ਸਬਜ਼ੀ ਮੰਡੀ ਫਿਰੋਜ਼ਪੁਰ ਹਫਤੇ ''ਚ 4 ਦਿਨ ਖੋਲ੍ਹਣ ਦੇ ਹੁਕਮ
Sunday, May 03, 2020 - 07:49 PM (IST)

ਫਿਰੋਜ਼ਪੁਰ (ਭੁੱਲਰ, ਖੁੱਲਰ) : ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਸਬਜ਼ੀ ਮੰਡੀ ਫਿਰੋਜ਼ਪੁਰ ਦੇ ਦਿਨਾਂ 'ਚ ਫੇਰਬਦਲ ਕੀਤਾ ਗਿਆ ਹੈ। ਜਿਸ ਮੁਤਾਬਿਕ ਹਫਤੇ 'ਚ 4 ਦਿਨ ਸਬਜ਼ੀ ਮੰਡੀ ਰੋਟੇਸ਼ਨ ਵਾਈਜ਼ ਖੋਲ੍ਹਣ ਲਈ ਹੁਕਮ ਜਾਰੀ ਕੀਤੇ ਗਏ ਹਨ।ਡਿਪਟੀ ਕਮਿਸ਼ਨਰ ਫਿਰੋਜ਼ਪੁਰ ਕੁਲਵੰਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਜ਼ਿਲੇ ਦੇ ਲੋਕਾਂ ਨੂੰ ਫਲ ਅਤੇ ਸਬਜ਼ੀਆਂ ਦੀ ਸਪਲਾਈ ਨਿਰਵਿਘਨ ਦੇਣ ਲਈ ਵਿਸ਼ੇਸ਼ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਵਿਚ ਰੋਜ਼ਾਨਾ ਵੱਡੀ ਭੀੜ ਇਕੱਠੀ ਹੋ ਜਾਂਦੀ ਸੀ, ਜਿਸਨੂੰ ਲੈ ਕੇ ਸਬਜ਼ੀ ਮੰਡੀ ਖੋਲਣ ਦੇ ਦਿਨਾਂ 'ਚ ਬਦਲਾਅ ਕੀਤਾ ਗਿਆ ਹੈ ਅਤੇ ਸਬਜ਼ੀ ਮੰਡੀ ਨਾਲ ਸਬੰਧਤ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ।
ਫਿਰੋਜ਼ਪੁਰ ਸ਼ਹਿਰ ਦੀ ਸਬਜ਼ੀ ਮੰਡੀ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਰੋਟੇਸ਼ਨ ਵਾਈਜ਼ ਖੋਲਣ ਦੇ ਹੁਕਮ ਜਾਰੀ ਕੀਤੇ ਗਏ ਹਨ। ਡੀ.ਸੀ. ਫਿਰੋਜ਼ਪੁਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਮੰਗਲਵਾਰ, ਵੀਰਵਾਰ ਅਤੇ ਐਤਵਾਰ ਨੂੰ ਸਬਜ਼ੀ ਮੰਡੀ ਬੰਦ ਰਹੇਗੀ। ਸਬਜ਼ੀ ਮੰਡੀ ਫਿਰੋਜ਼ਪੁਰ ਸ਼ਹਿਰ ਵਿਖੇ ਖਰੀਦਦਾਰਾਂ, ਕਿਸਾਨਾਂ ਅਤੇ ਵਪਾਰੀਆਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਮੂੰਹ 'ਤੇ ਮਾਸਕ, ਹੱਥ 'ਤੇ ਦਸਤਾਨੇ ਪਾਏ ਹੋਣ, ਹਰ ਵਿਅਕਤੀ ਆਪਸ ਵਿਚ 2 ਮੀਟਰ ਦੀ ਦੂਰੀ ਬਣਾ ਕੇ ਰੱਖੇਗਾ ਅਤੇ ਸੈਨੀਟਾਈਜ਼ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਭਿਆਨਕ ਰੂਪ ਧਾਰਨ ਕਰ ਰਿਹਾ ਹੈ, ਇਸ ਤੋਂ ਬਚਣ ਲਈ ਸਮੂਹ ਜ਼ਿਲਾ ਨਿਵਾਸੀ ਆਪਣੇ ਆਪਣੇ ਘਰਾਂ 'ਚ ਰਹਿਣ ਅਤੇ ਜ਼ਰੂਰੀ ਕੰਮ ਅਨੁਸਾਰ ਹੀ ਬਾਹਰ ਨਿੱਕਲਣ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਦੀ ਪਾਲਣਾ ਜ਼ਰੂਰ ਕਰਨ।