ਪੰਜਾਬ ਦੇ ਪੇਂਡੂ ਇਲਾਕਿਆਂ ''ਚ ਜ਼ਿਆਦਾ ਕਹਿਰ ਢਾਹ ਰਿਹਾ ਕੋਰੋਨਾ, ਜਾਣੋ ਪੂਰੀ ਰਿਪੋਰਟ
Wednesday, Apr 08, 2020 - 06:33 PM (IST)
ਚੰਡੀਗੜ੍ਹ : ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਜਿੱਥੇ ਪੂਰੀ ਦੁਨੀਆ ਵਿਚ ਤਬਾਹੀ ਮਚਾ ਰਿਹਾ ਹੈ, ਉਥੇ ਹੀ ਭਾਰਤ ਦੇ ਲਗਭਗ 27 ਸੂਬੇ ਪੂਰੀ ਤਰ੍ਹਾਂ ਕੋਰੋਨਾ ਵਾਇਰਸ ਲਈ ਜਕੜ ਵਿਚ ਹਨ। ਇਸ ਦੇ ਉਲਟ ਪੰਜਾਬ ਦਾ ਜ਼ਿਆਦਾ ਪੇਂਡੂ ਇਲਾਕਾ ਕੋਰੋਨਾ ਵਾਇਰਸ ਦੇ ਪ੍ਰਭਾਵ ਹੇਠ ਹੈ। ਮੰਗਲਵਾਰ ਤਕ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 99 ਦਾ ਅੰਕੜਾ ਪਾਰ ਕਰ ਗਈ। ਇਸ ਵਿਚ 49 ਮਾਮਲੇ ਪੇਂਡੂ ਖੇਤਰ ਜਦਕਿ 39 ਸ਼ਹਿਰੀ ਇਲਾਕੇ ਨਾਲ ਸੰਬੰਧਤ ਹਨ। ਇਸ ਤੋਂ ਇਲਾਵਾ 11 ਮਰੀਜ਼ ਮੁਸਲਿਮ ਭਾਈਚਾਰੇ ਨਾਲ ਸੰਬੰਧਤ ਹਨ ਅਤੇ ਇਹ ਬਾਹਰੀ ਸੂਬਿਆਂ ਦੇ ਹਨ। ਇਨ੍ਹਾਂ ਵਿਚ ਮਾਨਸਾ ਦੇ 5 ਮਾਮਲੇ, ਮੋਗਾ ਦੇ 4, ਫਤਿਹਗੜ੍ਹ ਸਾਹਿਬ ਦੇ 2 ਕੇਸ ਪਾਜ਼ੇਟਿਵ ਪਾਏ ਗਏ ਹਨ। ਇਸ ਵਿਚ ਮੋਗਾ ਦੇ ਚਾਰ ਲੋਕਾਂ ਨੂੰ ਛੱਡ ਕੇ ਬਾਕੇ ਸਾਰੇ ਦਿੱਲੀ ਵਿਚ ਹੋਈ ਤਬਲੀਗੀ ਜਮਾਤ ਵਿਚ ਸ਼ਿਰਕਤ ਕਰਕੇ ਪਰਤੇ ਹਨ। ਹਾਲਾਂਕਿ ਮੋਗਾ ਕੋਰੋਨਾ ਪਾਜ਼ੇਟਿਵ ਪਾਏ ਗਏ ਇਹ ਲੋਕ ਮਹਾਰਾਸ਼ਟਰ ਦੇ ਅੰਧੇਰੀ, ਮਾਨਸਾ ਦੇ ਪਾਜ਼ੇਟਿਵ ਪਾਏ ਗਏ ਲੋਕ ਛੱਤੀਸਗੜ੍ਹ ਦੇ ਹਨ। ਜਦਕਿ ਫਤਿਹਗੜ੍ਹ ਸਾਹਿਬ ਵਿਚ ਕੋਰੋਨਾ ਪਾਜ਼ੇਟਿਵ ਪਾਈਆਂ ਦੋ ਔਰਤਾਂ ਮਹਾਰਾਸ਼ਟਰਾ ਦੇ ਔਰੰਗਾਬਾਦ ਨਾਲ ਸੰਬੰਧਤ ਹਨ।
ਇਹ ਵੀ ਪੜ੍ਹੋ : ਤਬਲੀਗੀ ਜਮਾਤ ਦੇ ਗਾਇਬ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ 24 ਘੰਟਿਆਂ ਦਾ ਅਲਟੀਮੇਟਮ
ਇਸ ਤੋਂ ਇਲਾਵਾ ਪੇਂਡੂ ਬੈਲਟ ਦੇ 49 ਪਾਜ਼ੇਟਿਵ ਕੇਸਾਂ ਵਿਚ 32 ਦੋਆਬਾ ਦੇ ਸ਼ਹੀਦ ਭਗਤ ਸਿੰਘ, ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਨਾਲ ਸੰਬੰਧਤ ਹਨ। ਇਥੇ ਦੱਸਣਯੋਗ ਗੱਲ ਇਹ ਹੈ ਕਿ ਇਨ੍ਹਾਂ ਵਿਚ 28 ਪਾਜ਼ੇਟਿਵ ਪਾਏ ਗਏ ਲੋਕ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਦੇ ਮ੍ਰਿਤਕ ਬਲਦੇਵ ਸਿੰਘ ਅਤੇ ਉਸ ਦੇ ਦੋਸਤ ਹੁਸ਼ਿਆਰਪੁਰ ਦੇ ਗੁਰਬਚਨ ਸਿੰਘ ਅਤੇ ਦਲਜਿੰਦਰ ਸਿੰਘ ਜੋ ਜਰਮਨੀ ਤੋਂ ਵਾਇਆਂ ਇਟਲੀ ਹੁੰਦੇ ਹੋਏ ਪੰਜਾਬ ਪਰਤੇ ਸਨ ਦੇ ਸੰਪਰਕ ਵਿਚ ਆਏ ਸਨ। ਇਸ ਤੋਂ ਇਲਾਵਾ ਮੋਹਾਲੀ ਦੇ 26 ਪਾਜ਼ੇਟਿਵ ਮਾਮਲਿਆਂ ਵਿਚ ਜ਼ਿਆਦਾਤਰ ਪੇਂਡੂ ਇਲਾਕੇ ਨਾਲ ਸਬੰਧਤ ਹਨ। ਇਨ੍ਹਾਂ ਵਿਚ 11 ਮਾਮਲੇ ਜਵਾਹਰਪੁਰ ਪਿੰਡ ਦੇ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਅੱਜ ਗਜ਼ਟਿਡ ਛੁੱਟੀ ਦਾ ਐਲਾਨ
ਕੀ ਕਹਿਣਾ ਹੈ ਸੂਬਾ ਨੋਡਲ ਅਫਸਰ
ਸੂਬਾ ਨੋਡਲ ਅਫਸਰ ਡਾ. ਗਗਨਦੀਪ ਸਿੰਘ ਗਰੋਵਰ ਦਾ ਕਹਿਣਾ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਪਾਜ਼ੇਟਿਵ ਕੇਸਾਂ ਦਾ ਰੁਝਾਨ ਦੇਖਣਾ ਅਜੇ ਜਲਦਬਾਜ਼ੀ ਹੋਵੇਗੀ ਕਿਉਂਕਿ ਸੂਬੇ ਵਿਚ ਕੋਰੋਨਾ ਕੇਸਾਂ ਦੀ ਅਜੇ ਜ਼ਿਆਦਾ ਗਿਣਤੀ ਨਹੀਂ ਹੈ। ਹਾਲਾਂਕਿ ਇਨ੍ਹਾਂ ਕੇਸਾਂ ਵਿਚ ਜ਼ਿਆਦਾਤਰ ਲੋਕ ਨਵਾਂਸ਼ਹਿਰ ਦੇ ਪਹਿਲੇ ਕੋਰੋਨਾ ਮ੍ਰਿਤਕ ਬਲਦੇਵ ਸਿੰਘ ਦੇ ਸੰਪਰਕ ਵਿਚ ਆਏ ਸਨ। ਡਾ. ਗਰੋਵਰ ਦਾ ਕਹਿਣਾ ਹੈ ਕਿ ਸ਼ਹਿਰੀ ਖੇਤਰਾਂ ਵਿਚ ਇਹ ਵਾਇਰਸ ਹੌਲੀ-ਹੌਲੀ ਪੈਰ ਪਸਾਰ ਰਿਹਾ ਹੈ।
ਇਹ ਵੀ ਪੜ੍ਹੋ : ਕਰਫਿਊ ਦੌਰਾਨ ਪੰਜਾਬ ਪੁਲਸ ਨੇ ਅਪਨਾਇਆ ਅਨੋਖਾ ਤਰੀਕਾ, ਇੰਝ ਲੋਕਾਂ ਨੂੰ ਕਰ ਰਹੀ ਜਾਗਰੂਕ
ਭਾਰਤ ਅਤੇ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮੌਜੂਦਾ ਹਾਲਾਤ
ਦੁਨੀਆ ਭਰ ਵਿਚ ਕੋਰੋਨਾ ਕਾਰਨ ਹੁਣ ਤਕ 81,502 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਜਦਕਿ 14,18,730 ਲੋਕ ਇਸ ਵਾਇਰਸ ਨਾਲ ਪੀੜਤ ਹਨ। ਇਸ ਤੋਂ ਇਲਾਵਾ ਭਾਰਤ ਵਿਚ ਕੋਰੋਨਾ ਵਾਇਰਸ ਨਾਲ ਲਗਭਗ 27 ਸੂਬੇ ਪ੍ਰਭਾਵਤ ਹਨ, ਜਦਕਿ ਭਾਰਤ ਵਿਚ 4421 ਕੇਸ ਪਾਜ਼ੇਟਿਵ ਪਾਏ ਗਏ ਹਨ ਅਤੇ 118 ਤੋਂ ਵੱਧ ਲੋਕ ਕੋਵਿਡ-19 ਨਾਲ ਆਪਣੀ ਜਾਨ ਗੁਆ ਚੁੱਕੇ ਹਨ। ਪੰਜਾਬ ਵਿਚ ਹੁਣ ਤਕ ਇਸ ਵਾਇਰਸ ਨਾਲ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 101 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ। ਹੁਣ ਤਕ ਦੇ ਅੰਕੜਿਆਂ ਮੁਤਾਬਕ ਮੋਹਾਲੀ 'ਚ ਸਭ ਤੋਂ ਵੱਧ ਕੋਰੋਨਾ ਦੇ 26 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਨਵਾਂਸ਼ਹਿਰ ਦੇ 19, ਹੁਸ਼ਿਆਰਪੁਰ ਦੇ 07, ਜਲੰਧਰ ਦੇ 07, ਲੁਧਿਆਣਾ 06, ਅੰਮ੍ਰਿਤਸਰ 'ਚ 10, ਪਟਿਆਲਾ, ਬਰਨਾਲਾ, ਕਪੂਰਥਲਾ ਦਾ 1-1, ਫਰੀਦਕੋਟ 2, ਮੋਗਾ 4, ਕੇਸ ਸਾਹਮਣੇ ਆ ਚੁੱਕੇ ਹਨ। ਜਦਕਿ ਰੋਪੜ 'ਚ ਕੋਰੋਨਾ ਦੇ 03, ਮਾਨਸਾ 'ਚ 05, ਪਠਾਨਕੋਟ 'ਚ 7, ਫਤਿਹਗੜ ਸਾਹਿਬ ਦੇ 02 ਕੇਸ ਸਾਹਮਣੇ ਆ ਚੁੱਕੇ ਹਨ।
ਇਹ ਵੀ ਪੜ੍ਹੋ : 'ਰਜਾਈ 'ਚ ਸੌਂ ਰਿਹਾ ਜਰਨੈਲ ਬਿਨਾਂ ਹੱਥਿਆਰਾਂ ਦੇ ਜੰਗ ਜਿੱਤਣ ਲਈ ਕਹਿ ਰਿਹਾ ਫੌਜ ਨੂੰ'