ਕੋਰੋਨਾ ਵਾਇਰਸ ਦਾ ਖੌਫ: ਸ਼ਹਿਰਾਂ 'ਚ ਹੋਣ ਵਾਲੇ ਸਮਾਗਮ ਅਤੇ ਖੇਡ ਮੇਲੇ ਰੱਦ

Tuesday, Mar 17, 2020 - 01:08 PM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਦੇਸ਼ 'ਚ ਵਧ ਰਹੇ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਸਾਵਧਾਨੀ ਵਜੋਂ ਪੰਜਾਬ ਸਰਕਾਰ ਨੇ 31 ਮਾਰਚ ਤੱਕ ਸਿੱਖਿਆ ਸੰਸਥਾਵਾਂ, ਸਿਨੇਮਾ ਘਰ, ਜਿਮ, ਕਲੱਬ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਇਹ ਹੁਕਮ ਜ਼ਿਲਾ ਬਰਨਾਲਾ 'ਚ ਵੀ ਜ਼ਿਲਾ ਪ੍ਰਸ਼ਾਸਨ ਵੱਲੋਂ ਲਾਗੂ ਕਰ ਦਿੱਤੇ ਗਏ ਹਨ। ਜ਼ਿਲੇ 'ਚ ਸਾਰੇ ਸਿਨੇਮਾ ਘਰ ਸਿੱਖਿਆ ਸੰਸਥਾਵਾਂ, ਜਿਮਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇੱਥੋਂ ਤੱਕ ਕਿ 31 ਮਾਰਚ ਦੌਰਾਨ ਸ਼ਹਿਰ ਵਿਚ ਕਈ ਧਾਰਮਕ ਸਮਾਗਮ ਵੀ ਹੋਣੇ ਸਨ। ਉਨ੍ਹਾਂ ਸਮਾਗਮਾਂ ਨੂੰ ਵੀ ਧਾਰਮਕ ਸੰਸਥਾਵਾਂ ਵੱਲੋਂ ਰੱਦ ਕਰ ਦਿੱਤਾ ਗਿਆ ਹੈ। 25 ਮਾਰਚ ਤੋਂ ਨਰਾਤੇ ਵੀ ਸ਼ੁਰੂ ਹੋ ਰਹੇ ਹਨ। 2 ਅਪ੍ਰੈਲ ਨੂੰ ਰਾਮ ਨੌਮੀ ਦਾ ਵੱਡਾ ਤਿਉਹਾਰ ਆ ਰਿਹਾ ਹੈ। ਪਹਿਲੇ ਨਰਾਤੇ ਤੋਂ ਰਾਮ ਨੌਮੀ ਦੇ ਸਬੰਧ 'ਚ ਗੀਤਾ ਭਵਨ ਵਿਚ 108 ਰਮਾਇਣਾਂ ਦਾ ਪਾਠ ਵੀ ਸ਼ੁਰੂ ਕੀਤਾ ਜਾਂਦਾ ਸੀ। ਉਸ ਪਾਠ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਉਸ ਜਗ੍ਹਾ 'ਤੇ ਆਪਣੇ ਘਰ 'ਚ ਹੀ ਰਾਮਾਇਣ ਪਾਠ ਕਰਨ ਦਾ ਮਤਾ ਪਾਸ ਕੀਤਾ ਗਿਆ ਹੈ। ਸਾਰੀਆਂ ਗਤੀਵਿਧੀਆਂ ਬੰਦ ਹੋਣ ਕਾਰਣ ਇਸ ਬੀਮਾਰੀ ਦਾ ਲੋਕਾਂ 'ਚ ਵੀ ਭਾਰੀ ਡਰ ਪਾਇਆ ਜਾ ਰਿਹਾ ਹੈ।

ਡਰਨ ਦੀ ਨਹੀਂ ਸਾਵਧਾਨੀ ਵਰਤਣ ਦੀ ਜ਼ਰੂਰਤ
ਸਿਵਲ ਹਸਪਤਾਲ ਦੇ ਡਾਕਟਰ ਮਨਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਡਰਨ ਦੀ ਨਹੀਂ ਬਲਕਿ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਜਨਤਕ ਥਾਵਾਂ 'ਤੇ ਜਾਂਦੇ ਸਮੇਂ ਸਾਨੂੰ ਮਾਸਕ ਲਾ ਕੇ ਜਾਣਾ ਚਾਹੀਦਾ ਹੈ। ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਸਾਫ਼ ਕਰਨਾ ਚਾਹੀਦਾ ਹੈ। ਜੇਕਰ ਖਾਂਸੀ, ਜ਼ੁਕਾਮ ਜਾਂ ਬੁਖਾਰ ਹੋਵੇ ਤਾਂ ਉਸ 'ਤੇ ਘਬਰਾਉਣ ਦੀ ਜ਼ਰੂਰਤ ਨਹੀਂ ਬਲਕਿ ਆਪਣਾ ਚੈੱਕਅਪ ਡਾਕਟਰ ਕੋਲ ਜਾ ਕੇ ਕਰਵਾਉਣਾ ਚਾਹੀਦਾ ਹੈ। ਜ਼ਰੂਰੀ ਨਹੀਂ ਕਿ ਖਾਂਸੀ, ਜ਼ੁਕਾਮ ਵਾਲੇ ਨੂੰ ਕੋਰੋਨਾ ਵਾਇਰਸ ਹੋਵੇ। ਇਹ ਆਮ ਖਾਂਸੀ, ਜ਼ੁਕਾਮ ਵੀ ਹੋ ਸਕਦਾ ਹੈ। ਆਪਣੇ ਆਲੇ-ਦੁਆਲੇ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਬਸ ਥੋੜ੍ਹੀ ਜਿਹੀ ਸਾਵਧਾਨੀ ਵਰਤਣ ਨਾਲ ਇਸ ਵਾਇਰਸ ਤੋਂ ਬਚਿਆ ਜਾ ਸਕਦਾ ਹੈ।
ਡਾ. ਮਨਪ੍ਰੀਤ ਸਿੰਘ ਸਿੱਧੂ।

ਅਫਵਾਹਾਂ ਤੋਂ ਬਚਣ ਦੀ ਜ਼ਰੂਰਤ
ਆਸਥਾ ਇਨਕਲੇਵ ਦੇ ਐੱਮ. ਡੀ. ਦੀਪਕ ਸੋਨੀ ਨੇ ਕਿਹਾ ਕਿ ਆਮ ਤੌਰ 'ਤੇ ਦੇਖਣ ਨੂੰ ਮਿਲਦਾ ਹੈ ਕਿ ਜੇਕਰ ਥੋੜ੍ਹੀ ਜਿਹੀ ਮੁਸ਼ਕਲ ਸਾਹਮਣੇ ਆਉਂਦੀ ਹੈ ਤਾਂ ਅਫ਼ਵਾਹਾਂ ਬਹੁਤ ਜ਼ਿਆਦਾ ਫੈਲਦੀਆਂ ਹਨ। ਸ਼ਰਾਰਤੀ ਅਨਸਰ ਅਫ਼ਵਾਹਾਂ ਫੈਲਾਅ ਕੇ ਆਮ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕਰ ਦਿੰਦੇ ਹਨ। ਇਸ ਮੌਕੇ ਅਫ਼ਵਾਹਾਂ ਤੋਂ ਬਚਣ ਦੀ ਜ਼ਰੂਰਤ ਹੁੰਦੀ ਹੈ। ਪ੍ਰਸ਼ਾਸਨ ਨੂੰ ਵੀ ਅਫ਼ਵਾਹਾਂ ਫੈਲਾਉਣ ਵਾਲਿਆਂ 'ਤੇ ਸਖ਼ਤ ਨਕੇਲ ਕੱਸਣੀ ਚਾਹੀਦੀ ਹੈ।

ਆਂਡੇ ਕੋਰੋਨਾ ਵਾਇਰਸ ਨੂੰ ਫੈਲਾਉਂਦੇ ਨਹੀਂ ਬਲਕਿ ਰੋਕਦੇ ਹਨ
ਬਰਨਾਲਾ ਇੰਡਸਟਰੀ ਚੈਂਬਰ ਦੇ ਜ਼ਿਲਾ ਚੇਅਰਮੈਨ ਵਿਜੇ ਗਰਗ ਨੇ ਕਿਹਾ ਕਿ ਕੁਝ ਲੋਕ ਅਫ਼ਵਾਹਾਂ ਫੈਲਾਅ ਰਹੇ ਹਨ ਕਿ ਆਂਡਾ ਖਾਣ ਨਾਲ ਕੋਰੋਨਾ ਵਾਇਰਸ ਫੈਲਦਾ ਹੈ। ਇਹ ਗੱਲ ਬਿਲਕੁਲ ਝੂਠ ਹੈ। ਬਲਕਿ ਆਂਡਾ ਖਾਣ ਨਾਲ ਇਸ ਵਾਇਰਸ ਨਾਲ ਲੜਨ ਦੀ ਸ਼ਕਤੀ ਵਧਦੀ ਹੈ ਅਤੇ ਇਸ ਨਾਲ ਵਾਇਰਸ ਖਤਮ ਹੁੰਦਾ ਹੈ। ਹੁਣ ਤਾਂ ਡਾਕਟਰਾਂ ਨੇ ਵੀ ਕਹਿ ਦਿੱਤਾ ਹੈ ਕਿ ਆਂਡਾ ਖਾਣ ਨਾਲ ਵਾਇਰਸ ਨਹੀਂ ਫੈਲਦਾ। ਜੇਕਰ ਤਾਪਮਾਨ 28 ਡਿਗਰੀ ਤੋਂ ਉਪਰ ਚਲਾ ਜਾਵੇ ਤਾਂ ਕੋਰੋਨਾ ਵਾਇਰਸ ਦੇ ਫੈਲਣ ਦਾ ਡਰ ਘੱਟ ਜਾਂਦਾ ਹੈ। ਆਂਡਾ ਗਰਮ ਹੁੰਦਾ ਹੈ, ਇਸ ਕਾਰਣ ਆਂਡਾ ਖਾਣ ਨਾਲ ਕੋਰੋਨਾ ਵਾਇਰਸ ਨਹੀਂ ਹੁੰਦਾ।

ਸਰਕਾਰ ਨੂੰ ਲੋਕਾਂ ਦੇ ਮਨ 'ਚੋਂ ਡਰ ਕੱਢਣ ਲਈ ਲਾਉਣੇ ਚਾਹੀਦੇ ਹਨ ਸੈਮੀਨਾਰ
ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਕੁਮਾਰ ਸ਼ਹਿਣਾ ਨੇ ਕਿਹਾ ਕਿ ਇਸ ਸਮੇਂ ਕੋਰੋਨਾ ਵਾਇਰਸ ਨੂੰ ਲੈ ਕੇ ਭਾਰੀ ਡਰ ਪਾਇਆ ਜਾ ਰਿਹਾ ਹੈ। ਇਸ ਵਾਇਰਸ ਦਾ ਡਰ ਲੋਕਾਂ ਦੇ ਮਨ 'ਚ ਇੰਨਾ ਪੈਦਾ ਹੋ ਗਿਆ ਹੈ ਕਿ ਆਮ ਲੋਕਾਂ ਨੂੰ ਇਸ ਬੀਮਾਰੀ ਦੀ ਚਿੰਤਾ ਹੀ ਸਤਾਈ ਜਾ ਰਹੀ ਹੈ। ਸਰਕਾਰ ਨੂੰ ਲੋਕਾਂ ਦੇ ਮਨਾਂ 'ਚੋਂ ਡਰ ਕੱਢਣ ਲਈ ਮੁਹੱਲੇ-ਮੁਹੱਲੇ 'ਚ ਜਾ ਕੇ ਸੈਮੀਨਾਰ ਲਾਉਣੇ ਚਾਹੀਦੇ ਹਨ ਅਤੇ ਲੋਕਾਂ ਦੇ ਮਨਾਂ 'ਚੋਂ ਡਰ ਕੱਢਣਾ ਚਾਹੀਦਾ ਹੈ। ਲੋਕਾਂ ਨੂੰ ਇਸ ਵਾਇਰਸ ਪ੍ਰਤੀ ਸੁਚੇਤ ਕਰਨਾ ਚਾਹੀਦਾ ਹੈ।


Shyna

Content Editor

Related News