ਕੋਰੋਨਾ ਵਾਇਰਸ : ਸ਼ਰਧਾਲੂਆਂ ਨੂੰ ਕਲੰਕਿਤ ਨਾਂ ਕਰੋ

Monday, May 11, 2020 - 06:08 PM (IST)

ਪੰਜਾਬ ਵਿਚ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਿਸ ਆਏ ਸ਼ਰਧਾਲੂਆਂ ਵਿਚ ਕੋਰੋਨਾ ਪਾਏ ਜਾਣ ’ਤੇ ਉਨ੍ਹਾਂ ਨੂੰ ਕਲੰਕਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਜੋ ਕਿ ਬਹੁਤ ਹੀ ਮੰਦਭਾਗੀ ਹੈ। 6 ਹਫ਼ਤਿਆਂ ਤੋਂ ਵੱਧ ਸਮੇਂ ਤਕ ਘਰ ਤੋਂ ਦੂਰ ਰਹਿਣ ਦੀ ਸਜ਼ਾ ਕੀ ਘੱਟ ਸੀ, ਜੋ ਇਹ ਸੰਤਾਪ ਹੁਣ ਉਨ੍ਹਾਂ ਨੂੰ ਆਪਣੇ ਘਰ ਵਾਪਸੀ ’ਤੇ ਝੇਲਣਾ ਪਿਆ। ਚੰਗਾ ਹੁੰਦਾ ਜੇ ਉਨ੍ਹਾਂ ਦੀ ਘਰ ਵਾਪਸੀ ਦੀ ਯੋਜਨਾ ਸਹੀ ਤਰੀਕੇ ਨਾਲ਼ ਬਣਾਈ ਗਈ ਹੁੰਦੀ।

ਦੇਖਣ ਵਾਲੀ ਗੱਲ ਇਹ ਹੈ ਕਿ ਅਜਿਹਾ ਕਿਉਂ ਹੋਇਆ। ਸ਼ਰਧਾਲੂਆਂ ਦੀ ਗਿਣਤੀ ਬਾਰੇ ਸਹੀ ਜਾਣਕਾਰੀ ਕਿਉਂ ਨਹੀਂ ਸੀ। ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਸਾਨੂੰ ਗਿਣਤੀ ਤਿੰਨ ਹਜ਼ਾਰ ਦੱਸੀ ਗਈ ਸੀ, ਜੋ ਬਾਅਦ ਵਿਚ ਵੱਧ ਕੇ 4100 ਹੋ ਗਈ। ਪੰਜਾਬ ਵਲੋਂ ਭੇਜੀਆਂ ਬਸਾਂ ਪਹੁੰਚਣ ਤੋਂ ਪਹਿਲਾਂ ਹੀ ਲੋਕਾਂ ਨੇ ਆਪਣੀਆਂ ਪ੍ਰਾਈਵੇਟ ਗੱਡੀਆਂ ਰਾਹੀਂ ਚਾਲੇ ਪਾ ਦਿੱਤੇ ਸਨ। ਕੀ ਨਾਂਦੇੜ ਪ੍ਰਸ਼ਾਸਨ ਇਸ ਨੂੰ ਦੇਖ ਨਹੀਂ ਰਿਹਾ ਸੀ ? ਸ਼ਰਧਾਲੂਆਂ ਦੇ ਨਾਲ ਹੋਰ ਯਾਤਰੂਆਂ ਦੇ ਸਵਾਰ ਹੋਣ ਦਾ ਪ੍ਰਸ਼ਨ ਵੀ ਉਛਾਲਿਆ ਜਾ ਰਿਹਾ ਹੈ। ਪੰਜਾਬ ਦੇ ਸਿਹਤ ਮੰਤਰੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਸ਼ਰਧਾਲੂਆਂ ਦਾ 3 ਵਾਰ ਚੈੱਕਅਪ ਕੀਤਾ ਗਿਆ ਸੀ ਪਰ ਕੀ ਉਨ੍ਹਾਂ ਦੇ ਕੋਰੋਨਾ ਟੈਸਟ ਕਰਾਏ ਗਏ ਸਨ। ਜਵਾਬ ਹੈ ਨਹੀਂ ਤਾਂ ਕੀ ਸਰਕਾਰਾਂ ਦੇ ਪੁੱਛਣ ਵਿਚ ਗ਼ਲਤੀ ਹੋਈ, ਦਸਣ ਵਿਚ ਜਾਂ ਸਮਝਣ ਵਿਚ।

ਹੁਣ ਵੀ ਵਿਦੇਸ਼ਾਂ ਵਿਚੋਂ ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ। ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਰਾਜਾਂ ਵਿਚ ਭੇਜਿਆ ਜਾ ਰਿਹਾ ਹੈ। ਇਸ ਲਈ ਇਕ ਨਿਰਧਾਰਤ ਕਾਰਜ ਵਿਧੀ ਅਪਣਾਈ ਜਾ ਰਹੀ ਹੈ। ਕੀ ਸ਼ਰਧਾਲੂਆਂ ਨੂੰ ਲਿਆਉਣ ਵੇਲੇ ਇਸ ਦਾ ਪਾਲਣ ਨਹੀਂ ਕੀਤਾ ਗਿਆ? ਬੱਸਾਂ ਦੇ ਪੰਜਾਬ ਅੰਦਰ ਆਉਣ ਤੋਂ ਬਾਅਦ ਉਨ੍ਹਾਂ ਨਾਲ ਫੋਟੋ ਖਿਚਵਾਈਆਂ ਗਈਆਂ। ਅਧਿਕਾਰੀਆਂ ਨੇ ਜ਼ਿਲ੍ਹਿਆਂ ਵਿਚ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਬਿਨਾਂ ਟੈਸਟ ਕਿਤੇ ਘਰ ਜਾਣ ਲਈ ਕਹਿ ਦਿੱਤਾ। ਜਦੋਂ ਤਰਨਤਾਰਨ ਦੇ ਪੰਜ ਸ਼ਰਧਾਲੂਆਂ ਦਾ ਟੈਸਟ ਪਾਜ਼ੇਟਿਵ ਆਇਆ ਤਾਂ ਭਾਜੜਾਂ ਪੈ ਗਈਆਂ। ਸਭ ਨੂੰ ਵਾਪਸ ਬੁਲਾਇਆ ਗਿਆ, ਟੈਸਟ ਕੀਤੇ ਗਏ, ਅਲੈਹਦਗੀ ਵਾਲੇ ਕੇਂਦਰਾਂ ਵਿਚ ਭੇਜ ਦਿੱਤਾ ਗਿਆ। ਉਨ੍ਹਾਂ ਕੇਂਦਰਾਂ ਦੀਆਂ ਸਹੂਲਤਾਂ ਦੀ ਪੋਲ ਵੀ ਜਲਦੀ ਹੀ ਖੁੱਲ੍ਹ ਗਈ।

ਇਕ ਰਾਜਨੇਤਾ ਨੇ ਕਟਾਖ ਭਰਿਆ ਟਵੀਟ ਕੀਤਾ ਤਾਂ ਇਹ ਮਾਨਸਿਕਤਾ ਜ਼ਾਹਿਰ ਹੋ ਗਈ ਕਿ ਸ਼ਰਧਾਲੂਆਂ ਨੂੰ ਪੰਜਾਬ ਵਿਚ ਕੋਰੋਨਾ ਫੈਲਾਉਣ ਦਾ ਕਸੂਰਵਾਰ ਠਹਿਰਾਇਆ ਜਾ ਰਿਹਾ ਹੈ। ਇਕ ਗੱਲ ਸਭ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਕੋਰੋਨਾ ਵਾਇਰਸ ਪੂਰੀ ਮਨੁੱਖ ਜਾਤੀ ਦਾ ਦੁਸ਼ਮਣ ਹੈ। ਇਸ ਦਾ ਸਾਹਮਣਾ ਸਾਰਿਆਂ ਨੂੰ ਰਲ ਕੇ ਹੀ ਕਰਨਾ ਪਵੇਗਾ। ਇਹ ਕਦੀ ਤੁਹਾਨੂੰ, ਕਦੀ ਮੈਨੂੰ ਤੇ ਕਦੀ ਮੇਰੇ ਜਾਨਣ ਵਾਲਿਆਂ ਨੂੰ ਆਪਣੀ ਪਕੜ ਵਿਚ ਲੈ ਲਏਗਾ। ਉਸ ਵੇਲੇ ਜ਼ਰੂਰਤ ਹੋਵੇਗੀ ਇਸ ਦਾ ਇਲਾਜ ਕਰਨ ਦੀ, ਮਰੀਜ਼ ਨਾਲ ਹਮਦਰਦੀ ਕਰਨ ਦੀ ਅਤੇ ਸਮਾਜ ਵਿਚ ਇਕ ਹੋ ਕੇ ਰਹਿਣ ਦੀ।

ਸਿੱਖ ਇਸ ਵੇਲੇ ਦੁਨੀਆ ਦੇ ਤਕਰੀਬਨ ਹਰ ਕੋਨੇ ਵਿਚ ਵਸੇ ਹੋਏ ਹਨ। ਜਿੱਥੇ ਵੀ ਹਨ, ਇਸ ਮਹਾਮਾਰੀ ਦੇ ਸਮੇਂ ਵਿਚ ਭੁਖਿਆ ਲਈ ਲੰਗਰ, ਪਿਆਸਿਆ ਲਈ ਪਾਣੀ, ਬੀਮਾਰਾਂ ਲਈ ਦਵਾਈ ਦਾ ਪ੍ਰਬੰਧ ਕਰਦੇ ਹਨ। ਅੰਤਰਰਾਸ਼ਟਰੀ ਪੱਧਰ ’ਤੇ ਵੀ ਸਿੱਖਾਂ ਦੇ ਇਸ ਯੋਗਦਾਨ ਦੀ ਤਾਰੀਫ ਹੋ ਰਹੀ ਹੈ। ਅਜੇ ਵੀ ਦਸ ਹਜ਼ਾਰ ਦੇ ਕਰੀਬ ਪੰਜਾਬੀ ਬਾਹਰਲੇ ਰਾਜਾਂ ਵਿਚ ਫਸੇ ਹੋਏ ਹਨ। 30 ਹਜ਼ਾਰ ਤੋਂ ਵੱਧ ਵਿਦੇਸ਼ਾਂ ਵਿਚੋਂ ਵਾਪਿਸ ਆਉਣਾ ਚਾਹੁੰਦੇ ਹਨ। ਅੱਜ ਲੋੜ ਹੈ ਆਪਣੇ ਸਿਹਤ ਤੰਤਰ ਨੂੰ ਮਜ਼ਬੂਤ ਬਣਾਉਣ ਦੀ ਅਤੇ ਇਕ ਮਜ਼ਬੂਤ ਕਾਰਜ-ਵਿਧੀ ਤਿਆਰ ਕਰਨ ਦੀ ਤਾਂ ਕਿ ਇਸ ਤੋਂ ਬਾਅਦ ਆਉਣ ਵਾਲੇ ਕਿਸੇ ਵੀ ਪੰਜਾਬੀ ਨੂੰ ਤਕਲੀਫ਼ ਦਾ ਸਾਹਮਣਾ ਨਾ ਕਰਨਾ ਪਵੇ। 

ਡਾਕਟਰ ਅਰਵਿੰਦਰ ਸਿੰਘ ਨਾਗਪਾਲ
9815177324


rajwinder kaur

Content Editor

Related News