ਚੰਗੀ ਖਬਰ, ਤਰਨਤਾਰਨ ਜ਼ਿਲਾ ਵੀ ਹੋਇਆ ਕੋਰੋਨਾ ਮੁਕਤ
Sunday, May 17, 2020 - 08:17 PM (IST)
ਤਰਨਤਾਰਨ (ਰਮਨ) : ਜ਼ਿਲਾ ਤਰਨਤਾਰਨ ਅੱਜ 100 ਫੀਸਦੀ ਕੋਰੋਨਾ ਮੁਕਤ ਹੋ ਗਿਆ ਹੈ। ਤਰਨਤਾਰਨ ਦੇ ਗੁਰੂ ਨਾਨਕ ਦੇਵ ਮਲਟੀ ਸਪੈਸ਼ਲਿਟੀ ਹਸਪਤਾਲ ਵਿਚ ਜੇਰੇ ਇਲਾਜ 19 ਕੋਰੋਨਾ ਪੀੜਤਾਂ ਨੂੰ ਅੱਜ ਕੋਰੋਨਾ ਮੁਕਤ ਕਰਦੇ ਹੋਏ ਪ੍ਰਸ਼ਾਸਨ ਵੱਲੋਂ ਘਰਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ। ਜੋ ਆਪਣੇ ਘਰਾਂ ਅੰਦਰ ਸੱਤ ਦਿਨਾਂ ਲਈ ਏਕਾਂਤਵਾਸ ਰਹਿਣਗੇ। ਇਸ ਮੌਕੇ ਕੋਰੋਨਾ ਮੁਕਤ 19 ਵਿਅਕਤੀਆਂ ਨੂੰ ਘਰ ਰਵਾਨਾ ਕਰਨ ਲਈ ਡਿਪਟੀ ਕਮਿਸ਼ਨਰ ਪ੍ਰਦੀਪ ਸੱਭਰਵਾਲ ਅਤੇ ਸਿਹਤ ਭਾਗ ਦੇ ਅਮਲੇ ਨੇ ਸ਼ੁਭ ਇਛਾਵਾਂ ਦਿੱਤੀਆਂ। ਇੱਥੇ ਇਹ ਦੱਸਣਯੋਗ ਹੈ ਕਿ ਜ਼ਿਲਾ ਤਰਨਤਾਰਨ ਅੰਦਰ ਹੁਣ ਤੱਕ ਕੁੱਲ 162 ਕੋਰੋਨਾ ਪੀੜਤ ਮਰੀਜ਼ ਪਾਜ਼ੇਟਿਵ ਆਏ ਸਨ ਜੋ ਅੱਜ ਸਾਰੇ ਕੋਰੋਨਾ ਮੁਕਤ ਹੋ ਆਪਣੇ ਘਰਾਂ ਅੰਦਰ ਏਕਾਂਤਵਾਸ ਹੋ ਚੁੱਕੇ ਹਨ।
ਇਹ ਵੀ ਪੜ੍ਹੋ : ਬੰਗਾ ਦੇ ਤਿੰਨ ਪਿੰਡਾਂ 'ਚ ਪੰਜ ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਆਏ ਸਾਹਮਣੇ
ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਪੰਜਾਬ ਵਿਚ ਸਰਕਾਰ ਅਤੇ ਸਿਹਤ ਵਿਭਾਗ ਦੀ ਸ਼ਲਾਘਾਯੋਗ ਕਾਰਗੁਜ਼ਾਰੀ ਸਦਕਾ ਵੱਡੀ ਗਿਣਤੀ ਮਰੀਜ਼ ਰੋਜ਼ਾਨਾ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਰਹੇ ਹਨ। ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਵਾਇਰਸ ਤੋਂ ਪੀੜਤ ਵਿਅਕਤੀਆਂ ਦੇ ਮਾਮਲੇ ਵਿਚ ਵੱਡੀ ਰਾਹਤ ਮਿਲੀ ਹੈ। ਜਿੱਥੇ ਨਵੇਂ ਕੇਸਾਂ ਦੀ ਆਮਦ ਘਟੀ ਹੈ, ਉੱਥੇ ਹੀ ਪਾਜ਼ੇਟਿਵ ਮਰੀਜ਼ ਵੀ ਠੀਕ ਹੋਣੇ ਸ਼ੁਰੂ ਹੋ ਗਏ ਹਨ। ਸਿਹਤ ਵਿਭਾਗ ਮੁਤਾਬਕ ਪਿਛਲੇ ਦੋ ਦਿਨਾਂ ਦੌਰਾਨ 900 ਤੋਂ ਵੱਧ ਵਿਅਕਤੀਆਂ ਨੂੰ ਘਰ ਭੇਜ ਦਿੱਤਾ ਗਿਆ ਹੈ। ਫਿਲਹਾਲ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਰਹੇ ਵਿਅਕਤੀਆਂ ਨੂੰ ਅਗਲੇ 10 ਦਿਨਾਂ ਲਈ ਘਰਾਂ ਵਿਚ ਹੀ ਰਹਿਣ (ਕੁਆਰੰਟਾਈਨ) ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਮਾਸਕ ਅਤੇ ਹੈਂਡ ਸੈਨੇਟਾਈਜ਼ਰ ਤੋਂ ਇਲਾਵਾ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਲਈ ਵੀ ਹਿਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਫਰੀਦਕੋਟ ''ਚ ਕੋਰੋਨਾ ਵਾਇਰਸ ਦੇ 4 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ