ਹਜ਼ੂਰ ਸਾਹਿਬ ਤੋਂ ਪਰਤੇ ਸਮਰਾਲਾ ਦੇ ਚਾਰ ਸ਼ਰਧਾਲੂ ਕੋਰੋਨਾ ਪਾਜ਼ੇਟਿਵ ਨਿਕਲੇ
Wednesday, Apr 29, 2020 - 08:15 PM (IST)
ਸਮਰਾਲਾ (ਗਰਗ) : ਤਿੰਨ ਦਿਨ ਪਹਿਲਾ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਤੋਂ ਪਰਤੀ ਸੰਗਤ ਵਿਚ ਸ਼ਾਮਲ ਸਮਰਾਲਾ ਇਲਾਕੇ ਦੇ 16 ਸ਼ਰਧਾਲੂਆਂ ਵਿਚੋਂ ਚਾਰ ਵਿਅਕਤੀ ਟੈਸਟ ਤੋਂ ਬਾਅਦ ਕੋਰੋਨਾ ਪਾਜ਼ੇਟਿਵ ਪਾਏ ਜਾਣ 'ਤੇ ਇਲਾਕੇ ਵਿਚ ਹੜਕੰਪ ਮੱਚ ਗਿਆ ਹੈ। ਹੁਣ ਤੱਕ ਗ੍ਰੀਨ ਜ਼ੋਨ ਵਿਚ ਚਲ ਰਹੇ ਸਮਰਾਲਾ ਖੇਤਰ 'ਚ ਵੀ 4 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਇਹ ਇਲਾਕਾ ਵੀ ਖਤਰੇ ਵਿਚ ਆ ਗਿਆ ਹੈ। ਪੰਜਾਬ ਸਰਕਾਰ ਦੀ ਪਹਿਲਕਦਮੀ 'ਤੇ ਨਾਂਦੇੜ ਵਿਖੇ ਫਸੇ ਇਨ੍ਹਾਂ ਸ਼ਰਧਾਲੂਆਂ ਨੂੰ ਪੀ.ਆਰ.ਟੀ.ਸੀ. ਬੱਸਾਂ ਰਾਹੀ 26 ਅਪ੍ਰੈਲ ਨੂੰ ਇਥੇ ਲਿਆਂਦਾ ਗਿਆ ਸੀ ਅਤੇ ਮਾਮੂਲੀ ਜਾਂਚ ਮਗਰੋਂ ਇਨ੍ਹਾਂ ਸਾਰੇ ਸ਼ਰਧਾਲੂਆਂ ਨੂੰ ਉਸੇ ਦਿਨ ਆਪਣੇ-ਆਪਣੇ ਘਰਾਂ ਵਿਚ ਭੇਜ ਦਿੱਤਾ ਗਿਆ ਸੀ। ਅਗਲੇ ਹੀ ਦਿਨ ਸਰਕਾਰ ਵੱਲੋਂ ਵਾਪਸ ਪਰਤੇ ਸ਼ਰਧਾਲੂਆਂ ਕੋਰੋਨਾ ਟੈਸਟ ਕਰਵਾਏ ਜਾਣ ਦੇ ਹੁਕਮਾਂ ਮਗਰੋਂ ਸਮਰਾਲਾ ਖੇਤਰ ਦੇ ਪਿੰਡ ਘੁਲਾਲ ਅਤੇ ਸੇਹ ਨਾਲ ਸਬੰਧਤ ਇਨ੍ਹਾਂ ਸ਼ਰਧਾਲੂਆਂ ਨੂੰ ਸਥਾਨਕ ਪ੍ਰਸ਼ਾਸਨ ਵੱਲੋਂ ਵਰਧਮਾਨ ਹਸਪਤਾਲ ਲਿਜਾਇਆ ਗਿਆ। ਜਿਥੇ ਇਨ੍ਹਾਂ ਦੇ ਲਏ ਗਏ ਟੈਸਟਾਂ ਦੌਰਾਨ ਪਿੰਡ ਘੁਲਾਲ ਦੇ ਤਿੰਨ ਅਤੇ ਪਿੰਡ ਸੇਹ ਦੇ ਇਕ ਸ਼ਰਧਾਲੂ ਦੀ ਰਿਪੋਰਟ ਪਾਜ਼ੇਟਿਵ ਆਉਣ ਦੀ ਅੱਜ ਸਿਹਤ ਵਿਭਾਗ ਵੱਲੋਂ ਪੁਸ਼ਟੀ ਕੀਤੀ ਗਈ ਹੈ। ਪਤਾ ਇਹ ਵੀ ਲੱਗਾ ਹੈ ਕਿ ਇਨ੍ਹਾਂ ਵਿਚੋਂ 7-8 ਸ਼ਰਧਾਲੂਆਂ ਜ਼ਿਨ੍ਹਾਂ ਦੇ ਟੈਸਟ ਪਟਿਆਲਾ ਵਿਖੇ ਭੇਜੇ ਗਏ ਹਨ ਦੀ ਅਜੇ ਰਿਪੋਰਟ ਆਉਣੀ ਬਾਕੀ ਹੈ ਅਤੇ ਉਸ ਦੀ ਉਡੀਕ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਗੁਰਬਤ ਦਾ ਮਾਰਿਆ ਪਰਿਵਾਰ ਕੋਰੋਨਾ ਨਾਲ ਲੜਨ ਤੋਂ ਪਹਿਲਾਂ ਸਮਾਜ ਦੇ ਬਾਈਕਾਟ ਅੱਗੇ ਹਾਰਿਆ
ਅੱਜ ਜਿਵੇਂ ਹੀ ਪਿੰਡ ਘੁਲਾਲ ਦੀ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਅਤੇ ਪਿੰਡ ਸੇਹ ਦੀ ਇਕ ਔਰਤ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਤਾਂ ਪੁਲਸ ਨੇ ਤੁਰੰਤ ਇਹ ਦੋਵੇਂ ਪਿੰਡ ਸੀਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਡੀ.ਐੱਸ.ਪੀ. ਸਮਰਾਲਾ ਹਰਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਹ ਦੋਵੇਂ ਪਿੰਡ ਪੂਰੀ ਤਰ੍ਹਾਂ ਸੀਲ ਕਰਨ ਤੋਂ ਇਲਾਵਾ ਪੁਲਸ ਨੇ ਪਾਜ਼ੇਟਿਵ ਪਾਏ ਗਏ ਇਨ੍ਹਾਂ ਸ਼ਰਧਾਲੂਆਂ ਦੇ ਸੰਪਰਕ ਵਿਚ ਆਏ ਸਾਰੇ ਵਿਅਕਤੀਆਂ ਦੀ ਸੂਚੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਗੁਆਂਢ ''ਚ ਰਹਿੰਦੇ ਮੁੰਡੇ ਨੇ ਕੰਧ ''ਤੇ ਲਿਖੇ ਮਾੜੇ ਸ਼ਬਦ, ਦੁਖੀ ਹੋ ਕੁੜੀ ਨੇ ਚੁੱਕਿਆ ਖੌਫਨਾਕ ਕਦਮ
ਉਧਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਸ਼ਰਧਾਲੂਆਂ ਦੇ ਪਰਿਵਾਰਕ ਮੈਂਬਰਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਵਿੱਚੋਂ ਕੁਝ ਸ਼ਰਧਾਲੂ ਪਿੰਡ ਵਿੱਚ ਵੀ ਘੁੰਮੇ ਸਨ ਅਤੇ ਉਨ੍ਹਾਂ ਦੇ ਸੰਪਰਕ ਵਿਚ ਕਈ ਵਿਅਕਤੀ ਆਏ ਸਨ। ਹੁਣ ਇਨ੍ਹਾਂ ਸਾਰੇ ਸੰਪਰਕ ਵਿਚ ਆਏ ਵਿਅਕਤੀਆਂ ਨੂੰ ਇਕਾਂਤਵਾਸ ਵਿਚ ਰੱਖਣ ਅਤੇ ਉਨ੍ਹਾਂ ਦੇ ਟੈਸਟ ਲਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਸੰਪਰਕ ਵਿਚ ਆਏ ਵਿਅਕਤੀ ਖੁਦ ਸਾਹਮਣੇ ਆਉਣ:ਡੀ.ਐੱਸ.ਪੀ.
ਡੀ.ਐੱਸ.ਪੀ. ਸਮਰਾਲਾ ਹਰਿੰਦਰ ਸਿੰਘ ਮਾਨ ਨੇ ਅੱਜ ਸੀਲ ਕੀਤੇ ਇਨ੍ਹਾਂ ਦੋਵੇਂ ਪਿੰਡਾਂ ਵਿਚ ਅਨਾਊਸਮੈਂਟ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਪਿੰਡ ਪਰਤੇ ਸ਼ਰਧਾਲੂਆਂ ਦੇ ਸੰਪਰਕ ਵਿਚ ਆਏ ਵਿਅਕਤੀ ਪ੍ਰਸ਼ਾਸਨ ਦਾ ਸਹਿਯੋਗ ਕਰਦੇ ਹੋਏ ਖੁਦ ਅੱਗੇ ਆ ਕੇ ਇਸ ਦੀ ਜਾਣਕਾਰੀ ਦੇਣ। ਉਨ੍ਹਾਂ ਕਿਹਾ ਕਿ ਹੁਣ ਤੱਕ ਸੇਫ਼ ਚਲਦੇ ਆ ਰਹੇ ਇਸ ਖੇਤਰ 'ਚ ਖਤਰੇ ਨੂੰ ਹੋਰ ਵੱਧਣ ਤੋਂ ਰੋਕਣ ਲਈ ਬਹੁਤ ਸਾਵਧਾਨੀ ਰੱਖਣੀ ਪਵੇਗੀ।
ਇਹ ਵੀ ਪੜ੍ਹੋ : ਲਾਕ ਡਾਊਨ ''ਚ ਫਸੇ ਲੋਕਾਂ ਨੂੰ ਲੈਣ ਆ ਰਹੀ ਗੱਡੀ ਦੀ ਮੋਟਰਸਾਈਕਲ ਨਾਲ ਟੱਕਰ, ਇਕ ਦੀ ਮੌਤ