ਅੰਮ੍ਰਿਤਸਰ : ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਆਈ ਰਿਪੋਰਟ, ਡਾਕਟਰਾਂ ਨੇ ਲਿਆ ਸੁੱਖ ਦਾ ਸਾਹ

Wednesday, Mar 11, 2020 - 06:49 PM (IST)

ਅੰਮ੍ਰਿਤਸਰ : ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਆਈ ਰਿਪੋਰਟ, ਡਾਕਟਰਾਂ ਨੇ ਲਿਆ ਸੁੱਖ ਦਾ ਸਾਹ

ਅੰਮ੍ਰਿਤਸਰ (ਦਲਜੀਤ) : ਪੰਜਾਬ 'ਚ ਕੋਰੋਨਾ ਵਾਇਰਸ ਦਾ ਇਕ ਪਾਜ਼ੇਟਿਵ ਮਰੀਜ਼ ਮਿਲਣ ਤੋਂ ਬਾਅਦ ਆਸਟਰੇਲੀਆ ਤੋਂ ਆਏ ਪਤੀ-ਪਤਨੀ ਸਮੇਤ ਦੁਬਈ ਤੋਂ ਆਏ 4 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਸਥਿਤ ਸਵਾਈਨ ਫਲੂ ਇਨਫਲੂਏਂਜਾ ਲੈਬ ਦੀ ਰਿਪੋਰਟ ਤੋਂ ਇਹ ਖੁਲਾਸਾ ਹੋਇਆ ਹੈ। ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਕਾਲਜ ਪ੍ਰਸ਼ਾਸਨ ਅਤੇ ਸਰਕਾਰ ਨੇ ਸੁੱਖ ਦਾ ਸਾਹ ਲਿਆ ਹੈ। ਉਕਤ ਲੋਕਾਂ 'ਚ ਕੋਰੋਨਾ ਵਾਇਰਸ ਨਾ ਹੋਣ ਕਾਰਣ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਤੋਂ ਛੁੱਟੀ ਵੀ ਦੇ ਦਿੱਤੀ ਗਈ ਹੈ। ਪੰਜਾਬ 'ਚ ਪਹਿਲੀ ਵਾਰ ਇਨਫਲੂਏਂਜਾ ਲੈਬ 'ਚ ਕੋਰੋਨਾ ਵਾਇਰਸ ਦੀ ਜਾਂਚ ਲਈ ਹੋਏ ਟੈਸਟ ਨੂੰ ਵੱਡੀ ਉਪਲੱਬਧੀ ਮੰਨਿਆ ਜਾ ਰਿਹਾ ਹੈ।

PunjabKesari

ਜਾਣਕਾਰੀ ਅਨੁਸਾਰ 5 ਦਿਨ ਪਹਿਲਾਂ ਆਸਟਰੇਲੀਅਨ ਪਤੀ-ਪਤਨੀ ਨੂੰ ਅੰਮ੍ਰਿਤਸਰ ਦੇ ਇਕ ਹੋਟਲ ਤੋਂ ਅਤੇ ਦੁਬਈ ਤੋਂ ਆਏ 2 ਭਾਰਤੀਆਂ ਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਸਕਰੀਨਿੰਗ ਦੌਰਾਨ ਖੰਘ-ਜ਼ੁਕਾਮ ਦੀ ਸ਼ਿਕਾਇਤ ਹੋਣ 'ਤੇ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਕਰਵਾਇਆ ਗਿਆ ਸੀ। ਚਾਰਾਂ ਮਰੀਜ਼ਾਂ ਦੇ ਖੂਨ ਅਤੇ ਗਲ਼ੇ 'ਚੋਂ ਥਰੋਡ ਸਵੈਬ ਲੈ ਕੇ ਮੈਡੀਕਲ ਕਾਲਜ ਸਥਿਤ ਇਨਫਲੂਏਂਜਾ ਲੈਬ 'ਚ ਰੀਅਲ ਟਾਈਮ ਪੀ. ਸੀ. ਆਰ. ਮਸ਼ੀਨ ਨਾਲ ਜਾਂਚ ਕੀਤੀ ਗਈ। ਸੋਮਵਾਰ ਅਤੇ ਮੰਗਲਵਾਰ ਨੂੰ 2 ਚਰਨਾਂ 'ਚ ਹੋਈ ਜਾਂਚ ਦੀ ਰਿਪੋਰਟ ਦੇਰ ਸ਼ਾਮ ਆਈ, ਜਿਸ ਵਿਚ ਇਨ੍ਹਾਂ ਨੂੰ ਨੈਗੇਟਿਵ ਦੱਸਿਆ ਗਿਆ ਹੈ। ਹਸਪਤਾਲ ਪ੍ਰਸ਼ਾਸਨ ਨੇ ਚਾਰਾਂ ਨੂੰ ਛੁੱਟੀ ਦੇ ਦਿੱਤੀ ਹੈ।

PunjabKesari

ਦੱਸਣਯੋਗ ਹੈ ਕਿ ਗੁਰੂ ਨਾਨਕ ਦੇਵ ਹਸਪਤਾਲ ਸਥਿਤ ਆਈਸੋਲੇਸ਼ਨ ਵਾਰਡ 'ਚ ਕੋਰੋਨਾ ਵਾਇਰਸ ਦਾ ਪਾਜ਼ੇਟਿਵ ਹੁਸ਼ਿਆਰਪੁਰ ਵਾਸੀ 47 ਸਾਲਾ ਵਿਅਕਤੀ ਦਾਖਲ ਹੈ, ਜੋ ਆਪਣੇ ਪੁੱਤਰ ਨਾਲ ਬੀਤੇ ਹਫ਼ਤੇ ਇਟਲੀ ਤੋਂ ਅੰਮ੍ਰਿਤਸਰ ਪਹੁੰਚਿਆ ਸੀ। ਪਿਉ-ਪੁੱਤ ਨੂੰ ਏਅਰਪੋਰਟ ਤੋਂ ਆਈਸੋਲੇਸ਼ਨ ਵਾਰਡ 'ਚ ਦਾਖਲ ਕਰਵਾਇਆ ਗਿਆ ਸੀ। ਇਨ੍ਹਾਂ ਦੇ ਸੈਂਪਲ ਜਾਂਚ ਲਈ ਏਮਸ ਦਿੱਲੀ ਭੇਜੇ ਗਏ, ਜਿਥੇ ਦੋਵਾਂ ਨੂੰ ਕੋਰੋਨਾ ਇਨਫੈਕਸ਼ਨ ਦੀ ਪੁਸ਼ਟੀ ਹੋਈ। ਹਾਲਾਂਕਿ ਪੰਜਾਬ ਸਰਕਾਰ ਨੇ ਦੋਵਾਂ ਦੇ ਸੈਂਪਲ ਜਾਂਚ ਲਈ ਪੁਣੇ ਲੈਬ ਭੇਜੇ, ਜਿਥੇ ਪਿਤਾ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਹੋਈ, ਜਦੋਂ ਕਿ ਪੁੱਤਰ ਦੀ ਰਿਪੋਰਟ ਨੈਗੇਟਿਵ ਆਈ। ਇਸ ਤਰ੍ਹਾਂ ਪੰਜਾਬ 'ਚ ਕੋਰੋਨਾ ਵਾਇਰਸ ਦਾ ਹੁਣ ਇਕ ਪਾਜ਼ੇਟਿਵ ਕੇਸ ਹੈ। ਇਸ ਤੋਂ ਪਹਿਲਾਂ ਵਾਇਰਸ ਦੇ ਮੁੱਢਲੇ ਟੈਸਟ ਲਈ ਸੈਂਪਲ ਦਿੱਲੀ ਦੇ ਏਮਸ ਹਸਪਤਾਲ 'ਚ ਭੇਜੇ ਜਾਂਦੇ ਸਨ ਪਰ ਹੁਣ ਸਰਕਾਰੀ ਮੈਡੀਕਲ ਕਾਲਜ 'ਚ ਲੈਬਾਰਟਰੀ ਚੱਲਣ ਕਾਰਣ ਇਥੇ ਸਾਰੇ ਟੈਸਟ ਕੀਤੇ ਜਾ ਰਹੇ ਹਨ, ਜਦੋਂ ਕਿ ਪੁਸ਼ਟੀ ਲਈ ਸਰਕਾਰੀ ਲੈਬਾਰਟਰੀ ਪੁਣੇ 'ਚ ਵੀ ਟੈਸਟ ਭੇਜ ਕੇ ਉਸ ਦੀ ਰਿਪੋਰਟ ਅਨੁਸਾਰ ਹੀ ਨੈਗੇਟਿਵ-ਪਾਜ਼ੇਟਿਵ ਦਾ ਖੁਲਾਸਾ ਕੀਤਾ ਜਾ ਰਿਹਾ ਹੈ।

PunjabKesari

ਇਧਰ ਛੁੱਟੀ ਦੇ ਦਿਨ ਵੀ ਅਧਿਕਾਰੀ ਵਿਭਾਗੀ ਬੈਠਕਾਂ 'ਚ ਰੁੱਝੇ ਰਹੇ। ਸਿਵਲ ਸਰਜਨ ਦਫ਼ਤਰ 'ਚ ਅਧਿਕਾਰੀਆਂ ਦੀ ਬੈਠਕ 'ਚ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਜਾਗਰੂਕਤਾ ਬੇਹੱਦ ਜ਼ਰੂਰੀ ਹੈ। ਲੋਕ ਭੀੜ ਵਾਲੇ ਇਲਾਕਿਆਂ 'ਚ ਨਾ ਜਾਣ, ਵਾਰ-ਵਾਰ ਸਾਬਣ ਨਾਲ ਹੱਥ ਧੋਣੇ ਵੀ ਅਤਿ ਜ਼ਰੂਰੀ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ 'ਤੇ ਕੋਰੋਨਾ ਵਾਇਰਸ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ    


author

Gurminder Singh

Content Editor

Related News