ਪੰਜਾਬ ਦੇ ਇਸ ਜ਼ਿਲੇ ''ਚ ''ਕੋਰੋਨਾ'' ਦਾ ਸਭ ਤੋਂ ਵੱਧ ਕਹਿਰ, 7 ਨਵੇਂ ਕੇਸ, 26 ''ਤੇ ਪੁੱਜਾ ਅੰਕੜਾ
Tuesday, Apr 07, 2020 - 10:32 AM (IST)
ਮੋਹਾਲੀ (ਪਰਦੀਪ) : ਪੂਰੀ ਦੁਨੀਆ ਨੂੰ ਆਪਣੇ ਲਪੇਟੇ 'ਚ ਲੈਣ ਵਾਲੇ ਜਾਨਲੇਵਾ ਕੋਰੋਨਾ ਵਾਇਰਸ ਨੇ ਪੰਜਾਬ 'ਚ ਵੀ ਹਾਹਾਕਾਰ ਮਚਾਈ ਹੋਈ ਹੈ। ਪੰਜਾਬ ਦੇ ਮੋਹਾਲੀ ਜ਼ਿਲੇ 'ਚ ਕੋਰੋਨਾ ਵਾਇਰਸ ਨੇ ਹੁਣ ਤੱਕ ਸਭ ਤੋਂ ਜ਼ਿਆਦਾ ਕਹਿਰ ਕੀਤਾ ਹੈ, ਜਿੱਥੇ ਮੰਗਲਵਾਰ ਨੂੰ ਜਵਾਹਰਪੁਰ 'ਚ 7 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਸ ਤਰ੍ਹਾਂ ਮੋਹਾਲੀ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 26 ਹੋ ਗਈ ਹੈ ਅਤੇ ਇਸ ਦੇ ਨਾਲ ਹੀ ਮੋਹਾਲੀ ਜ਼ਿਲਾ ਪੰਜਾਬ ਦਾ ਸਭ ਤੋਂ ਵੱਧ ਕੋਰੋਨਾ ਪੀੜਤ ਮਰੀਜ਼ਾਂ ਵਾਲਾ ਜ਼ਿਲਾ ਬਣ ਗਿਆ ਹੈ। ਬੀਤੇ ਦਿਨ ਡੇਰਾਬੱਸੀ ਨਜ਼ਦੀਕ ਪਿੰਡ ਜਵਾਹਰਪੁਰ ਦੇ ਇਕ ਪੰਚ ਦੇ ਸੈਂਪਲ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਦੇ ਸੈਂਪਲ ਪੀ. ਜੀ. ਆਈ. ਭੇਜੇ ਗਏ ਸਨ, ਜਿਸ ਦੌਰਾਨ ਉਸ ਦੀ ਪਤਨੀ, 38 ਸਾਲਾ ਭਰਾ ਅਤੇ 67 ਸਾਲਾਂ ਦੇ ਬਜ਼ੁਰਗ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਸੀ, ਜਿਸ ਨਾਲ ਜ਼ਿਲੇ 'ਚ ਚਾਰੇ ਪਾਜ਼ੇਟਿਵ ਕੇਸਾਂ ਨੂੰ ਮਿਲਾ ਕੇ ਕੁੱਲ ਗਿਣਤੀ 19 ਤੱਕ ਪੁੱਜ ਗਈ ਸੀ ਪਰ ਅੱਜ ਸਵੇਰੇ ਜਵਾਹਰਪੁਰ 'ਚ 7 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਇਹ ਗਿਣਤੀ 26 ਹੋ ਗਈ ਹੈ।
ਇਹ ਵੀ ਪੜ੍ਹੋ : ਮੋਹਾਲੀ 'ਚ ਕੋਰੋਨਾ ਦਾ ਕਹਿਰ ਜਾਰੀ : ਇਕੋ ਪਰਿਵਾਰ ਦੇ 3 ਮੈਂਬਰ ਪਾਜ਼ੇਟਿਵ, 19 ਪੁੱਜਾ ਅੰਕੜਾ
ਮੋਹਾਲੀ ਦੇ 5 ਮਰੀਜ਼ ਹੋ ਚੁੱਕੇ ਨੇ ਡਿਸਚਾਰਜ
ਦੱਸ ਦੇਈਏ ਕਿ ਮੋਹਾਲੀ ਜ਼ਿਲੇ ਦੇ 5 ਮਰੀਜ਼ ਹੁਣ ਤੱਕ ਠੀਕ ਹੋ ਕੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ, ਜਿਨ੍ਹਾਂ 'ਚ ਸੈਕਟਰ-69 ਦਾ ਅਮਨਦੀਪ ਸਿੰਘ, ਫੇਜ਼-3ਏ ਦੀ ਗੁਰਦੇਵ ਕੌਰ, ਫੇਜ਼-5 ਦੀ ਰੇਸ਼ਮ ਕੌਰ, ਮੋਹਾਲੀ ਦੀ ਰੰਜਨਾ ਅਤੇ ਇਕ ਹੋਰ ਔਰਤ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਜ਼ਿੰਦਗੀ ਦੀ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਇਹ ਲੋਕ ਵਾਪਸ ਪਰਤ ਆਏ ਹਨ, ਜਿਸ ਤੋਂ ਬਾਅਦ ਜ਼ਿਲੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ 21 ਰਹਿ ਗਈ ਹੈ।
ਇਹ ਵੀ ਪੜ੍ਹੋ : ਕੋਰੋਨਾ ਦਾ ਮਰੀਜ਼ ਗੁਆਂਢ 'ਚ ਜਾਂ ਆਸਪਾਸ ਮਿਲੇ ਤਾਂ ਕੀ ਕਰੀਏ?
ਭਾਰਤ 'ਚ 4281 ਹੋਈ ਪੀੜਤਾਂ ਦੀ ਗਿਣਤੀ, 111 ਮੌਤਾਂ
ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 693 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 4281 ਹੋ ਗਈ ਹੈ। ਸਿਹਤ ਮੰਤਰਾਲੇ ਨੇ ਸੋਮਵਾਰ ਰਾਤ ਇਹ ਜਾਣਕਾਰੀ ਦਿੱਤੀ। ਸਿਹਤ ਮੰਤਰਾਲੇ ਦੇ ਬੁਲਾਰੇ ਨੇ ਸੋਮਵਾਰ ਨੂੰ ਦੱਸਿਆ ਕਿ ਐਤਵਾਰ ਤੋਂ ਸੋਮਵਾਰ ਸ਼ਾਮ ਤੱਕ ਦੇਸ਼ 'ਚ ਕੋਰੋਨਾ ਦੇ 693 ਤੋਂ ਜ਼ਿਆਦਾ ਮਾਮਲੇ ਆਏ ਹਨ ਅਤੇ ਹੁਣ ਤੱਕ ਕੋਰੋਨਾ ਨਾਲ 111 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਇਕ ਪਰਵਾਸੀ ਸਮੇਤ 319 ਲੋਕਾਂ ਦੇ ਸਿਹਤਮੰਦ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਮਾਨਸਾ 'ਚ 2 ਹੋਰ ਔਰਤਾਂ ਕੋਰੋਨਾ ਪਾਜ਼ੇਟਿਵ, ਜ਼ਿਲੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ 5