...ਤੇ ਕਿਧਰੇ ਸਵਾਦ-ਸਵਾਦ ''ਚ ਕੋਰੋਨਾ ਮੁਫਤ ਨਾ ਮਿਲ ਜਾਵੇ!

Monday, Jun 15, 2020 - 12:25 PM (IST)

...ਤੇ ਕਿਧਰੇ ਸਵਾਦ-ਸਵਾਦ ''ਚ ਕੋਰੋਨਾ ਮੁਫਤ ਨਾ ਮਿਲ ਜਾਵੇ!

ਲੁਧਿਆਣਾ (ਮੁੱਲਾਂਪੁਰੀ) : ਕੋਰੋਨਾ ਮਹਾਮਾਰੀ ਦਾ ਕਹਿਰ ਹੁਣ ਆਪਣੇ ਰੰਗ ਦਿਖਾਉਣ ਲੱਗ ਪਿਆ ਹੈ। ਲੋਕ ਜਿਸ ਤਰੀਕੇ ਨਾਲ ਖੁੱਲ੍ਹਮ-ਖੁੱਲ੍ਹਾ ਖਾ-ਪੀ ਰਹੇ ਹਨ, ਉਨ੍ਹਾਂ ਨੂੰ ਹੁਣ ਸੁਚੇਤ ਹੋ ਜਾਣਾ ਚਾਹੀਦਾ ਹੈ ਕਿ ਪਲੇਟ ’ਚ ਛਕ ਰਹੇ ਚਟਪਟੇ ਪਕਵਾਨ ਨਾਲ ਕਿਧਰੇ ਕੋਰੋਨਾ ਨਾ ਮੁਫਤ 'ਚ ਮਿਲ ਜਾਵੇ ਕਿਉਂਕਿ ਜਿਸ ਤਰੀਕੇ ਦੀਆਂ ਖ਼ਬਰਾਂ ਅਤੇ ਰਿਪੋਰਟਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ, ਉਸ ਤੋਂ ਲਗਦਾ ਹੈ ਕਿ ਕੋਰੋਨਾ ਹੁਣ ਨਿਕਲ ਕੇ ਸੜਕਾਂ ’ਤੇ ਆ ਗਿਆ ਹੈ।

ਹੋਰ ਨਾ ਕਿਧਰੇ ਇਹ ਬੀਮਾਰੀ ਐਸਾ ਘੇਰਾ ਪਾ ਲਵੇ ਕਿ ਅਸੀਂ ਅਤੇ ਸਾਡੇ ਪਰਿਵਾਰ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਜਾਈਏ। ਭਾਵੇ ਮਹਾਨਗਰ ’ਚ ਖਾਣ-ਪੀਣ ਦਾ ਸਾਮਾਨ ਵੇਚਣ ਵਾਲੇ ਕਾਰੋਬਾਰੀਆਂ ਨੇ ਬਿਠਾ ਕੇ ਖਾਣ ਤੋਂ ਤੌਬਾ ਕੀਤੀ ਹੈ ਅਤੇ ਸਿਰਫ ਪੈਕਿੰਗ ਹੀ ਦੇ ਰਹੇ ਹਨ ਪਰ ਫਿਰ ਵੀ ਰੇਹੜੀਆਂ ਵਾਲੇ ਸੱਜਣ ਢਲਦੀ ਸ਼ਾਮ ਨੂੰ ਗਲੀਆਂ-ਬਾਜ਼ਾਰਾਂ 'ਚ ਨਿਕਲਦੇ ਹਨ। ਸਾਨੂੰ ਉਨ੍ਹਾਂ ਕੋਲੋਂ ਖਾਣ-ਪੀਣ ਤੋਂ ਪਹਿਲਾਂ ਉਨ੍ਹਾਂ ਦਾ ਆਲਾ-ਦੁਆਲਾ ਸਾਫ ਸਫਾਈ ਦੇਖ ਕੇ ਬਹੁਤ ਬਰੀਕੀ ਨਾਲ ਹੀ ਖਾਣਾ-ਪੀਣਾ ਚਾਹੀਦਾ ਹੈ। ਬਾਕੀ  ਐਤਵਾਰ ਨੂੰ ਲੁਧਿਆਣਾ ਪੂਰੀ ਤਰ੍ਹਾਂ ਬੰਦ ਹੋਣ ’ਤੇ ਇਕ ਸੱਜਣ ਨੇ ਟਿੱਪਣੀ ਕਰਦਿਆਂ ਕਿਹਾ ਕਿ ਸਾਨੂੰ ਹੁਣ ਸ਼ਨੀਵਾਰ, ਐਤਵਾਰ ਨਹੀਂ ਦੇਖਣੇ ਚਾਹੀਦੇ। ਜੇਕਰ ਦੇਖਣਾ ਹੈ ਤਾਂ ਆਪਣੇ ਤੰਦਰੁਸਤ ਬੱਚਿਆਂ ਨੂੰ ਅਤੇ ਪਰਿਵਾਰ ਨੂੰ ਦੇਖੋ, ਭਾਵ ਸਾਵਧਾਨੀਆਂ ਵਰਤਦੇ ਹੋਏ ਉਨ੍ਹਾਂ ਨੂੰ ਬਚਾ ਕੇ ਰੱਖੋ । ਕਿਧਰੇ ਕੋਰੋਨਾ ਡਾਕਾ ਨਾ ਮਾਰ ਜਾਵੇ।


author

Babita

Content Editor

Related News