ਉਨ੍ਹਾਂ ਦੀ ਛੁੱਟੀ 15 ਅਪ੍ਰੈਲ ਤੱਕ ਵਧਾ ਦਿੱਤੀ ਗਈ ਹੈ ਤਾਂ ਜੋ ਉਹ ਆਪਣੇ ਘਰਾਂ ’ਚ ਸੁਰੱਖਿਅਤ ਰਹਿਣ। ਉਨਾਂ ਕਿਹਾ ਕਿ ਰਸਤੇ ਵਿਚ ਆਉਣ ਜਾਣ ਮੌਕੇ ਵਾਇਰਸ ਤੋਂ ਪੀੜਤ ਹੋਣ ਦਾ ਡਰ ਬਣਿਆ ਰਹਿੰਦਾ ਹੈ, ਇਸ ਲਈ ਛੁਟੀਆਂ ਵਿਚ ਵਾਧਾ ਕਰ ਦਿੱਤਾ ਗਿਆ ਹੈ।

ਹਸਪਤਾਲ ’ਚ ਰੱਖਿਆ ਜਾ ਰਿਹੈ ਬਾਹਰੋਂ ਆਉਣ ਵਾਲੇ ਹਰੇਕ ਜਵਾਨ ਨੂੰ
ਡੀ.ਆਈ.ਜੀ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਜਿਹੜੇ ਜਵਾਨ ਛੁੱਟੀ ਕੱਟ ਕੇ ਜਾਂ ਕਿਸੇ ਹੋਰ ਕੰਮ ਕਾਰਨ ਕਈ ਦਿਨਾਂ ਬਾਅਦ ਹੈਡਕੁਆਟਰ ਆ ਰਹੇ ਹਨ, ਉਨ੍ਹਾਂ ਨੂੰ ਹੋਰ ਅਧਿਕਾਰੀਆਂਅ ਤੇ ਜਵਾਨਾਂ ਵਿਚ ਨਹੀਂ ਜਾਣ ਦਿੱਤਾ ਜਾ ਰਿਹਾ। ਅਜਿਹੇ ਸਾਰੇ ਜਵਾਨਾਂ ਨੂੰ ਸਿੱਧਾ ਹਸਪਤਾਲ ਵਿਚ ਰੱਖਿਆ ਜਾਂਦਾ ਹੈ, ਜਿੱਥੇ ਘੱਟੋ-ਘੱਟ 8 ਤੋਂ 10 ਦਿਨ ਰਹਿਣ ਦੇ ਬਾਅਦ ਜਦੋਂ ਤੱਕ ਡਾਕਟਰ ਉਨ੍ਹਾਂ ਦੇ ਠੀਕ ਹੋਣ ਦੀ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਕਰ ਦਿੰਦੇ। ਅਜਿਹੇ ਵਿਅਕਤੀਆਂ ਦੇ ਬਾਥਰੂਮ ਤੇ ਬਰਤਨ ਸਣੇ ਹੋਰ ਬਹੁਤ ਸਾਰਾ ਸਾਮਾਨ ਵੱਖਰੇ ਤੌਰ ’ਤੇ ਵਰਤਿਆ ਜਾ ਰਿਹਾ ਹੈ। 
 
ਤਿੰਨੇ ਗੇਟ ਕੀਤੇ ਸੀਲ, ਕੰਟੀਨਾਂ ਵੀ ਕੀਤੀਆਂ ਬੰਦ
ਬੀ.ਐੱਸ.ਐੱਫ ਹੈਡਕੁਆਟਰਜ਼ ਦੇ ਕਮਾਂਡੈਂਟ ਨਿਤਿਸ਼ ਧੀਮਾਨ ਨੇ ਦੱਸਿਆ ਕਿ ਗੁਰਦਾਸਪੁਰ ਸਥਿਤ ਹੈਡਕੁਆਟਰਜ ਦੇ ਤਿੰਨੇ ਗੇਟ ਸੀਲ ਕਰ ਦਿੱਤੇ ਗਏ ਹਨ ਅਤੇ ਤਿੰਨ ਗੇਟਾਂ ਲਈ ਇਨਫਰਾਰੈਡ ਥਰਮਾਮੀਟਰ ਮੰਗਵਾ ਲਏ ਗਏ ਹਨ। ਇਨਾਂ ਥਰਮਾਮੀਟਰਾਂ ਨਾਲ ਜਾਂਚ ਕਰਨ ਦੇ ਬਾਅਦ ਕਿਸੇ ਵੀ ਵਿਅਕਤੀ ਨੂੰ ਅੰਦਰ ਦਾਖਲ ਹੋਣ ਦਿੱਤਾ ਜਾਂਦਾ ਹੈ। ਇਸ ਮਾਮਲੇ ਵਿਚ ਕਿਸੇ ਵੀ ਤਰਾਂ ਦੀ ਕੋਈ ਲਾਪਰਵਾਹੀ ਦੀ ਗੁੰਜਾਇਸ਼ ਨਹੀਂ ਛੱਡੀ ਗਈ। ਬੀ.ਐੱਸ.ਐੱਫ ਨੇ ਕੰਟੀਨਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। 

ਵੀਰ ਨਾਰੀਆਂ ਖੁਦ ਤਿਆਰ ਕਰ ਰਹੀਆਂ ਹਨ ਮਾਸਕ
ਨਿਤੀਸ਼ ਧੀਮਾਨ ਨੇ ਦੱਸਿਆ ਕਿ ਹੈਡਕੁਟਾਰਜ ਵਿਚ ਵੀਰ ਨਾਰੀਆਂ ਆਪਣੇ ਹੱਥੀਂ ਖੁਦ ਮਾਸਕ ਤਿਆਰ ਕਰ ਰਹੀਆਂ ਹਨ ਤਾਂ ਜੋ ਸਾਰੇ ਜਵਾਨਾਂ ਤੇ ਅਧਿਕਾਰੀਆਂ ਤੋਂ ਇਲਾਵਾ ਹੈਡਕੁਆਟਰਜ਼ ਵਿਚ ਰਹਿਣ ਵਾਲੇ ਪਰਿਵਾਰਕ ਮੈਂਬਰਾਂ ਨੂੰ ਮਾਸਕ ਦਿੱਤੇ ਜਾ ਸਕਣ। ਇਸ ਦੌਰਾਨ ਸਾਰੀਆਂ ਵੀਰ ਨਾਰੀਆਂ ਇਕ ਟੀਮ ਦੇ ਰੂਪ ਵਿਚ ਕੰਮ ਕਰ ਰਹੀਆਂ ਹਨ।


rajwinder kaur

Content Editor

Related News