ਪਟਿਆਲਾ ਜ਼ਿਲੇ ''ਚ ਹੁਣ ਤੱਕ 3876 ਵਿਅਕਤੀ ''ਇਕਾਂਤਵਾਸ'' ''ਚ
Monday, Apr 20, 2020 - 10:40 PM (IST)
ਪਟਿਆਲਾ (ਪਰਮੀਤ) : ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀਂ 'ਕੋਰੋਨਾ' ਜਾਂਚ ਲਈ ਲਏ 15 ਟੈਸਟਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਅੱਜ 19 ਦੇ ਸੈਂਪਲ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਵਿਚ ਰਾਜਪੁਰਾ ਵਾਲੀ 'ਕੋਰੋਨਾ ਪਾਜ਼ੇਟਿਵ' ਔਰਤ ਦੇ ਸੰਪਰਕ ਵਿਚ ਆਏ 11 ਅਤੇ ਬੁੱਕ ਮਾਰਕੀਟ ਦੇ ਸੰਪਰਕ ਵਿਚ ਆਏ 6 ਹੋਰ ਵਿਅਕਤੀਆਂ ਦੇ ਸੈਂਪਲ ਸ਼ਾਮਲ ਹਨ। ਡਾ. ਮਲਹੋਤਰਾ ਨੇ ਦੱਸਿਆ ਕਿ ਜ਼ਿਲੇ ਵਿਚ ਹਾਈ ਰਿਸਕ ਅਤੇ ਫਲੂ ਵਰਗੇ ਲੱਛਣਾਂ ਵਾਲੇ ਕੇਸਾਂ ਦੀ 'ਕੋਰੋਨਾ' ਸਬੰਧੀ ਪਛਾਣ ਲਈ ਚਾਰ ਟੀਮਾਂ ਵੱਲੋਂ 84 ਵਿਅਕਤੀਆਂ ਦੇ ਸੈਂਪਲ ਲਏ ਗਏ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਅੱਜ ਇਨ੍ਹਾਂ 4 ਟੀਮਾਂ ਵੱਲੋਂ ਸੀ. ਐੱਚ. ਸੀ ਮਾਡਲਟਾਊਨ, ਸੀ. ਐੱਚ. ਸੀ. ਤ੍ਰਿਪੜੀ, ਸਿਵਲ ਹਸਪਤਾਲ ਰਾਜਪੁਰਾ ਅਤੇ ਬਿਸ਼ਨ ਨਗਰ ਏਰੀਏ ਵਿਚ ਰੈਪਿਡ ਟੈਸਟਿੰਗ ਕਿੱਟਾਂ ਰਾਹੀਂ ਟੈਸਟਿੰਗ ਕੀਤੀ ਗਈ ਸੀ। ਜ਼ਿਲੇ ਵਿਚ ਟੈਸਟਾਂ ਦੀ ਗਿਣਤੀ ਵਿਚ ਵਾਧਾ ਕਰਨ ਅਤੇ ਪਾਜ਼ੇਟਿਵ ਕੇਸ ਦੇ ਸੰਪਰਕ ਵਿਚ ਆਏ ਹਾਈ ਰਿਸਕ ਅਤੇ ਸ਼ੱਕੀ ਮਰੀਜ਼ਾਂ ਦੀ ਜਲਦੀ ਜਾਂਚ ਲਈ ਪੰਜਾਬ ਸਰਕਾਰ ਨੇ ਜ਼ਿਲਾ ਸਿਹਤ ਵਿਭਾਗ ਨੂੰ 700 ਰੈਪਿਡ ਟੈਸਟਿੰਗ ਕਿੱਟਾਂ ਭੇਜੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਇਹ ਟੈਸਟਿੰਗ ਜਾਰੀ ਰਹੇਗੀ।
ਡਾ. ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਦੀ ਬੁੱਕ ਮਾਰਕੀਟ ਦੇ ਪਾਜ਼ੇਟਿਵ ਕੇਸ ਤੋਂ ਕਿਤਾਬਾਂ ਖਰੀਦਣ ਵਾਲਿਆਂ ਵਿਚੋਂ 110 ਪਰਿਵਾਰਾਂ ਨੇ ਇਸ ਦੀ ਸੂਚਨਾ ਜ਼ਿਲਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰ 0175-2350550 'ਤੇ ਦਿੱਤੀ ਸੀ, ਜਿਸ ਦੀ ਸੂਚੀ ਦਫਤਰ ਡਿਪਟੀ ਕਮਿਸ਼ਨਰ ਵੱਲੋਂ ਪ੍ਰ੍ਰਾਪਤ ਹੋਣ 'ਤੇ ਇਨ੍ਹਾਂ ਪਰਿਵਾਰਾਂ ਨਾਲ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸੰਪਰਕ ਕਰਕੇ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਸਾਰੇ ਪਰਿਵਾਰਾਂ ਦੇ ਮੈਂਬਰਾਂ ਨੂੰ ਘਰਾਂ ਵਿਚ ਹੀ 'ਇਕਾਂਤਵਾਸ' ਕਰ ਦਿੱਤਾ ਗਿਆ ਹੈ। ਹੁਣ ਤੱਕ ਜ਼ਿਲੇ ਦੇ 3876 ਵਿਅਕਤੀਆਂ ਨੂੰ ਘਰਾਂ ਵਿਚ 'ਇਕਾਂਤਵਾਸ' ਕੀਤਾ ਜਾ ਚੁੱਕਾ ਹੈ ।
ਪੰਜ ਦਿਨਾਂ 'ਚ 85 ਫੀਸਦੀ ਆਬਾਦੀ ਦੀ ਸਕਰੀਨਿੰਗ
ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਪੰਜਵੇਂ ਦਿਨ ਵੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਦੀ ਸਕਰੀਨਿੰਗ ਲਈ ਬਣਾਈਆਂ 237 ਟੀਮਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿਚ ਜਾ ਕੇ 14495 ਘਰਾਂ ਦਾ ਸਰਵੇ ਕਰ ਕੇ 61592 ਲੋਕਾਂ ਦੀ ਜਾਂਚ ਕੀਤੀ ਗਈ ਅਤੇ 5 ਦਿਨਾਂ ਵਿਚ ਪਟਿਆਲਾ ਸ਼ਹਿਰ ਦੀ 85 ਫੀਸਦੀ ਆਬਾਦੀ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ ।