ਸ਼ਰਮਨਾਕ : ਕੀਮਤੀ ਜਾਨਾਂ ਬਚਾਉਣ ਵਾਲੇ ਡਾਕਟਰਾਂ ਨੂੰ ਹੁਣ ਸ਼ੱਕੀ ਨਜ਼ਰਾਂ ਨਾਲ ਦੇਖ ਰਹੇ ਹਨ ਲੋਕ

04/14/2020 12:17:07 PM

ਅੰਮ੍ਰਿਤਸਰ (ਦਲਜੀਤ) - ਕੋਰੋਨਾ ਵਾਇਰਸ ਨਾਲ ਲੜ ਰਹੇ ਭਗਵਾਨ ਰੂਪੀ ਡਾਕਟਰਾਂ ਦਾ ਕੁਝ ਲੋਕ ਮਨੋਬਲ ਤੋੜ ਰਹੇ ਹਨ। ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਕੀਮਤੀ ਜਾਨਾਂ ਬਚਾਉਣ ਵਾਲੇ ਡਾਕਟਰ ਨੂੰ ਮਹਾਮਾਰੀ ਦੌਰਾਨ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਿਆ ਜਾ ਰਿਹਾ ਹੈ। ਰਾਣੀ ਦਾ ਬਾਗ ’ਚ ਰਹਿਣ ਵਾਲੀ ਮੈਡੀਕਲ ਕਾਲਜ ਦੇ ਮਾਈਕਰੋ ਬਾਇਓਲਾਜੀ ਵਿਭਾਗ ’ਚ ਤਾਇਨਾਤ ਇਕ ਮਹਿਲਾ ਡਾਕਟਰ ਨੂੰ ਡਿਊਟੀ ਉਪਰ ਜਾਣ ’ਤੇ ਰੋਕਣ ਲਈ ਉਸ ਦੇ ਘਰ ਕੋਲ ਕੁਝ ਲੋਕਾਂ ਵਲੋਂ ਬੈਰੀਕੇਡ ਲਾ ਕੇ ਰਸਤਾ ਬੰਦ ਕਰ ਦਿੱਤਾ ਗਿਆ। ਲੋਕਾਂ ਦੀ ਘਟੀਆ ਮਾਨਸਿਕ ਸੋਚ ਕਾਰਣ ਅੱਜ ਪੰਜਾਬ ਭਰ ਤੋਂ ਆਏ 100 ਲੋਕਾਂ ਦੇ ਕੋਰੋਨਾ ਵਾਇਰਸ ਦੇ ਟੈਸਟ ਨਹੀਂ ਹੋ ਪਾਏ ਹਨ। ਲੋਕਾਂ ਨੇ ਜੇਕਰ ਡਾਕਟਰਾਂ ਸਬੰਧੀ ਆਪਣੀ ਉਕਤ ਵਿਚਾਰਧਾਰਾ ਨੂੰ ਨਹੀਂ ਬਦਲਿਆ ਤਾਂ ਲੋਕਾਂ ਦੀ ਜਾਨ ਬਚਾਉਣ ਲਈ ਇਸ ਮੁਸ਼ਕਲ ਘੜੀ ’ਚ ਫਿਰ ਕੋਈ ਵੀ ਡਾਕਟਰ ਅੱਗੇ ਨਹੀਂ ਆਵੇਗਾ।

ਜਾਣਕਾਰੀ ਅਨੁਸਾਰ ਸਰਕਾਰੀ ਮੈਡੀਕਲ ਕਾਲਜ ਦੇ ਮਾਈਕਰੋ ਬਾਇਓਲਾਜੀ ਵਿਭਾਗ ’ਚ ਤਾਇਨਾਤ ਇਕ ਮਹਿਲਾ ਡਾਕਟਰ ਰਾਣੀ ਦਾ ਬਾਗ ਖੇਤਰ ’ਚ ਰਹਿੰਦੀ ਹੈ। ਇਹ ਮਹਿਲਾ ਡਾਕਟਰ ਇੰਨੀ ਮਿਹਨਤੀ ਹੈ ਕਿ ਆਪਣੀ 1 ਸਾਲ ਦੀ ਬੱਚੀ ਨੂੰ ਘਰ ’ਚ ਛੱਡ ਕੇ ਲੈਬਾਰਟਰੀ ’ਚ ਕੋਰੋਨਾ ਵਾਇਰਸ ਦੇ ਟੈਸਟ ਕਰਨ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਲੈਬਾਰਟਰੀ ’ਚ ਸਟਾਫ ਘੱਟ ਹੋਣ ਕਾਰਣ ਡਾਕਟਰ ਵਰਗ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਅ ਰਿਹਾ ਹੈ। ਮੈਡੀਕਲ ਕਾਲਜ ’ਚ ਜਿੱਥੇ ਕੋਰੋਨਾ ਕਾਰਣ ਬਹੁਤ ਸਾਰਾ ਸਟਾਫ ਆਪਣੀ ਡਿਊਟੀ ਦੇਣ ਤੋਂ ਭੱਜ ਰਿਹਾ ਹੈ, ਉਥੇ ਹੀ ਇਹ ਮਿਹਨਤੀ ਡਾਕਟਰ ਅਤੇ ਕਰਮਚਾਰੀ ਇਸ ਬਿਪਤਾ ਦੀ ਘੜੀ ’ਚ ਕੰਮ ਕਰ ਰਹੇ ਹਨ। ਅੱਜ ਸਵੇਰੇ ਜਦੋਂ ਇਹ ਮਹਿਲਾ ਡਾਕਟਰ ਡਿਊਟੀ ’ਤੇ ਆਉਣ ਲਈ ਘਰ ਤੋਂ ਗੱਡੀ ’ਤੇ ਨਿਕਲੀ ਤਾਂ ਕੁਝ ਲੋਕਾਂ ਨੇ ਇਸ ਦੇ ਘਰ ਕੋਲ ਵੱਡੇ ਪੱਥਰ ਲਾ ਕੇ ਬੈਰੀਕੇਡ ਦੇ ਜ਼ਰੀਏ ਰਸਤਾ ਬੰਦ ਕਰ ਦਿੱਤਾ। ਜਦੋਂ ਡਾਕਟਰ ਨੇ ਲੋਕਾਂ ਨੂੰ ਰਸਤਾ ਖੋਲ੍ਹਣ ਦੀ ਅਪੀਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਫੈਸਲਾ ਕੀਤਾ ਹੈ ਕਿ ਮੁਹੱਲੇ ਤੋਂ ਨਾ ਤਾਂ ਕੋਈ ਬਾਹਰ ਜਾ ਸਕਦਾ ਹੈ ਅਤੇ ਨਾ ਹੀ ਕੋਈ ਅੰਦਰ ਆ ਸਕਦਾ ਹੈ।

ਪੜ੍ਹੋ ਇਹ ਵੀ ਖਬਰ - ਸੁਨਹਿਰੀ ਭਵਿੱਖ ਲਈ ਸਟੱਡੀ ਵੀਜ਼ਿਆਂ ’ਤੇ ਵਿਦੇਸ਼ ਗਏ ਨੌਜਵਾਨਾਂ ਨੂੰ ਪਈ ‘ਕੋਰੋਨਾ ਦੀ ਮਾਰ’ 

ਪੜ੍ਹੋ ਇਹ ਵੀ ਖਬਰ - ਚਰਚਾ ’ਚ ਹੈ ਮੁਹੱਲੇ ’ਚ ਚੱਲ ਰਿਹਾ ਓਪਨ ਟੁਆਇਲੈਟ

ਮਹਿਲਾ ਡਾਕਟਰ ਨੇ ਲੋਕਾਂ ਨੂੰ ਦੱਸਿਆ ਕਿ ਉਹ ਮੈਡੀਕਲ ਕਾਲਜ ’ਚ ਜ਼ਰੂਰੀ ਟੈਸਟ ਕਰਨ ਲਈ ਜਾ ਰਹੀ ਹੈ। ਉਸ ਦਾ ਡਿਊਟੀ ’ਤੇ ਜਾਣਾ ਜ਼ਰੂਰੀ ਹੈ ਪਰ ਲੋਕਾਂ ਨੇ ਉਸ ਦੀ ਕੋਈ ਵੀ ਗੱਲ ਨਹੀਂ ਸੁਣੀ। ਮਹਿਲਾ ਡਾਕਟਰ ਵੱਲੋਂ ਇਸ ਸਬੰਧੀ ਤੁਰੰਤ ਆਪਣੇ ਵਿਭਾਗ ਦੇ ਪ੍ਰੋਫੈਸਰ ਡਾ. ਕੇ. ਡੀ. ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਡਾ. ਕੇ. ਡੀ. ਵਲੋਂ ਕਾਲਜ ਪ੍ਰਸ਼ਾਸਨ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਮਾਮਲਾ ਧਿਆਨ ’ਚ ਲਿਆਂਦਾ ਗਿਆ। ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਕੋਲ ਵੀ ਉਕਤ ਮਾਮਲਾ ਪਹੁੰਚ ਗਿਆ ਹੈ। ਮਹਿਲਾ ਡਾਕਟਰ ਨੇ ਦੱਸਿਆ ਕਿ ਲੋਕਾਂ ਨੂੰ ਡਰ ਹੈ ਕਿ ਕੋਰੋਨਾ ਕਾਰਣ ਉਸ ਦੇ ਜ਼ਰੀਏ ਵਾਇਰਸ ਉਕਤ ਖੇਤਰ ’ਚ ਨਾ ਆ ਜਾਵੇ ਪਰ ਉਹ ਲੋਕਾਂ ਲਈ ਕੰਮ ਕਰ ਰਹੀ ਹੈ। ਜੇਕਰ ਅਜਿਹੀਆਂ ਕੋਈ ਗੱਲਾਂ ਹੋਣਗੀਆਂ ਸਭ ਤੋਂ ਪਹਿਲਾਂ ਉਸ ਦਾ ਪਰਿਵਾਰ ਹੈ, ਬਾਅਦ ’ਚ ਲੋਕ ਆਉਂਦੇ ਹਨ। ਜੇਕਰ ਲੋਕ ਅਜਿਹੀ ਸੋਚ ਰੱਖਣਗੇ ਤਾਂ ਕਿਵੇਂ ਡਾਕਟਰ ਆਪਣਾ ਕੰਮ ਕਰ ਸਕਣਗੇ।

ਪੜ੍ਹੋ ਇਹ ਵੀ ਖਬਰ - ਪੁਲਸ ਹਮਲੇ ਦੀ ਫੇਸਬੁੱਕ ’ਤੇ ਨਫਰਤ ਭਰੇ ਸੰਦੇਸ਼ਾਂ ਰਾਹੀਂ ਭਾਵਨਾਵਾਂ ਭੜਕਾਉਣ ਵਾਲੇ 3 ਗ੍ਰਿਫ਼ਤਾਰ

ਡਿਊਟੀ ਮਗਰੋਂ ਡਾਕਟਰ ਤੇ ਸਟਾਫ ਨੂੰ ਪੂਰੀ ਤਰ੍ਹਾਂ ਕੀਤਾ ਜਾਂਦੈ ਸੈਨੇਟਾਈਜ਼
ਦੂਜੇ ਪਾਸੇ ਡਾ. ਕੇ. ਡੀ. ਨੇ ਕਿਹਾ ਕਿ ਲੋਕਾਂ ਨੂੰ ਅਜਿਹੀ ਸੋਚ ਨਹੀਂ ਰੱਖਣੀ ਚਾਹੀਦੀ। ਅਜਿਹੇ ਮਾਮਲੇ ਸਾਹਮਣੇ ਆਉਣ ’ਤੇ ਡਾਕਟਰਾਂ ਦਾ ਮਨੋਬਲ ਟੁੱਟ ਜਾਵੇਗਾ। ਉਕਤ ਮਹਿਲਾ ਡਾਕਟਰ ਵਰਗੇ ਕਈ ਕਰਮਚਾਰੀ ਮਹਾਮਾਰੀ ਦੌਰਾਨ ਸਰਕਾਰ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰਨਾ ਚਾਹੁੰਦੇ ਹਨ ਪਰ ਅਜਿਹੇ ਲੋਕਾਂ ਦੀ ਮਾਨਸਿਕਤਾ ਕਾਰਣ ਸਟਾਫ ਕੰਮ ਨਹੀਂ ਕਰ ਸਕੇਗਾ। ਉਨ੍ਹਾਂ ਦੱਸਿਆ ਕਿ ਲੈਬਾਰਟਰੀ ’ਚ ਕੋਰੋਨਾ ਸਬੰਧੀ ਟੈਸਟ ਕਰਨ ਲਈ ਡਾਕਟਰ ਅਤੇ ਸਟਾਫ ਵਲੋਂ ਪੀ. ਪੀ. ਈ. ਕਿੱਟ ਪਾਈ ਹੁੰਦੀ ਹੈ। ਕੰਮ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਪੂਰੀ ਤਰ੍ਹਾਂ ਨਾਲ ਨਸ਼ਟ ਕਰ ਦਿੱਤਾ ਜਾਂਦਾ ਹੈ। ਇਸ ਦੇ ਬਾਅਦ ਡਾਕਟਰ ਅਤੇ ਸਟਾਫ ਇਕ ਵੱਖ ਕਮਰੇ ’ਚ ਜਾ ਕੇ ਪੂਰੀ ਤਰ੍ਹਾਂ ਨਾਲ ਸੈਨੇਟਾਈਜ਼ ਹੁੰਦਾ ਹੈ। ਸੈਨੀਟਾਈਜ਼ਰ ਦੇ ਜ਼ਰੀਏ ਸਟਾਫ ਬਿਲਕੁੱਲ ਵਾਇਰਸ ਤੋਂ ਮੁਕਤ ਹੋ ਜਾਂਦਾ ਹੈ। ਲੋਕਾਂ ਨੂੰ ਕੰਮ ਕਰ ਰਹੇ ਡਾਕਟਰਾਂ ਦਾ ਮਨੋਬਲ ਵਧਾਉਣਾ ਚਾਹੀਦਾ ਹੈ ਨਾ ਕਿ ਅਜਿਹੇ ਕੰਮ ਕਰਨੇ ਚਾਹੀਦੇ ਹਨ ਕਿ ਜਿਸ ਨਾਲ ਉਨ੍ਹਾਂ ਦਾ ਮਨੋਬਲ ਟੁੱਟੇ। ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ ਨੇ ਕਿਹਾ ਕਿ ਇਸ ਸਮੇਂ ਡਾਕਟਰ ਦਿਨ-ਰਾਤ ਕੰਮ ਕਰ ਰਹੇ ਹਨ ਲੋਕਾਂ ਨੂੰ ਉਨ੍ਹਾਂ ਦੇ ਕੰਮਾਂ ਦੀ ਸ਼ਾਬਾਸ਼ੀ ਦੇਣੀ ਚਾਹੀਦੀ ਹੈ ਤਾਂਕਿ ਉਹ ਪ੍ਰੇਰਿਤ ਹੋ ਕੇ ਅਤੇ ਲਗਨ ਨਾਲ ਕੰਮ ਕਰਨ।


rajwinder kaur

Content Editor

Related News